ਸਾਡੇ ਜੀਵਨ ਵਿੱਚ ਰਿਸ਼ਤਿਆਂ ਦੇ ਨਿੱਘ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਆਮ ਤੌਰ ਤੇ ਸਾਡੇ ਰਸਮੋ-ਰਿਵਾਜਾਂ ਵਿੱਚ ਲੋਕ-ਵਿਖਾਵਾ ਭਾਰੂ ਹੋ ਰਿਹਾ ਹੈ। ਖੁਸ਼ੀ-ਸ਼ਾਦੀ ਦੇ ਮੌਕਿਆਂ ਤੇ ਤਾਂ ਅਜਿਹੇ ਵਿਖਾਵੇ ਆਮ ਹੀ ਹੁੰਦੇ ਹਨ, ਸਗੋਂ ਹੁਣ ਤਾਂ ਮਰਨੇ-ਪਰਨੇ ਦੇ ਭੋਗਾਂ ਤੇ ਵੀ ਇੱਕ-ਦੂਜੇ ਤੋਂ ਵੱਧ ਕੇ ਖਰਚਾ ਕੀਤਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਕਰਵਾਏ ਇੱਕ ਸਰਵੇਖਣ ਮੁਤਾਬਕ ਪੰਜਾਬੀ ਸਭ ਤੋਂ ਵੱਧ ਖਰਚੀਲੇ ਹਨ। ਇਸ ਸਰਵੇਖਣ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 75% ਖਰਚਾ ਸਿਰਫ਼ ਲੋਕ-ਵਿਖਾਵੇ ਲਈ ਕੀਤਾ ਜਾਂਦਾ ਹੈ। ਇਸ ਸੋਚ ਦਾ ਸਭ ਤੋਂ ਮਾੜਾ ਪ੍ਰਭਾਵ ਗਰੀਬਾਂ, ਖਾਸ ਕਰਕੇ ਪਿੰਡਾਂ ਦੇ ਲੋਕਾਂ ਤੇ ਪਿਆ ਹੈ। ਸਮਾਜ ਵਿੱਚ ਆਪਣੀ ਫੋਕੀ ਸ਼ਾਨ ਬਣਾਉਣ ਲਈ ਇਹ ਲੋਕ ਵਿੱਤੋਂ ਵੱਧ ਖਰਚਾ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਗੁਰੂ ਸਾਹਿਬਾਨ ਨੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਜੋ ਜੀਵਨ-ਫ਼ਲਸਫ਼ਾ ਸਾਨੂੰ ਦਿੱਤਾ ਸੀ, ਉਸਤੋਂ ਅਸੀਂ ਕੋਹਾਂ ਦੂਰ ਚਲੇ ਗਏ ਹਾਂ। ਸਤਿ, ਸੰਤੋਖ ਤੇ ਵੀਚਾਰ ਵਾਲੇ ਜੀਵਨ ਦੀ ਥਾਂ ਤੇ ਪੰਜਾਬੀਆਂ ਨੇ ਹੁਣ ਫ਼ੁਕਰੇਪਣ ਨੂੰ ਅਪਣਾ ਲਿਆ ਹੈ। ਉਨ੍ਹਾਂ ਵਿੱਚ ਖਪਤਕਾਰੀ ਤੇ ਵਿਖਾਵਾ ਵਧ ਰਿਹਾ ਹੈ। ਵਿਖਾਵੇ ਦੀ ਹੋੜ ਨਾਲ ਲੋਕਾਂ ਵਿੱਚ ਨਿਮਰਤਾ ਦੀ ਥਾਂ ਤੇ ਹਉਮੈ ਘਰ ਕਰ ਗਈ ਹੈ। ਵਿਖਾਵੇ ਦੇ ਜਾਲ਼ ਵਿੱਚ ਫਸ ਕੇ ਭੋਗ ਜਿਹੀਆਂ ਸਧਾਰਨ ਰਸਮਾਂ ਵੀ ਸ਼ਾਨੋ-ਸ਼ੌਕਤ ਨੂੰ ਸੱਦਾ ਦੇ ਰਹੀਆਂ ਹਨ। ‘ਸੁਕ੍ਰਿਤ ਟ੍ਰੱਸਟ’ ਨੇ ਇਸ ਪ੍ਰਚਲਨ ਨੂੰ ਰੋਕਣ ਲਈ ਇੱਕ ਮੁਹਿੰਮ ਚਲਾਈ ਹੈ, ਜਿਸਦਾ ਨਾਅਰਾ ਹੈ – “ਸਾਦੇ ਵਿਆਹ ਤੇ ਸਾਦੇ ਭੋਗ; ਨਾ ਕਰਜ਼ਾ ਨਾ ਚਿੰਤਾ ਰੋਗ।” ਇਸਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਭ ਨੂੰ ਚਾਹੀਦਾ ਹੈ ਕਿ ਚਾਦਰ ਵੇਖ ਕੇ ਪੈਰ ਪਸਾਰੀਏ ਅਤੇ ਰੀਸੋ-ਰੀਸੀ ਅੱਡੀਆਂ ਚੁੱਕ ਕੇ ਫਾਹਾ ਨਾ ਲਈਏ।
* ਪ੍ਰੋ. ਨਵ ਸੰਗੀਤ ਸਿੰਘ
# navsangeetsingh6957@gmail.com
# 9417692015.