ਪੁਸਤਕ ਦਾ ਨਾਂ – ਜ਼ਿੰਦਗੀ ਦੀ ਪੂੰਜੀ
ਗ਼ਜ਼ਲਕਾਰ – ਮਹਿੰਦਰ ਸਿੰਘ ਮਾਨ
ਪੰਨੇ – 96 ਕੀਮਤ – 150/- ਰੁਪਏ
ਪ੍ਰਕਾਸ਼ਕ – ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖਰ।
ਰਿਵਿਊਕਾਰ – ਤੇਜਿੰਦਰ ਚੰਡਿਹੋਕ
ਮਹਿੰਦਰ ਸਿੰਘ ਮਾਨ ਨੇ ਪਿਛਲੇ ਸਾਲ 2024 ਵਿਚ ਆਪਣੀ ਛੇਵੀਂ ਕਾਵਿ ਪੁਸਤਕ ਜ਼ਿੰਦਗੀ ਦੀ ਪੂੰਜੀ ਪ੍ਰਵੇਸ਼ ਕੀਤਾ ਹੈ। ਉਂਜ ਉਹ ਪਹਿਲਾਂ ਪੰਜ ਕਾਵਿ ਸੰਗ੍ਰਹਿ ਅਤੇ ਇਕ ਗ਼ਜ਼ਲ ਸੰਗ੍ਰਹਿ ਤੋਂ ਇਲਾਵਾ ਇਕ ਮਿੰਨੀ ਕਹਾਣੀ ਸੰਗ੍ਰਹਿ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਹਥਲੇ ਕਾਵਿ ਸੰਗ੍ਰਹਿ ਦਾ ਪਾਠ ਕਰਦਿਆਂ ਧਿਆਨ ਗੋਚਰ ਹੋਇਆ ਕਿ ਇਹ ਪੁਸਤਕ ਉਸ ਨੇ ਸੰਘਰਸ਼ ਕਰ ਰਹੇ ਲੋਕਾਂ ਸਮਰਪਿਤ ਕੀਤਾ ਹੈ ਜਿਸ ਵਿਚ 54 ਕਵਿਤਾਵਾਂ, 49 ਬੋਲੀਆਂ ਅਤੇ 26 ਗ਼ਜ਼ਲਾਂ ਦਾ ਖੂਬਸੂਰਤ ਗੁਲਦਸਤਾ ਪੇਸ਼ ਕੀਤਾ ਹੈ।
ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਉਸ ਦੀਆਂ ਰਚਨਾਵਾਂ ਵਿਚ ਪਾਣੀ ਸੀ ਘਾਟ, ਧਰਤੀ ਦਾ ਦੁਖਾਂਤ, ਦੂਸ਼ਿਤ ਵਾਤਾਵਰਣ, ਨਸ਼ੇ ਦਾ ਪ੍ਰਕੋਪ, ਬਜ਼ੁਰਗਾਂ ਦੀ ਬੇਕਦਰੀ, ਸਾਹਿਤ ਵਿਚ ਘਟਦੀ ਦਿਲਚਸਪੀ, ਮਾਂ ਬੋਲੀ, ਦੋਗਲੇ ਬੰਦੇ, ਮੂਰਤੀ ਪੂਜਾ, ਮਹਿੰਗਾਈ, ਪਰਵਾਸ ਅਤੇ ਬੇਰੁਜਗਾਰੀ ਵਰਗੇ ਵਿਸ਼ਿਆਂ ਨੂੰ ਛੋਹਿਆ ਹੈ।
ਇਸ ਪੁਸਤਕ ਦਾ ਆਗਾਜ਼ ਪਾਣੀ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਵਿਅਕਤ ਕਰਦਿਆਂ ਕੀਤਾ ਹੈ। ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ ਜਿਸ ਨੂੰ ਮਨੁੱਖ ਅਜਾਈਂ ਗਵਾਇਆ ਜਾ ਰਿਹਾ ਹੈ। ਲੋਕ ਪਾਣੀ ਬਚਾਉਣ ਲਈ ਦੁਹਾਈ ਤਾਂ ਪਾਈ ਜਾ ਰਹੇ ਹਨ ਪਰ ਨਾਲ ਹੀ ਬਹੁਤ ਸਾਰੇ ਲੋਕ ਪਾਣੀ ਦਾ ਵਿਨਾਸ਼ ਵੀ ਕਰ ਰਹੇ ਹਨ। ਪੁਸਤਕ ਵਿਚ ਪਾਣੀ ਨਾਲ ਸਬੰਧਤ ਕਵਿਤਾਵਾਂ ਪਾਣੀ ਬਚਾਉ, ਪਾਣੀ ਦੀ ਦੁਰਵਰਤੋਂ, ਨੰਬਰ ਵਨ ਸਟੇਟ ਵਿਚ ਪਾਣੀ ਦੀ ਦੁਰਵਰਤੋਂ ਰੋਕਣ, ਪਾਣੀ ਦੀ ਸ਼ੁੱਧਤਾ ਅਤੇ ਅਤੇ ਕਿਸਾਨਾਂ ਨੂੰ ਉਹ ਫਸਲਾਂ ਬੀਜਣ ਲਈ ਸਲਾਹ ਵੀ ਦੇ ਰਿਹਾ ਹੈ ਕਵੀ ਜਿਹਨਾਂ ਲਈ ਪਾਣੀ ਦੀ ਘੱਟ ਵਰਤੋਂ ਹੋਵੇ।
ਅੱਜ ਸਿਆਸਤ ਮਨੁੱਖ ਤੇ ਭਾਰੂ ਹੈ। ਕੇਵਲ ਰਾਜਨੀਤਕ ਲੋਕ ਹੀ ਨਹੀਂ ਸਗੋਂ ਹਰ ਘਰ, ਮੁੱਹਲੇ, ਸ਼ਹਿਰ ਵਿਚ ਸਿਆਸਤ ਖੇਡੀ ਜਾ ਰਹੀ ਹੈ। ਸਿਆਸਤਦਾਨਾਂ ਵਲੋ ਲੋਕਾਂ ਦਾ ਸੋਸ਼ਣ ਅਤੇ ਮਤਲਬ ਕੱਢਣ ਦੀਆਂ ਗੱਲਾਂ ਵੀ ਪੁਸਤਕ ਵਿਚ ਮਿਲਦੀਆਂ ਹਨ। ਇਸ ਸਬੰਧੀ ਉਸ ਦੀਆਂ ਕਵਿਤਾਵਾਂ ਹਰ ਪਾਸੇ ਤੋਂ ਚੋਣਾਂ, ਵੋਟਾਂ ਪੈਣ ਦਾ ਐਲਾਨ, ਵੋਟਾਂ, ਨੇਤਾ ਤੇ ਦਲਿਤ ਅਤੇ ਦਲਬਦਲੀ ਦੀ ਰੁੱਤ ਵਿੱਚ ਵਾਚਿਆ ਜਾ ਸਕਦਾ ਹੈ। ਪੁਸਤਕ ਵਿਚਲੀ ਕਵਿਤਾ ਅਮਨ ਤੇ ਜੰਗ ਵਿੱਚ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਜੰਗ ਨਾਲ ਤਾ ਕੇਵਲ ਤਬਾਹੀਆਂ, ਨੁਕਸਾਨ ਅਤੇ ਬਰਬਾਦੀਆਂ ਹੀ ਹੋ ਸਕਦੀਆਂ ਹਨ। ਕਵਿਤਾ ਦਾ ਬੰਦ ਕਹਿੰਦਾ ਹੈ ਕਿ -
” ਜੰਗ ਨਾਲ
ਕਦੇ ਕੋਈ ਮਸਲਾ
ਹਲ ਨਹੀਂ ਹੁੰਦਾ।
ਜੰਗ ਨਾਲ
ਕੇਵਲ ਤਬਾਹੀ ਹੁੰਦੀ ਹੈ ” (ਪੰਨਾ 60)
ਪੁਸਤਕ ਵਿਚ ਗੁਰੂਆਂ ਅਤੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਵੀ ਅੰਕਿਤ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਮਾਤਾ ਗੁਜਰੀ ਦੇ ਲਾਲਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਆਉਂਦਾ ਹੈ। ਰੱਬ ਸਭ ਦਾ ਇਕ ਹੈ ਪਰ ਆਦਮੀ ਨੇ ਰੱਬ ਨੂੰ ਵੀ ਵੱਖ ਵੱਖ ਕਰ ਦਿੱਤਾ ਹੈ। ਕੋਈ ਅੱਲ੍ਹਾ, ਕੋਈ ਰਾਮ ਤੇ ਕੋਈ ਵਾਹਿਗੁਰੂ ਦੇ ਨਾਮ ਨਾਲ ਯਾਦ ਕਰਦਾ ਹੈ। ਸਿਰਫ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ। ਗ਼ਜ਼ਲ ਇੱਕੋ ਹੈ ਦੇ ਇਕ ਸ਼ਿਅਰ ਵਿਚ ਦਰਜ ਕੀਤਾ ਹੈ –
” ਇੱਕੋ ਹੈ ਭਗਵਾਨ ਤੇ ਅੱਲਾ,
ਫੜ੍ਹ ਲੈ ਆਪਣੇ ਮਨ ਦਾ ਪੱਲਾ।” (ਪੰਨਾ 74)
ਇਸੇ ਤਰ੍ਹਾਂ ਪੁਸਤਕ ਵਿੱਚ ਨਸ਼ੇ ਦੇ ਪਹਿਲੂ ਨੂੰ ਵੀ ਛੋਹਿਆ ਹੈ। ਇਸ ਨਾਲ ਸਬੰਧਤ ਕਵਿਤਾਵਾਂ ਮੁੰਡੇ ਨਸ਼ੇ ਦੇ ਆਦੀ, ਭਾਰਤ ਪਾਕਿ ਸਰਹੱਦ ਉੱਤੇ, ਨਸ਼ੇ ਛੱਡ ਬੰਦਿਆ ਵਿਚ ਚਿੰਤਾ ਅਤੇ ਸਲਾਹ ਮਿਲਦੀ ਹੈ। ਨਸ਼ੇੜੀ ਜਿੱਥੇ ਆਪਣੇ ਸਰੀਰ, ਇੱਜਤ ਅਤੇ ਦਿੱਖ ਦਾ ਨੁਕਸਾਨ ਕਰਦੇ ਹਨ ਉਥੇ ਆਪਣੇ ਮਾਂ ਬਾਪ ਦੀ ਬਦਨਾਮੀ ਵੀ ਕਰਵਾਉਂਦੇ ਹਨ। ਗ਼ਜ਼ਲ ਦਾ ਇਕ ਸ਼ਿਅਰ ਦੇਖੋ –
” ਨਸ਼ਿਆਂ ਨੂੰ ਲੱਗ ਗਏ ਇੱਥੇ ਜਿਨ੍ਹਾਂ ਦੇ ਪੁੱਤ,
ਉਹਨਾਂ ਆਪਣੇ ਮਾਂ ਪਿਓ ਵੀ ਕੀਤੇ ਬਦਨਾਮ।” (ਪੰਨਾ 84)
ਪੁਸਤਕ ਵਿਚ ਧੀਆਂ ਨਾਲ ਸਬੰਧਤ ਕਵਿਤਾਵਾਂ ਵੀ ਮਿਲਦੀਆਂ ਹਨ ਜਿਵੇਂ ਕਿ ਧੀਆਂ, ਕੁੜੀਆਂ, ਨੂੰਹਾਂ, ਸੋਚਾਂ ਸੌੜੀਆਂ ਅਤੇ ਧੀਆਂ ਦੀ ਲੋਹੜੀ ਆਦਿ। ਲੇਖਕ ਵਲੋ ਪੁਸਤਕ ਵਿਚਲੀਆਂ ਬੋਲੀਆਂ ਦਾ ਵੀ ਇਹੀ ਸਾਰੰਸ਼ ਮਿਲਦਾ ਹੈ।
ਲੇਖਕ ਪੁਸਤਕ ਰਾਹੀਂ ਅਜੋਕੇ ਦੌਰ ਦੀ ਸਚਾਈ ਪੇਸ਼ ਕਰਦਾ ਹੈ। ਇਹ ਸਾਰਾ ਕੁਝ ਦਿਖਾਈ ਦੇ ਰਿਹਾ ਹੈ। ਕੁਝ ਵੀ ਓਹਲਾ ਨਹੀਂ ਹੈ। ਕਵਿਤਾਵਾਂ ਦੀ ਭਾਸ਼ਾ ਸਰਲ ਅਤੇ ਸਹਿਜ ਹੈ। ਵਰਤਮਾਨ ਸਥਿਤੀ ਮੁਤਾਬਕ ਵਿਸ਼ਾ ਚੋਣ ਕੀਤੀ ਗਈ ਹੈ। ਇਸ ਪੁਸਤਕ ਨੂੰ ਕੇਵਲ ਪੜ੍ਹਨਯੋਗ ਹੀ ਨਹੀਂ ਸਗੋਂ ਅਮਲ ਕਰਨ ਯੋਗ ਵੀ ਕਿਹਾ ਜਾ ਸਕਦਾ ਹੈ। ਲੇਖਕ ਨੇ ਆਪਣਾ ਯਤਨ ਕੀਤਾ ਹੈ ਅਮਲ ਕਰਨਾ ਪਾਠਕਾਂ ਦੇ ਜਿੰਮੇ ਆਉਂਦਾ ਹੈ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224
