ਸਟੇਜੀ ਕਵਿਤਾ ਦੇ ਬੁਲੰਦ ਦਰਵਾਜ਼ੇ ਵਜੋਂ ਜਾਣੇ ਜਾਂਦੇ ਸ਼ਾਇਰ ਬਰਕਤ ਰਾਮ ਯੁਮਨ ਜੀ ਬਾਰੇ ਬਚਪਨ ਵਿੱਚ ਉਦੋਂ ਜਾਣਿਆ ਜਦ ਬਟਾਲਾ ਤੋਂ ਛਪੇ ਸਾਹਿੱਤਕ ਮੈਗਜ਼ੀਨ “ਭਾਵਨਾ” ਵਿੱਚ ਉਨ੍ਹਾਂ ਦਾ ਲਿਖਿਆ ਨੰਦ ਲਾਲ ਨੂਰਪੁਰੀ ਜੀ ਬਾਰੇ ਲੇਖ ਪੜ੍ਹਿਆ। ਇਸ ਮੈਗਜ਼ੀਨ ਨੂੰ ਪ੍ਰਬੁੱਧ ਪੰਜਾਬੀ ਕਵੀ ਸੁਰਿੰਦਰ ਕਾਹਲੋਂ ਸੰਪਾਦਿਤ ਕਰਦੇ ਸਨ। ਬਟਾਲਾ ਦੇ ਬਹੁਤੇ ਲੇਖਕ ਉਨ੍ਹਾਂ ਨੂੰ ਉਸਤਾਦ ਸ਼ਾਇਰ ਦੇ ਰੂਪ ਵਿੱਚ ਜਾਣਦੇ ਸਨ। ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਵੀ ਕਿਹਾ ਜਾਂਦਾ ਹੈ ਕਿ ਮੁੱਢਲੇ ਦੌਰ ਵਿੱਚ ਉਨ੍ਹਾਂ ਤੋਂ ਹੀ ਇਸਲਾਹ ਲੈਦੇ ਸਨ। ਹੋਰ ਵੀ ਬਹੁਤ ਕਵੀ ਉਨ੍ਹਾਂ ਦੇ ਸ਼ਾਗਿਰਦ ਬਣੇ।
ਉਹ ਬਟਾਲਾ ਵਿੱਚ ਹੀ ਦੇਸ਼ ਵੰਡ ਉਪਰੰਤ ਆਣ ਵੱਸੇ ਸਨ।
ਬਰਕਤ ਰਾਮ ਯੁਮਨ ਜੀ ਦਾ ਜਨਮ
26 ਜਨਵਰੀ 1905 ਨੂੰ ਹੋਇਆ ਤੱ 22ਦਿਸੰਬਰ 1967 ਨੂੰ ਸਦੀਵੀ ਵਿਛੋੜਾ ਦੇ ਗਏ।
ਯੁਮਨ ਜੀ ਦਾ ਜਨਮ ਪਿੰਡ ਭੁੱਟਾ ਜ਼ਿਲ੍ਹਾ ਸਿਆਲ਼ਕੋਟ (ਲਹਿੰਦਾ ਪੰਜਾਬ) ਵਿੱਚ ਹੋਇਆ।
ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਉਨ੍ਹਾਂ ਦਾ ਖਾਸ ਨਾਂ ਹੈ । ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਨਾਲ ਬਹੁਤ ਪਿਆਰ ਸੀ। ਕਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਹਿਤਸਰ ਨੇ ਉਨ੍ਹਾਂ ਦੀ ਸਮੁੱਚੀ ਕਚਨਾ ਇੱਕ ਜਿਲਦ ਵਿੱਚ ਛਾਪੀ ਸੀ ਪਰ ਹੁਣ ਨਹੀਂ ਮਿਲਦੀ। ਉਨ੍ਹਾਂ ਵਰਗੇ ਸਮਰੱਥ ਕਵੀਆਂ ਦਾ ਕਲਾਮ ਲਗਾਤਾਰ ਮਿਲਣਾ ਚਾਹੀਦਾ ਹੈ ਤਾਂ ਜੋ ਭਵਿੱਖ ਪੀੜ੍ਹੀਆਂ ਉਸ ਤੋਂ ਲਾਭ ਉਠਾ ਸਕਣ। ਉਨ੍ਹਾਂ ਦੇ ਪਰਿਵਾਰ ਦੀ ਇਸ ਕਾਰਜ ਵਿੱਚ ਦਿਲਚਸਪੀ ਵਧਣੀ ਚਾਹੀਦੀ ਹੈ।
ਕਈ ਸਾਲ ਪਹਿਲਾਂ “ਸਾਂਝ” ਮੈਗਜ਼ੀਨ ਵਿੱਚ ਉਨ੍ਹਾਂ ਦੇ ਵਾਰਸਾਂ ਨੇ ਕਾਫ਼ੀ ਜਾਣਕਾਰੀ ਛਪਵਾਈ ਸੀ। ਉਹ ਵੀ ਪੁਸਤਕ ਰੂਪ ਵਿੱਚ ਆਉਣੀ ਚਾਹੀਦੀ ਹੈ।
ਪੇਸ਼ ਹਨ ਉਨ੍ਹਾਂ ਦੀਆਂ ਚਾਰ ਗ਼ਜ਼ਲਾਂ
▪️ਬਰਕਤ ਰਾਮ ਯੁਮਨ
1.
ਜ਼ੁਬਾਨੋ ਨਿਕਲਦੇ ਸ਼ਬਦੋ ! ਵਿਨੈ ਦਾ ਰੂਪ ਪਲਟਾਓ
ਜ਼ੁਬਾਨੋ ਨਿਕਲਦੇ ਸ਼ਬਦੋ ! ਵਿਨੈ ਦਾ ਰੂਪ ਪਲਟਾਓ ।
ਖ਼ਿਆਲੋ ! ਸਿਮਟਕੇ ਪ੍ਰੀਤਮ ਦੀ ਮਿੱਠੀ ਯਾਦ ਬਣ ਜਾਓ ।
ਤੁਹਾਡੇ ਹੰਝੂਆਂ ਦਾ ਅੱਖੀਓ ! ਕੁਝ ਮੁੱਲ ਪੈ ਸਕਦੈ,
ਜੇ ਇੰਜ ਥਾਂ ਥਾਂ ਤੇ ਇਹਨਾਂ ਮੋਤੀਆਂ ਦੇ ਢੇਰ ਨਾ ਲਾਓ ।
ਛੁਰੀ ਪੁੱਟੀ ਗਈ ਸੀਨੇ ‘ਚੋਂ ਤਾਂ ਕੁਝ ਸੁਆਦ ਨਹੀਂ ਰਹਿਣਾ,
ਦਿਆਲੂ ਕਾਤਿਲੋ ! ਜਿੰਦ ਨੂੰ ਅਜੇ ਕੁਝ ਹੋਰ ਤੜਫਾਓ ।
ਇਹ ਲੁਕ ਲੁਕ ਸੁਫ਼ਨਿਆਂ ਵਿਚ ਆਉਣ ਵੀ ਕੋਈ ਆਉਣ ਹੁੰਦਾ ਏ?
ਖੁਲ੍ਹੇ ਦਰ ਅੱਖੀਆਂ ਦੇ ਨੇ ਝਿਜਕ ਕਾਹਦੀ ? ਚਲੇ ਆਓ ।
ਮਿਲਣ ਵਾਲੇ ਤਾਂ ਅੜੀਓ ! ਅੰਤਲੇ ਦਮ ਵੀ ਨੇ ਆ ਮਿਲਦੇ,
ਅਜੇ ਮਾਯੂਸ ਨਾ ਹੋਵੋ ਨੀ ਡਾਵਾਂਡੋਲ ਆਸਾਓ ।
ਸੰਭਲ ਜਾਈਏ ਤਾਂ ਮੁਸ਼ਕਿਲ ਦੂਰ ਨਸ ਜਾਂਦੀ ਏ ਰਾਹ ਛੱਡ ਕੇ,
ਤਰੌਹ ਕੁਝ ਹੋਰ ਵੱਧ ਜਾਂਦੈ ਤੁਸੀਂ ਜਿੰਨਾ ਵੀ ਘਬਰਾਓ ।
ਕਿਸੇ ਦੇ ਨਖ਼ਰਿਆਂ ਨੇ ਭੇਂਟ ਹਾਲਾਂ ਹੋਰ ਮੰਗਣੀ ਏਂ,
ਨੀ ਰੀਝੋ ਰਹਿੰਦੀਓ ! ਐਵੇਂ ਨਾ ਝੁਰ ਝੁਰ ਮਰਦੀਆਂ ਜਾਓ ।
ਤੁਹਾਡੇ ਆਉਣ ਤੇ ਬਿਰਹੋਂ ਦੇ ਭਾਂਬੜ ਹੋਰ ਵੀ ਭੜਕੇ,
ਸੱਜਣ ਦੇ ਸ਼ਹਿਰ ਵਿਚਦੀ ਹੋ ਕੇ ਆਈਓ ਠੰਢੀਓ ਵਾਓ ।
‘ਯੁਮਨ’ ਜੀ, ਕੀ ਮੁਸੀਬਤ ਮੰਗ ਲਈ ਜੇ ਇਸ਼ਕ ਗਲ ਪਾ ਕੇ,
ਕਿ ਇਕ ਪਲ ਪਿਆਰ ਕਰ ਬੈਠੇ ਤਾਂ ਸਾਰੀ ਉਮਰ ਪਛਤਾਓ ।
🔺
2.
ਔਖਾ ਏ ਵਿਛੋਤਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ
ਔਖਾ ਏ ਵਿਛੋਤਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ ।
ਜਿੱਧਰ ਵੀ ਨਜ਼ਰ ਕੀਤੀ, ਓਧਰ ਹੀ ਧਰੀ ਮੁਸ਼ਕਿਲ ।
ਉਹ ਮਿਲ ਕੇ ਕਦੋਂ ਬੈਠਾ, ਉਹ ਰਲ ਕੇ ਕਦੋਂ ਟੁਰਿਆ,
ਜਿਸ ਕਹਿ ਤਾਂ ਲਈ ਸੌਖੀ, ਪਰ ਸੁਣ ਕੇ ਜਰੀ ਮੁਸ਼ਕਿਲ ।
ਦੁਸ਼ਮਣ ਵੀ ਨਾ ਫਸ ਜਾਵੇ, ਜ਼ੁਲਫ਼ਾਂ ਦੇ ਸਿਕੰਜੇ ਵਿਚ,
ਇਸ ਫਾਹੀ ‘ਚ ਜੋ ਫਸਿਆ, ਹੋਵੇਗਾ ਬਰੀ ਮੁਸ਼ਕਿਲ ।
ਭੁੱਲ ਕੇ ਵੀ ਹਵਸ ਉੱਤੇ, ਠੱਗਿਆ ਨ ਦਿਲਾ ਜਾਵੀਂ,
ਜੜ੍ਹ ਚੱਟੀ ਹੋਈ ਇਹਦੀ, ਹੁੰਦੀ ਏ ਹਰੀ ਮੁਸ਼ਕਿਲ ।
ਦਮ ਗਿਣਵੇਂ ‘ਯੁਮਨ’ ਰਹਿ ਗਏ, ਔਖੀ ਏ ਦਵਾ ਫੁਰਨੀ,
ਬਸ ਚਾਰਾਗਰੋ ਜਾਵੋ, ਹੁਣ ਚਾਰਾਗਰੀ ਮੁਸ਼ਕਿਲ ।
3.
ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ
ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ ।
ਕੁਝ ਨਾ ਕੁਝ ਤਾਂ ਪੀ ਕੇ ਠੇਡੇ ਖਾਣ ਦੇ ਵਿਚ ਹੈ ਸਵਾਦ ।
ਪੀਣ ਵਿਚ ਵੀ ਰਿੰਦ ਨੂੰ ਓਨਾ ਨ ਸ਼ਾਇਦ ਮਿਲ ਸਕੇ,
ਸਾਕੀਆ! ਜਿੰਨਾ ਤੇਰੇ ਤਰਸਾਣ ਦੇ ਵਿਚ ਹੈ ਸਵਾਦ ।
ਚੁੱਪ ਨ ਕਰ ਮੁੱਲਾਂ ! ਜ਼ਰਾ ਟੁਰਿਆ ਚਲ ਆਪਣੀ ਲੀਕ ਤੇ,
ਆਉਣ ਲੱਗਾ ਕੁਝ ਤੇਰੇ ਸਮਝਾਣ ਦੇ ਵਿਚ ਹੈ ਸਵਾਦ ।
ਤੂੰ ਸਮਝਨਾ ਏਂ, ਤੇਰੇ ਖੁਲ੍ਹ ਜਾਣ ਲਈ ਹਾਂ ਲੋਚਦਾ ?
ਮੈਥੋਂ ਪੁੱਛ, ਕਿੰਨਾ ਤੇਰੇ ਸ਼ਰਮਾਣ ਦੇ ਵਿਚ ਹੈ ਸਵਾਦ ।
ਦਿਲ ਤੋਂ ਚਾਹੁੰਦੇ ਵੀ ਜ਼ਬਾਨੋ ਹਾਂ ਕਿਉਂ ਨਹੀਂ ਆਖਦੇ,
ਆਪ ਹੀ ਜਾਣੋ ਕਿ ਕੀ ਕਲਪਾਣ ਦੇ ਵਿਚ ਹੈ ਸਵਾਦ ।
ਕੀ ਸਵਾਦ ਆਇਆ ‘ਯੁਮਨ’ ਇਸ਼ਕੋਂ ਬਚਾ ਲਈ ਜ਼ਿੰਦਗੀ ?
ਯਾਰ ਦੇ ਨਾਂ ਤੋਂ ਫਿਦਾ ਹੋ ਜਾਣ ਦੇ ਵਿਚ ਹੈ ਸਵਾਦ ।
4.
ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ ? ਨ ਪੁੱਛ
ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ ? ਨ ਪੁੱਛ
ਰਾਤ ਉਸਦੀ ਗਿਣਦਿਆਂ ਤਾਰੇ ਕਿਵੇਂ ਬੀਤੀ ? ਨ ਪੁੱਛ
ਪੀ ਲਈਂ ਜਿਥੋਂ ਵੀ ਜਿੰਨੀ ਵੀ ਜਿਹੋ ਜਿਹੀ ਮਿਲ ਗਈ,
ਕਿੰਨੀ ਕਿਉਂ ਕਿਥੋਂ ਕਿਹੋ ਜਿਹੀ ਤੇ ਕਦੋਂ ਪੀਤੀ ? ਨ ਪੁੱਛ
ਚੀਜ਼ ਸੀ ਵੇਖਣ ਦੀ ਇਹ ਈਸਾ ਜੇ ਅੱਖੀਂ ਵੇਖਦੋਂ
ਆਖ਼ਰੀ ਹਿਚਕੀ ਤੇਰੇ ਬੀਮਾਰ ਕਿੰਝ ਲੀਤੀ ? ਨ ਪੁੱਛ
ਵੇਖ ਲਈ ਦੁਨੀਆ ਤੇਰੀ ਓਇ ਮਾਲਿਕਾ ਦੁਨੀਆ ਦਿਆ,
ਤੇਰੀ ਦੁਨੀਆ ਵਿਚ ‘ਯੁਮਨ’ ਦੇ ਨਾਲ ਕੀ ਬੀਤੀ ? ਨ ਪੁੱਛ।
ਗੁਰਭਜਨ ਗਿੱਲ
