“ਜਨਮ ਦਿਨ ਤੇ ਵਿਸ਼ੇਸ਼ “
ਅੱਜ ਅਮਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ ਜੋ ਕਿ ਪੂਰੇ ਸੰਸਾਰ ਦੀਆਂ ਇਨਕਲਾਬੀ ਜਥੇਬੰਦੀਆਂ ਤੋਂ ਇਲਾਵਾ ਭਗਤ ਸਿੰਘ ਨੂੰ ਜਾਨਣ ਵਾਲੇ ਸਮੁੱਚੇ ਇਨਸਾਫ਼ ਪਸੰਦ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ। ਭਗਤ ਸਿੰਘ ਕਿਰਤੀ, ਕਿਸਾਨਾਂ,ਮਜ਼ਦੂਰਾਂ ਅਤੇ ਇਨਕਲਾਬੀ ਲੋਕਾਂ ਦਾ ਨਾਇਕ ਹੈ ਜਿਸਨੇ ਸਮੁੱਚੀ ਇਨਸਾਨੀਅਤ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਸੰਘਰਸ਼ ਕੀਤਾ ਅਤੇ ਆਪਣੀ ਜ਼ਿੰਦਗੀ ਇਸੇ ਮੰਤਵ ਦੇ ਲੇਖੇ ਲਾ ਦਿੱਤੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਇੱਕ ਉੱਚ ਕੋਟੀ ਦਾ ਵਿਦਵਾਨ ਲੇਖਕ ਵੀ ਸੀ ਜਿਸਨੇ ਵੱਖ ਵੱਖ ਵਿਚਾਰਧਾਰਾ ਦੇ ਲੇਖਕਾਂ ਦੀਆਂ ਕਿਤਾਬਾਂ ਨੂੰ ਪੜ੍ਹਿਆ,ਪੜਚੋਲਿਆ ਅਤੇ ਉਨ੍ਹਾਂ ਦੇ ਨਿਚੋੜ ਵਜੋਂ ਆਪਣੀ ਇਕ ਵੱਖਰੀ ਵਿਚਾਰਧਾਰਾ ਕਾਇਮ ਕੀਤੀ ਜਿਸਨੂੰ ਸਮੁੱਚੀ ਲੋਕਾਈ ਦੇ ਸਾਂਝੇ ਹਿੱਤਾਂ ਲਈ ਲਾਗੂ ਕਰਕੇ ਲੋਕ ਮਨਾਂ ਵਿੱਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ। ਦੇਸ਼ ਦੇ ਲੋਕਾਂ ਲਈ ਆਪਣਾ ਜੀਵਨ ਕੁਰਬਾਨ ਕਰਕੇ ਭਗਤ ਸਿੰਘ ਲੋਕ ਨਾਇਕ ਬਣਿਆ।ਜਿਸ ਕਰਕੇ ਅੱਜ ਪੂਰੇ ਸੰਸਾਰ ਵਿੱਚ ਉਸਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਸਦੀ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਅਨੇਕਾਂ ਇਨਕਲਾਬੀ ਜਥੇਬੰਦੀਆਂ ਆਪੋ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਹਨ। ਸਮਾਜ ਵਿੱਚ ਅਨੇਕਾਂ ਵੱਖ ਵੱਖ ਵਿਚਾਰਧਾਰਾਵਾਂ ਨੂੰ ਸਮਰਪਿਤ ਲੋਕ ਭਲਾਈ ਸੰਸਥਾਵਾਂ ਸਮਾਜ ਸੇਵਾ ਕਰ ਰਹੀਆਂ ਹਨ ਜਿਨ੍ਹਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਇੰਨ੍ਹਾਂ ਵੱਖ ਵੱਖ ਸੰਸਥਾਵਾਂ ਅੰਦਰ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ ਪਰ ਸਾਰੀਆਂ ਸੰਸਥਾਵਾਂ ਦਾ ਮੁੱਖ ਮੰਤਵ ਲੋਕ ਭਲਾਈ ਹੀ ਹੈ। ਜੇਕਰ ਤੁਸੀਂ ਕਿਸੇ ਵੀ ਸੰਸਥਾ ਨਾਲ ਜੁੜਕੇ ਇਨਸਾਨੀਅਤ ਦੇ ਭਲੇ ਲਈ ਕੰਮ ਕਰ ਰਹੇ ਹੋ ਤਾਂ ਸਮਝ ਲਓ ਕਿ ਤੁਸੀਂ ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ, ਰਹਿਬਰਾਂ ਅਤੇ ਇਨਕਲਾਬੀ ਯੋਧਿਆਂ ਦੇ ਦੱਸੇ ਮਾਰਗ ਤੇ ਚੱਲ ਰਹੇ ਹੋ। ਭਗਤ ਸਿੰਘ ਇੱਕ ਅਜਿਹੀ ਸੋਚ ਦਾ ਨਾਮ ਹੈ ਜਿਸਨੂੰ ਅਪਣਾਉਣ ਤੋਂ ਪਹਿਲਾਂ ਖੁੰਢੇ ਦਿਮਾਗ ਨੂੰ ਵਿਚਾਰਾਂ ਦੀ ਸਾਣ ‘ਤੇ ਤੇਜ਼ ਕਰਨ ਦੀ ਲੋੜ ਹੈ। ਸਮਾਜ ਵਿੱਚ ਵਾਪਰ ਰਹੇ ਅਣਮਨੁੱਖੀ ਵਰਤਾਰਿਆਂ ਨੂੰ ਰੋਕਣ ਲਈ ਅਤੇ ਸਮਾਜਿਕ ਬਰਾਬਰਤਾ ਲਿਆਉਣ ਲਈ ਅੱਜ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਪੂਰੇ ਸੰਸਾਰ ਵਿੱਚ ਵੱਸਦੇ ਇਨਸਾਫ਼ ਪਸੰਦ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਹਰਪ੍ਰੀਤ ਸਿੰਘ ਸਿਹੌੜਾ
ਪੰਜਾਬੀ ਲੇਖਕ ਤੇ ਪੱਤਰਕਾਰ
9463411178
