
ਪੰਛੀਆਂ ਦਾ ਕੁਦਰਤੀ ਮਾਹੌਲ ਵਿਚ ਜੀਣਾ, ਕੁਦਰਤੀ ਖਾਣ-ਪੀਣ ਦੇ ਸਾਧਨਾਂ ਵਿਚ ਰਹਿਣਾ, ਮਨੋਜੰਜਨ ਕਦਰਾਂ-ਕੀਮਤਾਂ ਨੂੰ ਲੱਭਣਾ, ਰੈਣ-ਬਸੇਰੇ ਲਈ ਆਪਣੀ ਜੀਵਨ-ਸ਼ੈਲੀ ਦੇ ਅਨੂਕੂਲ ਸਥਾਨ ਲੱਭਣੇ, ਪੰਛੀਆਂ ਦੇ ਵੀ ਸੁਭਾਅ ਵਿਚ ਸ਼ਾਮਿਲ ਹੁੰਦਾ ਹੈ | ਪੀੜ੍ਹੀ ਦਰ ਪੀੜ੍ਹੀ ਜੀਵਨ ਦੀਆਂ ਕਦਰਾਂ-ਕੀਮਤਾਂ ਪੰਛੀ ਖੁਦ ਭਾਲਦੇ ਹਨ | ਹਰ ਪ੍ਰਾਣੀ ਨੂੰ ਖੂਬਸੂਰਤੀ ਵੇਖਣ ਨਾਲ ਮਨੋਰੰਜਨ, ਸਕੂਨ, ਆਨੰਦ ਅਤੇ ਅਧਿਆਤਮਿਕਤਾ ਸੁਭਾਵਿਕ ਤੌਰ ‘ਤੇ ਹੀ ਪ੍ਰਾਪਤ ਹੋ ਜਾਂਦੀ ਹੈ |
ਹਰ ਸਾਲ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਕੇਸ਼ੋਪੁਰ (ਬਹਿਰਾਮਪੁਰ ਇਲਾਕਾ) ਛੰਭ ਗੁਰਦਾਸਪੁਰ (ਪੰਜਾਬ) ਵਿਖੇ ਹਜ਼ਾਰਾਂ ਹੀ ਪਰਵਾਸੀ ਅਤੇ ਦੇਸੀ ਪੰਛੀ ਮਿਲਕੇ ਇਕ ਭਾਰੀ, ਮੀਲਾਂ ਤਕ ਲੰਬਾ ਕੁਦਰਤੀ ਮੇਲਾ ਹੋਂਦ ਵਿਚ ਲਿਆਉਂਦੇ ਹਨ | ਇਹ ਛੰਭ ਦਾ ਇਲਾਕਾ ਲਗਭਗ 850 ਏਕੜ ਇਲਾਕੇ ਵਿਚ ਫੈਲਿਆ ਹੋਇਆ ਹੈ |
ਪਿੰਡ ਕੇਸ਼ੋਪੁਰ ਛੰਭ ਦੇ ਇਲਾਕੇ ਵੱਲ ਸਰਦੀਆਂ ਦੀ ਸੁੰਦਰ ਰੁੱਤ ਦਾ ਮੰਗਲਾਚਰਣ ‘ਤੇ ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਆਉਂਦੀਆਂ ਹਨ | ਕੇਸ਼ੋਪੁਰ ਕਮਿਊਨਿਟੀ ਰਿਜਰਵ ਵਿਚ ਪਿਛਲੇ ਸਾਲ ਨਾਲੋਂ ਇਸ ਸਾਲ ਪਰਵਾਸੀ ਪੰਛੀਆਂ ਦੀ ਸੰਖਿਆ ਵਿਚ ਪੰਜ ਹਜ਼ਾਰ ਵਧ ਗਈ ਹੈ | ਪਰਵਾਸੀ ਪੰਛੀਆਂ ਦੀ ਸੰਖਿਆ ਵਧ ਕੇ 25302 ਹੋ ਗਈ ਹੈ ਜਦਕਿ ਪਿਛਲੇ ਸਾਲ ਇਸਦੀ ਸੰਖਿਆ 20300 ਸੀ | ਇਸਦਾ ਖੁਲਾਸਾ ਵਾਈਲਡ ਲਾਈਵ ਵਿਭਾਗ ਦੁਆਰਾ ਕਰਾਏ ਗਏ ਸਰਵੇਖਣ 20
21ਵਿਚ ਹੋਇਆ ਹੈ | ਨਵੰਬਰ ਤੋਂ ਅਪ੍ਰੈਲ ਤੱਕ ਕਾਫੀ ਸੰਖਿਆ ਵਿਚ ਪਰਵਾਸੀ ਪੰਛੀ ਸਾਈਬੇਰੀਆ, ਰੂਸ, ਚੀਨ, ਤਿੱਬਤ ਆਦਿ ਤੋਂ ਆਉਂਦੇ ਹਨ | ਸਰਵੇਖਣ ਵਿਚ ਪੰਜਾਬ ਫੋਰੈਸਟ ਐਂਡ ਵਾਈਲਡ ਲਾਈਫ ਪਰੀਜਰਵੇਸ਼ਨ ਵਿਭਾਗ ਏਵੀਅਨ ਹੈਬੀਟੈਂਟ ਐਂਡ ਵੇਅਰਲੈਂਡ ਕੰਜ਼ਰਵੇਸ਼ਨ ਸੁਸਾਇਟੀ ਚੰਡੀਗੜ੍ਹ ਬਰਲਜ਼ ਕਲੱਬ, ਵਰਲਡ ਵਾਈਡ ਫੰਡ ਫਾਰ ਵਾਈਲਡ ਲਾਈਫ, ਨੇਚਰ ਗਾਈਡ ਕਲੱਬ ਐਂਡ ਪੰਜਾਬ ਟੂਰਿਜ਼ਮ ਵਿਭਾਗ ਨੇ ਹਿੱਸਾ ਲਿਆ | ਪੰਛੀਆਂ ਦੀ ਗਣਨਾ ਵਿਚ ਪਰਵਾਸੀ ਪੰਛੀਆਂ ਦੀਆਂ ਪ੍ਰਮੱਖ ਜਾਤੀਆਂ ਵਿਚ ਕਾਮਨ ਟੀਲ , ਗੈਲਵਾੜ , ਨਾਰਦਰਨ ਸ਼ਾਵਰਲਰ 2, ਪਿੰਨਟੇਲ , ਕੂਟਸ ਪਾਏ ਗਏ ਹਨ | ਇਸ ਤੋਂ ਇਲਾਵਾ ਹੋਰ ਪੰਛੀਆਂ ਵਿਚ ਵਲੀਨੇਬਡ ਸਟਾਰਕ, ਪੈਟੇਲ ਸਟਾਰਕ, ਰੈਡ ਨੈਬਡ ਇੰਬਜ਼, ਸਾਰਸ ਕਰੇਨ, ਨਾਰਦਰਨ ਲੈਪ ਬਵਗ ਵੀ ਵੱਡੀ ਮਾਤਰਾ ਵਿਚ ਪਾਏ ਗਏ ਹਨ | ਵੂਲੀ ਨੇਕਸਡ ਸਟਾਰਕ ਵਿਰਲਾ-ਟਾਂਵਾ ਪੰਛੀ ਹੈ ਜਿਸ ਦੀ ਜਨਸੰਖਿਆ ਨਿਰੰਤਰ ਘਟਦੀ ਜਾ ਰਹੀ ਹੈ | ਵਿਭਾਗ ਵਲੋਂ ਜੰਗਲੀ ਜੀਵ ਸੁਰੱਖਿਆ ਦੇ ਹੋਰ ਪ੍ਰੋਜੈਕਟ ਚਲਾਏ ਜਾ ਰਹੇ ਹਨ |
ਇਕ ਅਧਿਕਾਰੀ ਨੇ ਦੱਸਿਆ ਕਿ ਹਰ ਸਾਲ ਪਰਵਾਸੀ ਪੰਛੀਆਂ ਦੀ ਸੰਖਿਆ ਵਧਣ ਦੇ ਕਾਰਨ ਹਨ ਪੰਛੀ ਵਿਹਾਰ ਵਿਚ ਚਲਾਇਆ ਜਾ ਰਿਹਾ ਈਕੋ ਟੂਰਿਜ਼ਮ ਪ੍ਰੋਜੈਕਟ, ਇਸਦੇ ਤਹਿਤ 100 ਏਕੜ ਖੇਤਰ ਵਿਚੋਂ ਬੂਟੀ ਹਟਾਈ ਗਈ ਹੈ ਇਸ ਨਾਲ ਪੰਛੀਆਂ ਦੇ ਲਈ ਪਾਣੀ ਦਾ ਏਰੀਆ ਵਧ ਗਿਆ ਹੈ | ਇਸ ਵਿਚ 8 ਕਿਲੋਮੀਟਰ ਸੜਕ ਬਣਾਈ ਗਈ ਹੈ |
ਕੇਸ਼ੋਪਰ ਛੰਭ ਦਾ ਇਲਾਕਾ ਖੁੱਲ੍ਹੇ ਡੁੱਲ੍ਹੇ ਕੁਦਰਤੀ ਛੱਪੜਾਂ ਵਾਲਾ, ਉਚੀਆਂ, ਦਰਮਿਆਨੀਆਂ ਅਤੇ ਛੋਟੀਆਂ ਜੜ੍ਹੀਆਂ ਬੂਟੀਆਂ, ਤਰ੍ਹਾਂ-ਤਰ੍ਹਾਂ ਦੇ ਘਾਹ ਵਾਲਾ ਸੁੰਦਰ, ਦਿਲਕਸ਼, ਮਨੋਰੰਜਨ ਪਾਰਕ ਕੁਦਰਤੀ ਵੱਸਿਆ ਇਲਾਕਾ ਹੈ | ਕੁਦਰਤੀ ਛੱਪੜਨੁਮਾਂ ਝੀਲਾਂ ਦੀ ਭਰਮਾਰ, ਕੁਦਰਤੀ ਲਘੂ ਜੰਗਲਾਤੀ ਇਲਾਕਾ, ਕੀਟ-ਪਤੰਗਿਆਂ ਦਾ ਰੈਣ-ਬਸੇਰਾ ਅਤੇ ਕਈ ਤਰ੍ਹਾਂ ਦੇ ਜਾਨਵਰ ਵੀ ਇਥੇ ਪਨਾਹ ਲੈਂਦੇ ਹਨ | ਕੁਝ ਪੰਛੀ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤਕ ਪਾਣੀ ਵਿਚ ਹੀ ਤੈਰਦੇ ਰਹਿੰਦੇ ਹਨ | ਵੱਡੇ ਛੱਪੜਾਂ ਦੇ ਕਿਨਾਰਿਆਂ ਉਪਰ ਆ ਕੇ ਆਪਸ ਵਿਚ ਕਲੋਲ ਕਰਦੇ, ਅਠਖੇਲੀਆਂ ਕਰਦੇ, ਮਸਤੀਆਂ ਮਾਰਦੇ, ਵੱਖ-ਵੱਖ ਮਨੋਰੰਜਨ-ਮਨਮੋਹਕ ਆਵਾਜ਼ਾਂ ਕੱਢ ਕੇ ਕੁਦਰਤ ਦੀ ਮਾਂਗ ਵਿਚ ਖੂਬਸੂਰਤੀ ਦਾ ਸਿੰਦੂਰ ਬਿਖੇਰਦੇ | ਤਰ੍ਹਾਂ-ਤਰ੍ਹਾਂ ਦੇ ਪੰਛੀਆਂ ਦੀਆਂ ਆਵਾਜ਼ਾਂ ਦਾ ਮਿਸ਼ਰਣ ਇਕ ਜੰਨਤ ਵਰਗਾ ਨਜ਼ਾਰਾ ਦੇਂਦਾ |
ਗੁਰਦਾਸਪੁਰ ਤੋਂ ਲਗਭਗ ਛੇ ਕਿਲੋਮੀਟਰ ਦੀ ਦੂਰ, ਬਹਿਰਾਮਪੁਰਪੁਰ ਰੋਡ ਦੇ ਨਾਲ ਸਥਿਤ ਅਨੇਕਾਂ ਹੀ ਮੀਲਾਂ ਵਿਚ ਫੈਲਿਆ ਛੰਭ ਦਾ ਇਲਾਕਾ ਵਿਲੱਖਣ ਸਥਾਨ ਰੱਖਦਾ ਹੋਇਆ ਕੁਦਰਤ ਦੀ ਮਿਹਰਬਾਨੀ ਅਤੇ ਸ਼ੁੱਭ ਇਛਾਵਾਂ ਸਹਿਤ ਆਪਣੀ ਹੋਂਦ ਬਣਾਈ ਬੈਠਾ ਹੈ | ਇਸ ਇਲਾਕੇ ਦੇ ਨਾਲ ਹੀ ਥੋੜ੍ਹੀ ਦੂਰੀ ‘ਤੇ ਪਾਕਿਸਤਾਨ ਦੀ ਸਰਹੱਦ ਲਗਦੀ ਹੈ | ਇਸ ਇਲਾਕੇ ਵੱਲ 40 ਤਰ੍ਹਾਂ ਦੇ ਰੁੱਖ, 32 ਕਿਸਮ ਦੀਆਂ ਜੜ੍ਹੀ-ਬੂਟੀਆਂ ਅਤੇ ਅਨੇਕ ਪ੍ਰਕਾਰ ਦੀਆਂ ਫਸਲਾਂ ਹੁੰਦੀਆਂ ਹਨ | ਬਹਿਰਾਮਪੁਰ ਇਲਾਕੇ ਦੀ ਬਾਸਮਤੀ ਅੱਜ ਵੀ ਮਸ਼ਹੂਰ ਹੈ | ਇਸ ਕੁਦਰਤੀ ਸਾਧਨਾਂ ਵਾਲੀ ਜ਼ਮੀਨ ਵਿਚ ਭੇਹ (ਕਮਲ ਕੱਕੜੀ) ਅਤੇ ਮੱਛੀ ਪਾਲਣ ਅਤੇ ਸੰਘਾੜੇ ਦੀ ਫਸਲ ਦਾ ਧੰਦਾ ਜ਼ੋਰਾਂ ‘ਤੇ ਹੈ | | ਵੱਡੇ-ਵੱਡੇ ਛੱਪੜਨੁਮਾਂ ਝੀਲ ਵਿਚ ਮੁਰਗਾਬੀਆਂ ਦੇ ਝੁੰਡ ਜਦ ਤੈਰਦੇ ਹਨ ਤਾਂ ਵੇਖਣਯੋਗ ਹੁੰਦਾ ਹੈ | ਮੁਰਗਾਬੀਆਂ ਜਦ ਡੁਬਕੀ ਲਗਾ ਕੇ ਉਲਟਬਾਜ਼ੀਆਂ ਮਾਰਦੀਆਂ ਹਨ ਤਾਂ ਬੜਾ ਚੰਗਾ ਲਗਦਾ ਹੈ | ਬੱਚਿਆਂ ਦੇ ਵੇਖਣ ਵਾਲਾ ਦਿ੍ਸ਼ ਹੁੰਦਾ ਹੈ | ਬੱਚਿਆਂ ਦੇ ਮਨੋਰੰਜਨ ਲਈ ਇਕ ਵਧੀਆ ਸਥਾਨ ਹੈ | ਮੁਰਗਾਬੀਆਂ ਦੀਆਂ ਚਿੱਟੀਆਂ ਚੁੰਝਾਂ, ਕਾਲੀਆਂ ਧੌਣਾਂ, ਕਾਲਾ ਭੂਰਾ ਆਕਰਸ਼ਕ ਤਨ ਸੋਹਣੇ ਲਗਦੇ ਹਨ | ਇਕ ਮੁਰਗਾਬੀ 2 ਸੈਕਿੰਡ ਤਕ ਪਾਣੀ ਵਿਚ ਧੌਣ ਡੁਬ ਕੇ ਡੁਬਕੀ ਮਾਰਨ ਦੀ ਸਮਰਥਾ ਰੱਖਦੀ ਹੈ | ਇਨ੍ਹਾਂ ਦੇ ਜਵਾਨ ਬੱਚੇ ਵੀ ਡੁਬਕੀ ਮਾਰਨ ਵਿਚ ਮਾਹਿਰ ਹੁੰਦੇ ਹਨ |
ਖਾਸ ਕਰਕੇ ਇਸ ਵਿਚ ਖੂਬਸੂਰਤ ਚਾਰ-ਦੀਵਾਰੀ, ਰੈਸਟੋਰੈਂਟ, ਗੱਡੀਆਂ, ਜਨਰੇਟਰ, ਹਾਲ, ਕਾਰ-ਪਾਰਕਿੰਗ, ਰਿਹਾਇਸ਼ੀ ਕਮਰੇ, ਪੁੱਛਗਿੱਛ ਕੇਂਦਰ, ਗਾਈਡ, ਡਿਸਪਲੇਅ ਸਕਰੀਨ ਆਦਿ ਸਹੂਲਤਾਂ ਹਨ।
|
ਛੰਭ ਦੀ ਖੂਬਸੂਰਤੀ ਅਤੇ ਆਧੁਨਿਕਤਾ ਬਾਰੇ ਜਾਣਕਾਰੀ ਦਿੰਦੇ ਹੋਏ ਮਹਿਕਮੇ ਦੇ ਇਕ ਮੁਲਾਜ਼ਮ ਸੁਖਦੇਵ ਅਤੇ ਇਕ ਪ੍ਰਤਿਸ਼ਠਿਤ ਵਿਅਕਤੀ ਮਨਜੀਤ ਸਿੰਘ ਡਾਲਾ ਨੇ ਦੱਸਿਆ ਕਿ ਛੰਭ ਨੂੰ ਫਬੀਲਾ ਰੂਪ ਦੇਣ ਲਈ ਉਸ ਦੀ ਸਫਾਈ ਕੀਤੀ ਗਈ ਹੈ | ਛੰਭ ਦੇ ਪਾਣੀ ਦੇ ਵਿਚਕਾਰ ਜਮੀਨ ਦਾ ਕੁਝ ਉਭਰਦਾ ਹਿੱਸਾ ਰੱਖਿਆ ਗਿਆ ਹੈ, ਜਿਸ ਵਿਚ ਪਾਣੀ ਨਹੀਂ ਆਉਂਦਾ | ਪੰਛੀ ਇਸ ਜਗ੍ਹਾ ਉਪਰ ਧੁੱਪ ਦਾ ਨਜ਼ਾਰਾ ਲੈ ਸਕਣਗੇ | ਛੰਭ ਦੀ ਸੁੰਦਰਤਾ ਤੇ ਰੋਜ਼ਗਾਰ ਲਈ 3000 ਤਰ੍ਹਾਂ ਦੇ ਬੂਟੇ ਆਦਿ ਲਗਾਏ ਗਏ ਹਨ | ਇਸ ਇਲਾਕੇ ਦੇ ਕਈ ਲੋਕਾਂ ਨੂੰ ਰੋਜ਼ਗਾਰ ਮਿੱਲਿਆ ਹੋਇਆ ਹੈ | ਇਸ ਅਸਥਾਨ ਵਿਚ ਕੇਲੇ ਦੀ ਫਸਲ ਵੀ ਆਸਾਨੀ ਨਾਲ ਹੋ ਸਕਦੀ ਹੈ, ਕਿਉਂਕਿ ਇਸ ਇਲਾਕੇ ‘ਚ ਕੇਲੇ ਦੇ ਭਰਪਰ ਬੂਟੇ ਵੇਖਣ ਨੂੰ ਮਿਲੇ ਹਨ |
ਇਸ ਇਲਾਕੇ ਦੇ ਪਿੰਡਾਂ ਵਿਚ ਸੈਲਫ ਹੈਲਪ ਗਰੁੱਪ ਤਿਆਰ ਕੀਤੇ ਗਏ ਹਨ, ਜੋ ਬੂਟੀਆਂ ਤੇ ਪੌਦਿਆਂ ਤੋਂ ਅਨੇਕਾਂ ਕਾਰਜ ਕਰਨਗੇ | ਜਿਸ ਤਰ੍ਹਾਂ ਇਨ੍ਹਾਂ ਪੌਦਿਆਂ ਤੋਂ ਛਿੱਕੂ, ਪੱਖੀਆਂ, ਚੰਗੇਰਾਂ, ਮੂੜ੍ਹੇ ਅਤੇ ਘਰ ਦੀ ਸਜਾਵਟ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਣਗੀਆਂ | ਜੜ੍ਹੀ-ਬੂਟੀਆਂ ਤੋਂ ਦਵਾਈਆਂ ਵੀ ਤਿਆਰ ਕੀਤੀਆਂ ਜਾਣਗੀਆਂ |
ਇਸ ਛੰਭ ਵਿਚ ਸੁੰਦਰ ਰਸਤੇ ਬਣਾਏ ਜਾ ਰਹੇ ਹਨ | ਲਗਭਗ 8 ਕਿਲੋਮੀਟਰ ਦੀਆਂ ਕੱਚੀਆਂ ਸੁੰਦਰ ਸੜਕਾਂ ਬਣਨਗੀਆਂ | ਇਸ ਸਾਰੇ ਪ੍ਰਯੋਜਨ ਵਿਚ ਇਸ ਪਛੜੇ ਸਰਹੱਦੀ ਇਲਾਕੇ ਦੇ ਅਨੇਕਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ | ਇਸ ਪਛੜੇ ਹੋਏ ਛੰਭ ਵਰਗਾ ਇਲਾਕਾ ਏਸ਼ੀਆ ਦੇ ਸੁੰਦਰ, ਦਿਲਕਸ਼, ਫਬੀਲਾ ਅਤੇ ਯਾਦਗਾਰੀ ਸਥਾਨ ਬਣੇਗਾ | ਇਸ ਸਾਰੇ ਪ੍ਰੋਜੈਕਟ ਲਈ ਸਕਾਟਲੈਂਡ ਤੋਂ ਆਈ ਇਕ ਮਹਿਲਾ ਵਿਗਿਆਨੀ ਨੇ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਵੀ ਦਿੱਤੀ ਹੈ | ਇਸ ਇਲਾਕੇ ਨੂੰ ਵੇਖਣ ਲਈ ਦੇਸ਼-ਵਿਦੇਸ਼ ਦੇ ਲੋਕ ਆਉਂਦੇ ਰਹਿੰਦੇ ਹਨ, ਜਦੋਂਕਿ ਅਧੁਨਿਕ ਸਹੂਲਤਾਂ ਵਿਚ ਸਥਾਨ ਬਣ ਜਾਵੇਗਾ, ਤਾਂ ਇਸ ਸਥਾਨ ਦੀ ਮਹੱਤਤਾ, ਮਨੋਰੰਜਨ ਅਤੇ ਆਮਦਨ ਦੇ ਵਧਣ ਦੇ ਨਾਲ-ਨਾਲ ਵਿਸ਼ਵ-ਪ੍ਰਸਿੱਧੀ ਸਥਾਨ ਕਹਿਲਾਏਗਾ | ਇਸ ਸਾਰੇ ਪ੍ਰੋਜੈਕਟ ਦਾ ਸਮਾਂ ਤਿੰਨ ਸਾਲ ਹੈ ਜਦਕਿ ਇਸ ਦਾ ਇਕ ਸਾਲ ਪੂਰਾ ਹੋ ਚੁੱਕਾ ਹੈ ਅਤੇ ਕਾਫੀ ਕਾਰਜ ਹੋ ਚੁੱਕਾ ਹੈ | ਮਨਜੀਤ ਸਿੰਘ ਡਾਲਾ ਨੇ ਦੱਸਿਆ, ਕਿ ਸੈਂਟਰ ਅਤੇ ਪੰਜਾਬ ਸਰਕਾਰ ਨੂੰ ਵਿਗਿਆਪਨ ਅਤੇ ਮੀਡੀਆ ਰਾਹੀਂ ਦੁਨੀਆਂ ਦੇ ਨਕਸ਼ੇ ‘ਤੇ ਲਿਆਉਣਾ ਚਾਹੀਦਾ ਹੈ | ਕੇਸ਼ੋਪੁਰ ਛੰਭ ਦੀਆਂ ਸੰਪਰਕ ਸੜਕਾਂ ਨੂੰ ਮੇਨ ਹਾਈਵੇਅ ਨਾਲ ਜੋੜਿਆ ਜਾਏ | ਅੱਜ ਕੱਲ੍ਹ ਵੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਇਹ ਇਲਾਕਾ ਵੇਖਣ ਦੇ ਲਈ ਆਉਂਦੇ ਰਹਿੰਦੇ ਹਨ | ਦੇਸ਼-ਵਿਦੇਸ਼ ਦੇ ਲੋਕ ਦੂਰ-ਦੂਰ ਤਕ ਛੰਭ ਦਾ ਨਜ਼ਾਰਾ, ਅਦਭੁੱਦ ਕੁਦਰਤੀ ਦਿ੍ਸ਼ ਅਤੇ ਪੰਛੀਆਂ ਦਾ ਸੰਸਾਰ ਵੇਖਣ ਆਉਂਦੇ ਹਨ
ਦੱਸਿਆ ਜਾਂਦਾ ਹੈ ਕਿ ਕੂੰਝਾ ਜੋੜਾ (ਦੰਪਤੀ) ਇਕੱਠੇ ਉਡਦੇ ਹਨ | ਇਨ੍ਹਾਂ ਦਾ ਆਪਸੀ ਅਥਾਹ ਪਿਆਰ ਹੁੰਦਾ ਹੈ | ਇਕ ਕੂੰਝ ਚੋਗਾ ਚੁੱਗੇ ਤਾਂ ਦੂਸਰਾ ਸਿਰ ਚੁੱਕ ਕੇ ਰਖਵਾਲੀ ਕਰਦਾ ਹੈ | ਅਗਰ ਨਰ ਜਾਂ ਮਾਦਾਂ ‘ਚੋਂ ਇਕ ਦਵਾਈ ਖਾਣ ਨਾਲ ਜਾਂ ਵੈਸੇ ਕਿਸੇ ਵਜ੍ਹਾ ਕਰਕੇ ਮਰ ਜਾਏ ਤਾਂ ਦੂਸਰਾ ਸਾਥੀ ਰੋ-ਰੋ ਕੇ ਬੇਹਾਲ ਹੋ ਜਾਂਦਾ ਹੈ ਅਤੇ ਆਪਣੀ ਜਾਨ ਦੇ ਦੇਂਦਾ ਹੈ | ਕੂੰਝ ਦੇ ਪਿਅਰਾ ਦੀਆਂ ਅਨੇਕਾਂ ਕਹਾਣੀਆਂ-ਕਵਿਤਾਵਾਂ ਪ੍ਰਾਚੀਨ ਸਮੈਂ ਤੋਂ ਪ੍ਰਚਲਿਤ ਹਨ |
ਖੇਤਾਂ ਵਿਚ ਦਵਾਈਆਂ ਦੀ ਭਰਮਾਰ ਕਰਕੇ ਅਤੇ ਪੋਲੀਫੀਨ ਦੇ ਲਿਫਾਫਿਆਂ ਦੇ ਕਚਰੇ ਕਰਕੇ ਕਈ ਪ੍ਰਾਚੀਨ ਮਹੱਤਵਪੂਰਨ ਜਾਨਵਰ ਤੇ ਕੀਟ-ਪਤੰਗੇ ਖਤਮ ਹੁੰਦੇ ਜਾ ਰਹੇ ਹਨ | ਖਾਸ ਕਰਕੇ ਚੀਜ਼ ਵਹੁਟੀ, ਜੁਗਣੂੰ, ਚਿੜੀਆਂ ਅਤੇ ਇੱਲਾਂ ਵਿਰਲੀਆਂ ਹੀ ਲੱਭਦੀਆਂ ਹਨ | ਜੁਗਣੂੰ ਤਾਂ ਇਸ ਇਲਾਕੇ ਵੱਲ ਲਗਭਗ ਖਤਮ ਹੀ ਹੋ ਗਏ ਹਨ | ਸਬੰਧਿਤ ਮਹਿਕਮੇ ਨੂੰ ਚਾਹੀਦਾ ਹੈ ਕਿ ਕੀਟ-ਪਤੰਗਿਆਂ ਤੋਂ ਇਲਾਵਾ ਪੰਛੀਆਂ ਦੀ ਸਹੀ ਦੇਖਭਾਲ, ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਦਾਣਾ-ਭੋਜਨ ਦਾ ਸਹੀ-ਸਹੀ ਪ੍ਰਬੰਧ ਕਰੇ ਤਾਂ ਜੋ ਕੁਦਰਤੀ ਮਾਹੌਲ ਵਿਚ ਖੂਬਸੂਰਤੀ ਬਣੀ ਰਹੇ |
ਇਸ ਛੰਭ ਦੇ ਇਲਾਕੇ ਦੇ ਪਿੰਡਾਂ ਵਿਚ ਪੇਇੰਗ ਗੈਸਟ ਹਾਊਸ ਵੀ ਮਿਲ ਜਾਂਦੇ ਹਨ, ਕਿਉਂਕਿ ਵਿਦੇਸ਼ੀ ਲੋਕ ਪੇਇੰਗ ਗੈਸਟ ਹਾਊਸਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ | ਭਵਿੱਖ ਵਿਚ ਇਹ ਸਥਾਨ ਆਪਣੀ ਖ਼ੂਬਸੂਰਤੀ ਦੇ ਜ਼ਰੀਏ ਦੇਸ਼-ਵਿਦੇਸ਼ ਵਿਚ ਪ੍ਰਸਿੱਧੀ ਹਾਸਲ ਕਰਨ ਦੇ ਯੋਗ ਹੈ | ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 9478815900ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ.98156-25409
