ਪ੍ਰਸਿੱਧ ਸੰਗੀਤਕਾਰ ਪੇਅਰ ਮੋਂਤੀਓ ਕਾਫੀ ਰਾਤ ਗਏ ਕਿਸੇ ਸ਼ਹਿਰ ਵਿੱਚ ਆਪਣੀ ਪਤਨੀ ਨਾਲ ਇੱਕ ਹੋਟਲ ਵਿੱਚ ਕਮਰਾ ਲੈਣ ਗਿਆ। ਕਾਊਂਟਰ ਤੇ ਖਲੋਤੀ ਰਿਸੈਪਸ਼ਨਿਸਟ ਨੇ ਕਿਹਾ ਕਿ ਕੋਈ ਕਮਰਾ ਖਾਲੀ ਨਹੀਂ ਹੈ।
ਮੋਂਤੀਓ ਨੇ ਮਜਬੂਰੀ ਦੇ ਲਹਿਜ਼ੇ ਵਿੱਚ ਫਿਰ ਕਿਹਾ, “ਰਾਤ ਕਾਫੀ ਹੋ ਗਈ ਹੈ ਤੇ ਨੇੜੇ ਤੇੜੇ ਕੋਈ ਹੋਰ ਹੋਟਲ ਨਹੀਂ ਹੈ। ਮੈਂ ਇਕੱਲਾ ਹੁੰਦਾ ਤਾਂ ਕੋਈ ਗੱਲ ਨਹੀਂ ਸੀ, ਪਰ ਮੇਰੇ ਨਾਲ ਮੇਰੀ ਪਤਨੀ ਹੈ। ਕਿਸੇ ਵੀ ਤਰ੍ਹਾਂ ਕਮਰੇ ਦਾ ਪ੍ਰਬੰਧ ਕਰਨ ਦੀ ਖੇਚਲ ਕਰੋ। ਮੈਂ ਬੜਾ ਧੰਨਵਾਦੀ ਹੋਵਾਂਗਾ।” ਰਿਸੈਪਸ਼ਨਿਸਟ ਨੇ ਬੇਰੁਖੀ ਜਿਹੀ ਨਾਲ ਫੇਰ ਇਨਕਾਰ ਕਰ ਦਿੱਤਾ।
ਮੋਂਤੀਓ ਵਾਪਸ ਜਾਣ ਲਈ ਮੁੜਿਆ ਤਾਂ ਉੱਥੇ ਖਲੋਤੇ ਇੱਕ ਆਦਮੀ ਨੇ ਰਿਸੈਪਸ਼ਨਿਸਟ ਨੂੰ ਹੌਲੀ ਜਿਹੀ ਕਿਹਾ, “ਕੀ ਤੂੰ ਪਛਾਣਿਆ ਨਹੀਂ? ਇਹ ਪੇਅਰ ਮੋਂਤੀਓ ਹੈ, ਸੰਗੀਤਕਾਰ ਮੋਂਤੀਓ!” “ਅੱਛਾ!” ਰਿਸੈਪਸ਼ਨਿਸਟ ਦੇ ਮੂੰਹੋਂ ਨਿਕਲਿਆ।
ਤਦੇ ਉਹਨੇ ਬੜੇ ਸਤਿਕਾਰ ਨਾਲ ਮੋਂਤੀਓ ਨੂੰ ਕਿਹਾ, “ਮਾਫ਼ ਕਰਨਾ, ਮੈਂ ਤੁਹਾਨੂੰ ਪਛਾਣਿਆ ਨਹੀਂ ਸੀ। ਮੈਂ ਤੁਹਾਨੂੰ ਆਮ ਬੰਦਾ ਹੀ ਸਮਝ ਬੈਠੀ ਸਾਂ। ਤੁਸੀਂ ਬੈਠੋ। ਮੈਂ ਕਿਵੇਂ ਨਾ ਕਿਵੇਂ ਕਮਰੇ ਦਾ ਪ੍ਰਬੰਧ ਕਰਦੀ ਹਾਂ।”
ਪੇਅਰ ਮੋਂਤੀਓ ਦੇ ਚਿਹਰੇ ਤੇ ਕਮਰਾ ਮਿਲਣ ਦੀ ਖ਼ੁਸ਼ੀ ਦੀ ਥਾਂ ਗੰਭੀਰਤਾ ਆ ਗਈ ਤੇ ਉਹਨੇ ਕਿਹਾ, “ਮੈਡਮ, ਹਰ ਕੋਈ ਹੀ ਆਮ ਬੰਦਾ ਹੁੰਦਾ ਹੈ। ਫਿਰ ਉਹਨੇ ਆਪਣੀ ਪਤਨੀ ਦਾ ਹੱਥ ਫੜਿਆ ਤੇ ਹੋਟਲ ਤੋਂ ਬਾਹਰ ਨਿਕਲ ਗਿਆ।

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015
