
ਭਲੇ ਵੇਲੇ ਨਵੀਂ ਦਿੱਲੀ ਵਿਖੇ ਮਿਲੇ ਨਰਿੰਦਰ ਪਾਲ ਸਿੰਘ, ਪ੍ਰਭਜੋਤ ਕੌਰ, ਕਰਤਾਰ ਸਿੰਘ ਦੁੱਗਲ ਤੇ ਹੋਰ ਬੜੇ ਮਿਲਾਪੜੇ ਲੇਖਕ ਹੋਏ। ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਦੀ ਰੱਬੀ ਜੋੜੀ ਵੀ ਮਹਿਮਾਨਾਂ ਤੇ ਲੇਖਕਾਂ ਦੀ ਬੜੀ ਟਹਿਲ ਸੇਵਾ ਕਰਦੀ । ਉਹਨਾਂ ਦਾ ਵਡੱਪਣ ਸੀ ਕਿ ਕਿਸੇ ਨੂੰ ਵੀ ਆਪਣੇ ਵੱਡੇ ਲੇਖਕ ਤੇ ਚਿੱਤਰਕਾਰ ਹੋਣ ਦਾ ਅਹਿਸਾਸ ਨਹੀਂ ਸੀ ਹੋਣ ਦਿੰਦੇ।
ਹਕੀਕਤ ਇਹ ਹੈ ਕਿ ਸਾਹਿਤਕ ਬਰਾਦਰੀ ‘ਚ ਰਲੇ-ਮਿਲੇ ਸਿਰਜਕ ਹੁੰਦੇ। ‘ਲਿਖਤ ਪਰਵਾਹ’ ਦੀ ਸਥਾਪਤੀ ਦੇ ਨਾਲ ਨਾਲ ਕੁਝ ਲੇਖਕ ਬੜੇ ਮਿਲਾਪੜੇ ਹੋ ਜਾਂਦੇ ਤੇ ਕੁਝ ਅੰਬਾਨੀਆਂ, ਅਡਾਨੀਆਂ ਵਾਂਗ ਪਹੁੰਚ ਤੋਂ ਦੂਰ ਹੋਈ ਜਾਂਦੇ । ਕੁਝ ਰੁੱਖੇ, ਕੁਝ ਮਿੱਸੇ ਹੁੰਦੇ । ਕਈ ਸਾਡੇ ਵਰਗੇ ਹਲਕੇ ਫੁਲਕੇ ਮੀਆਂ ਮਿੱਠੂ ਜਿਹੜੇ ਕਿਸੇ ਜਾਣੂ ਸਿਰਜਕ ਨੂੰ ਵੇਖਦਿਆਂ ਸਾਰ ਪਾਸਾ ਮੋੜ ਨਜ਼ਰੋਂ ਉਹਲੇ ਹੋ ਜਾਂਦੇ…
ਪੱਛਮੀਂ ਮੁਲਕਾਂ ਦੀ ਸੁਣੋ । ਇੱਥੇ ਕੋਰੇ, ਕਰਾਰੇ ਤੇ ਬੜੇ ਅਸੂਲੀ ਗੋਰੇ ‘DINK’ ਡਿੰਕ ਫਲਸਫਾ ਮੰਨਦੇ। DINK ਮਤਲਬ ‘ਡਬਲ ਇਨਕਮ, ਨੋ ਕਿਡਜ’… ਤਾਂ ਹੀ ਉਹ ਕੁੱਤੇ, ਬਿੱਲੀਆਂ ਨੂੰ ਬੇਹੱਦ ਪਿਆਰਦੇ । ਸ਼ਿਸ਼ਟਾਚਾਰ ਵਜੋਂ ਪੜ੍ਹੇ-ਲਿਖੇ ਤੇ ਅਸੂਲਪਸੰਦ ਇਨਾਂ ਲੋਕਾਂ ਦੇ ਜਾਨਵਰ ਵੀ ਬਾਹਲਾ ਖੋਹ-ਖਿਲਾਰਾ ਨਹੀਂ
ਪਾਉਂਦੇ ।
ਪੱਛਮੀ ਮੁਲਕਾਂ ‘ਚ ਸਾਡੀ ਮਹਿਮਾਨ ਨਿਵਾਜੀ ਵਾਲਾ ਨਿਰਛਲ ਜਿਹਾ ਪੇਂਡੂ ਸੱਭਿਆਚਾਰ ਵੀ ਬੜਾ ਘੱਟ ਦਿਸਦਾ ।
ਵੇਖਾ, ਵੇਖੀ ਸਾਡੇ ਭਾਰਤੀ ਲੋਕ ਵੀ ਕੋਰੇ, ਕਰਾਰੇ ਹੋ ਰਹੇ ਐਪਰ ਦਹਾਕਿਆਂ ਤੋਂ ਇੱਥੇ ਵੱਸ ਰਹੇ ਰੱਜੇ, ਪੁੱਜੇ ਸਾਡੇ ਚੰਦ ਕੁ ਲੋਕ ਮਹਿਮਾਨ ਨਿਵਾਜੀ ਵਾਲੇ ਸੱਭਿਆਚਾਰ ਨੂੰ ਨਹੀਂ ਭੁੱਲੇ । ਦੂਜੇ ਬੰਨੇ ਨਵੇਂ ਆਏ ਗਰਾਂਈੰਆਂ ਨੇ ਬੇਗਾਨੇ ਮੁਲਕਾਂ ‘ਚ ਮਾਇਕ ਪੱਖੋਂ ਹਾਲੇ ਸਥਾਪਿਤ ਹੋਣਾ ਹੁੰਦਾ… ਆਪਣੇ ਪੈਰ ਜਮਾਉਣੇ ਹੁੰਦੇ… ਸ਼ਾਇਦ ਤੰਗੀਆਂ, ਤੁਰਛੀਆਂ ਕਾਰਨ ਉਹ ਲੋਕ ਮਹਿਮਾਨ ਨਿਵਾਜੀ ਵਾਲੇ ਬਹੁਤੇ ਝੰਜਟਾਂ ਵਿੱਚ ਨਹੀਂ ਪੈਂਦੇ…
ਹੁਸ਼ਿਆਰਪੁਰੀਏ ਮਾਤਾ ਮਹਿੰਦਰ ਕੌਰ ਅਤੇ ਪਿਤਾ ਸੰਤੋਖ ਸਿੰਘ ਭਮਰਾ ਦੇ ਘਰ ਕੀਨੀਆਂ ਵਿੱਚ ਜੰਮੀ, ਪਲੀ ਸਾਡੀ ਰੱਜੀ- ਪੁੱਜੀ ਕਵਿਤਰੀ ਦਵਿੰਦਰ ਬਾਂਸਲ ਹੁਰਾਂ ਦੀ ਸੁਣੋ… ਤਿੰਨ, ਚਾਰ ਮਹਾਦੀਪਾਂ ਨੂੰ ਵੇਖਦੇ, ਵਾਚਦੇ ਅੱਜ ਕੱਲ ਕੈਨੇਡਾ ‘ਚ ਟੋਰਾਂਟੋ ਨਜਦੀਕ ਸਕਾਰਬਰੋ ਸ਼ਹਿਰ ਵਾਲੇ ਆਲੀਸ਼ਾਨ ਬੰਗਲੇ ‘ਚ ਰਹਿ ਰਹੀ। ਘਰ ਦੇ ਕੋਨੇ, ਕੋਨੇ ‘ਚ ਪੱਛਮੀ ਤੇ ਪੰਜ ਆਬੀ ਸੱਭਿਆਚਾਰ ਦੇ ਰੰਗੀਨ ਸੁਮੇਲ ਵਾਲਾ ਵਾਤਾਵਰਣ ਹੈ। ਉੱਥੇ ਦਸੀ, ਵਿਦੇਸ਼ੀ ਅਨੇਕਾਂ ਕਲਾ ਵਸਤਾਂ ਦੇ ਭੰਡਾਰ ਵਿਖਾਈ ਦਿੰਦੇ।
ਬੜੀ ਨਵੀਂ, ਨਿਵੇਕਲੀ ਹੈ ਕਵਿਤਰੀ ਬਾਂਸਲ ਦੀ ਕਵਿਤਾ… ਸਮੂਹਕ ਨਾਰੀ ਕਵਿਤਾ ਦੀ ਉਡਾਰੀ ਨਾਲੋਂ ਵੱਖਰੀਆਂ ਦਿਸ਼ਾਵਾਂ ਵੱਲ ਲਿਜਾਂਦੀ … ਇਹ ਕਵਿਤਾ ਰੋਣ-ਧੋਣ, ਹਉਕੇ- ਹਾੜੇ ਤੇ ਹੇਰਵਿਆਂ ਨਾਲ ਸਬੰਧ ਨਹੀਂ ਰੱਖਦੀ। ਇਹ ਭਰੇ ਭਰੁੱਚੇ ਜੀਣ-ਥੀਂਣ ਨਾਲ ਜੁੜੇ ਚੋਣਵੇਂ ਵਰਤਾਰਿਆਂ ਨੂੰ ਕਾਵਿਕ ਸ਼ੈਲੀ ਵਿੱਚ ਬੜੀਆਂ ਕਲਾਤਮਕ ਛੋਹਾਂ ਨਾਲ ਪੇਸ਼ ਕਰਦੀ।
ਤਿੰਨ ਵਾਰੀ ਛਪ ਚੁਕੀ ‘ਮੇਰੀਆਂ ਝਾਂਜਰਾਂ ਦੀ ਛਨ ਛਨ’, ‘ਜੀਵਨ ਰੁੱਤ ਦੀ ਮਾਲਾ’ ਤੇ
‘ਸਵੈ ਦੀ ਪਰਿਕਰਮਾ’ ਸਾਡੀ ਕਵਿਤਰੀ ਦਵਿੰਦਰ ਬਾਂਸਲ ਦੀਆਂ ਤਿੰਨ ਜ਼ਿਕਰਯੋਗ ਤੇ ਚਰਚਿਤ ਕਾਵਿ ਪੁਸਤਕਾਂ ਨੇ…
ਵੇਲੇ, ਵੇਲੇ ਵੱਡੇ ਕਵੀ ਤੇ ਬੁੱਧੀਜੀਵੀ ਇਸ ਕਵਿਤਾ ਦੀ ਬੜੀ ਸਿਫਤ ਸਲਾਹੁਤ ਕਰਦੇ ਆ ਰਹੇ। ਸਾਹਿਤ ਅਤੇ ਸਮਾਜ ਦੀ ਸੇਵਾ ਬਦਲੇ ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਣ, ਸਨਮਾਨ ਹਾਸਲ ਕਰ ਚੁਕੀ।
ਕੈਨੇਡਾ ‘ਚ ਉਹਨਾਂ ਨਾਲ ਹੋਈ ਲੰਮੀ ਗੱਲਬਾਤ ਦੇ ਕੁਝ ਅੰਸ਼ ਵੀ ਇੱਥੇ ਪੇਸ਼ ਹਨ :
?. ਤੁਹਾਡੇ ਗਿਰਦ ਪੂਰਨਮਾਸੀ ਵਾਲਾ ਚਾਨਣ ਮਾਪਿਆਂ ਦੀ ਤੇਲ-ਬੱਤੀ ਦਾ ਚਮਤਕਾਰ ਹੋਣਾ ?
ਮਾਤਾ ਮਹਿੰਦਰ ਕੌਰ ਪਲਾਹਾ ਬੜੀ ਸੱਚੀ ਤੇ ਸੁੱਚੀ ਔਰਤ ਸੀ । ਸਾਫ ਕੀਤੇ ਉਸਦੇ ਫਰਸ਼ ਉੱਤੇ ਰੋਟੀ ਖਾਧੀ ਜਾ ਸਕਦੀ ਸੀ…
ਸਵਰਗੀ ਪਿਤਾ ਸ਼੍ਰੀ ਸੰਤੋਖ ਸਿੰਘ ਠੇਕੇਦਾਰ ਕਵੀ ਦਰਬਾਰ ਸੁਣਦੇ ਤੇ ਬਿਨਾਂ ਨਾਗਾ ਗੁਰਦੁਆਰੇ ਕੀਰਤਨ ਕਰਦੇ।
ਉਨਾਂ ਦੇ ਗ੍ਰਾਮੋਫੋਨ ਨੂੰ ਚਾਬੀ ਦਿੰਦਿਆਂ ਗੀਤ, ਸੰਗੀਤ ਨਾਲ ਜੁੜਨ ਤੇ ਕਵਿਤਾ ਲਿਖਣ ਵਰਗੇ ਸ਼ੌਂਕ ਪੈਦਾ ਹੋਏ ।
?. ਭੂਤ, ਵਰਤਮਾਨ ਜਾਂ ਭਵਿੱਖ… ਕਿਹੜੇ ਕਾਲ ਦੀ ਕਵਿਤਾ ਤੁਹਾਡੇ ਨਾਲ ਜੁੜਦੀ
ਹੈ ?
ਮੇਰੀ ਕਵਿਤਾ ਹੋਏ, ਬੀਤੇ ਤੇ ਵਰਤਮਾਨੀ ਵਰਤਾਰਿਆਂ ਨਾਲ ਜੁੜੀ ਰਹਿੰਦੀ। ਕਦੀ, ਕਦੀ ਇਹ ਭਵਿੱਖ ਦੀਆਂ ਅਣਕਿਆਸੀਆਂ ਹੋਣੀਆਂ ਵੀ ਸਾਂਭਦੀ, ਸਮੇਟਦੀ।
?. ਜੀਣ-ਥੀਣ ਦੀ ਕੋਈ ਸਿੱਧੀ, ਸਾਦੀ ਜੁਗਤ ?
ਜਾਂ ਮਾਰੇ ਜੂਠ, ਜਾਂ ਮਾਰੇ ਝੂਠ… ਬੰਦਾ ਕਦੀ ਆਪ ਨਹੀਂ ਜੇ ਮਰਦਾ।
?. ਅਜੋਕੀ ਦੁਨੀਆ ਵਿੱਚ ਬੰਦਾ ਜਿਵੇਂ ਵਿਚਰ ਰਿਹਾ, ਤੁਸੀਂ ਉਸ ਨਾਲ ਸਹਿਮਤ ਹੋ ?
ਮੈਂ ਸਾਰੀ ਉਮਰ ਆਪਣੇ ਆਪ ਨੂੰ ਪਸੰਦੀਦਾ ਕੰਮ-ਕਾਜ ‘ਚ ਮਸਰੂਫ ਰੱਖਿਆ। ਲੋਕ ਕਹਿੰਦੇ ਕਿ ਖੂਨ ਸਫੇਦ ਹੋ ਗਏ ਪਰ ਜਿਹੜੇ ਤਨਖਾਹ ਦਿੰਦੇ… ਸਿਰ ਕੱਜਣ ਲਈ ਛੱਤ, ਛੱਤਰੀਆਂ ਦਿੰਦੇ… ਉਹਨਾਂ ਨੂੰ ਕੰਮ ਵੀ ਚਾਹੀਦਾ, ਚੰਮ ਨਹੀਂ। ਮੁੰਡਾ ਹੋਵੇ ਜਾਂ ਕੁੜੀ, ਉਹਨਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਘਰ ਦੇ ਤੇ ਬਾਹਰਲੇ ਕੰਮਾਂ ‘ਚ ਹੱਥ ਵਟਾਉਣਾ ਚਾਹੀਦਾ।
?. ਕੀ ਅਜੋਕੀ ਮਾਨਵ ਜਾਤੀ ਸੰਤੁਸ਼ਟ ਹੈ ?
ਨਹੀਂ… ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਪੱਖੋਂ ਬੜੇ ਗੁੰਝਲਦਾਰ ਵਰਤਾਰੇ ਹੋ ਰਹੇ। ਸਾਦਗੀ ਵੇਲੇ ਦੀ ਲੋੜ ਹੈ…
?. ਕੋਈ ਖਾਹਿਸ਼ ਬਾਕੀ ?
ਮੌਜ ਹੈ। ਬੜੀ ਸੰਤੁਸ਼ਟ ਹਾਂ। ਜ਼ਿੰਦਗੀ ‘ਚ ਬੜੀ ਮਿਹਨਤ ਕੀਤੀ ਤੇ ਉੱਚਾ ਮੁਕਾਮ ਹਾਸਲ ਕੀਤਾ ਹੈ। ਮੈਂ ਧਾਰਮਿਕ ਨਹੀਂ। ਪੂਜਾ-ਪਾਠ ਵੀ ਨਹੀਂ ਕਰਦੀ। ਸਾਧੂ, ਸੰਤਾਂ ਵਿੱਚ ਮੇਰਾ ਕੋਈ ਵਿਸ਼ਵਸ਼ ਨਹੀਂ ਪਰ ਹਾਂ
ਕੋਈ ਸੁਪਰੀਮ ਪਾਵਰ ਹੈ ਜੋ ਸਗਲ ਜਗਤ ਨੂੰ ਤੋਰੀ ਜਾ ਰਹੀ…ਗਰਕਣ ਤੋਂ ਬਚਾ ਰਹੀ। ਉੱਤਮ ਪੁਰਖ ਵਿੱਚ ਬਹੁਤ ਕੁਝ ਲਿਖ, ਪੜ੍ਹ ਲਿਆ। ਇੱਕ ਨਾਵਲ ਲਿਖਣ ਦੀ ਖਾਹਿਸ਼ ਅਜੇ ਬਾਕੀ ਹੈ…
?. ਨਵੇਂ ਕਵੀਆਂ ਲਈ ਕੋਈ ਸੁੱਖ-ਸੁਨੇਹਾ…
ਫੇਸਬੁਕ ਤੇ ਹੋਰ ਥਾਵਾਂ ‘ਤੇ ਮੇਰੇ ਵਡੇਰੀ ਉਮਰ ਦੇ ਮਿੱਤਰ ਵੀ ਨੇ। ਅਸੀਂ ਲੋਕ ਇੱਕ, ਦੂਜੇ ਦੀ ਰਚਨਾ ਸੁਣਦੇ, ਮਾਣਦੇ ਤੇ ਸਤਿਕਾਰਦੇ ਹਾਂ । ਉਮਦਾ ਰਚਨਾ ਦੀ ਸਿਰਜਣਾ ਲਈ ਸਾਨੂੰ ਸਾਹਿਤਕ ਮਸ਼ਵਰੇ ਲੈਂਦੇ ਤੇ ਦਿੰਦੇ ਰਹਿਣਾ ਚਾਹੀਦਾ। ਸਾਹਿਤਕ ਮਸ਼ਵਰੇ ਲੇਖਕ ਤੇ ਰਚਨਾ ਦੀ ਉਮਰ ਵਧਾਉਂਦੇ।
?. ਸੱਤਰਿਆ, ਬਹੱਤਰਿਆ ਬੰਦਾ ਆਪਣਾ ਅੱਗਾ ਸਵਾਰਨ ਦੀਆਂ ਸਕੀਮਾਂ ਬਣਾਉਣ ਲੱਗ ਪੈਂਦਾ। ਮੌਤ ਕੋਲੋਂ ਡਰਦਾ ਉਹ ਫੇਸਬੁਕ ਤੇ ਇੰਸਟਾਗਰਾਮ ਉੱਤੇ ਗੰਢਤੁਰੁਪ ਕਰਦਾ ਤਰਸ ਦਾ ਪਾਤਰ ਬਣਿਆ ਫਿਰਦਾ।
ਤੁਸੀਂ ਵੀ ਆਪਣੀ ਜੀਵਨ ਯਾਤਰਾ ਨੂੰ ਅੰਤਮ ਛੋਹਾਂ ਦੇਣ ਤੇ ਸਫਲ ਦਰਸਾਉਣ ਲਈ ਕੁਝ ਸੋਚਿਆ ਤੇ ਉਲੀਕਿਆ ਹੋਣਾ ?
ਜਿਉਣਾ ਝੂਠ ਤੇ ਮਰਨਾ ਸੱਚ ਹੁੰਦਾ। ਅੱਗਾ ਸਵਾਰਨ ਲਈ ਮੈਂ ਕੋਈ ਗੰਢਤੁਰੁਪ ਨਹੀਂ ਕਰ ਰਹੀ।
?. ਮੌਤ, ਹੋਰਨਾ ਵਾਂਗ ਕਦੀ ਕਦਾਈਂ ਤੁਹਾਨੂੰ ਵੀ ਡਰਾਉਂਦੀ ਹੋਣੀ ?
ਮੈਂ ਨਹੀਂ, ਮੇਰੀਆਂ ਭੈਣਾਂ ਮੌਤ ਤੋਂ ਬਹੁਤ ਡਰਦੀਆਂ। ਮੈਂ ਮੌਤ ਉਪਰੰਤ ਆਪਣਾ ਸਰੀਰ ਦਾਨ ਕੀਤਾ ਹੋਇਆ। ਮਰਨ ਉਪਰੰਤ ਆਪਣੇ ਪਤੀ ਪਰਮੇਸ਼ਵਰ ਕੈਜ ਸਿੰਘ ਨੂੰ ਹਰੇਕ ਵਰਤਾਰੇ ਲਈ ਖੁਲ੍ਹ ਦਿੱਤੀ ਹੋਈ। ਮਰਨ ਤੋਂ ਪਹਿਲਾਂ ਆਪਣੇ ਭੋਗ ਦਾ ਪਾਠ ਵੀ ਮੈਂ ਖੁਦ ਸਮੇਟ ਜਾਣਾ…
ਹਰਦੇਵ ਚੌਹਾਨ (ਟੋਰਾਂਟੋ, ਕੈਨੇਡਾ)
☎️ +91 7009857708