ਦੇਸ਼ ਦੇ ਸੂਬੇ ਤਾਮਿਲਨਾਡੂ ਦੀ ਕੌਮਾਂਤਰੀ ਫਰਾਟਾ ਦੌੜਾਕ ਧਨਲਕਸ਼ਮੀ ਸ਼ੇਖਰ ਡੋਪਿੰਗ ਦੇ ਮਾਮਲੇ ਵਿੱਚ ਮੁੜ ਤੋਂ ਘਿਰ ਗਈ ਹੈ | ਨੈਸ਼ਨਲ ਐਂਟੀ ਡੋਪਿੰਗ ਏਜੇਂਸੀ (ਨਾਡਾ ) ਵਲੋਂ ਉਸ ਖਿਲਾਫ ਕਾਰਵਾਈ ਕਰਦਿਆਂ ਉਸ ਉਪਰ ਖੇਡਾਂ ਵਿੱਚ ਭਾਗ ਲੈਣ ਤੋਂ ਰੋਕਣ ਲਈ ਅੱਠ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਉਸ ਉਪਰ ਡੋਪਿੰਗ ਦਾ ਇਹ ਦੂਸਰਾ ਮਾਮਲਾ ਹੈ | ਇਸ ਤੋਂ ਪਹਿਲਾਂ ਉਸਨੇ ਮਈ 2022 ਵਿਚ ਹੋਏ ਇੱਕ ਖੇਡ ਮੁਕਾਬਲੇ ਵਿੱਚ ਡੋਪਿੰਗ ਕਰਕੇ ਭਾਗ ਲਿਆ ਸੀ ਤੇ ਟੈਸਟ ਪਾਜ਼ਿਟਿਵ ਆਉਣ ਕਰਕੇ ਨਾਡਾ ਵਲੋਂ ਉਸ ਉਪਰ ਤਿੰਨ ਸਾਲ ਖੇਡ ਮੁਕਾਬਲੇ ਵਿੱਚ ਭਾਗ ਨਾ ਲੈਣ ਦੀ ਪਾਬੰਦੀ ਲਗਾਈ ਗਈ | ਹੁਣ ਉਸਨੇ ਦੂਸਰੀ ਵਾਰ ਸਾਲ 2025 ਵਿੱਚ ਹੋਏ ਕੌਮਾਂਤਰੀ ਖੇਡ ਮੁਕਾਬਲੇ ਵਿੱਚ 100 ਮੀਟਰ ਫਰਾਟਾ ਦੌੜ ਵਿੱਚ ਪਾਬੰਦੀਸ਼ੁਦਾ ਦਵਾਈ ਐਨਾਂਬੋਲਿਕ ਸਟੀਰੌਇਡ ਦਵਾਈ ਦਾ ਸੇਵਨ ਕਰਕੇ 11:36 ਸਕਿੰਟ ਦਾ ਸਮਾਂ ਕੱਢਿਆ | ਇਸ ਮੁਕਾਬਲੇ ਤੋਂ ਤੁਰੰਤ ਬਾਅਦ, ਜਦੋਂ ਉਸਦਾ ਡੋਪ ਟੈਸਟ ਕੀਤਾ ਤਾਂ ਪਤਾ ਲੱਗਾ ਕਿ ਉਸਨੇ ਮੁੱੜ ਤੋਂ ਡੋਪਿੰਗ ਕਰਕੇ ਖੇਡ ਮੁਕਾਬਲਾ ਲੜਿਆ ਹੈ | ਵਿਸ਼ਵ ਐਟੀਂ ਡੋਪਿੰਗ ਏਜੇੰਸੀ ਅਤੇ ਰਾਸ਼ਟਰੀ ਐਟੀਂ ਡੋਪਿੰਗ ਏਜੇੰਸੀ ਦੇ ਨਿਯਮਾਂਂ ਮੁਤਾਬਿਕ ਜੋ ਖਿਡਾਰੀ ਦੂਹਰੀ ਵਾਰ ਡੋਪਿੰਗ ਦੇ ਮਾਮਲੇ ਵਿੱਚ ਫੱਸਦਾ ਹੈ ਤਾਂ ਉਸ ਤੇ ਅੱਠ ਸਾਲ ਕਿਸੇ ਵੀ ਖੇਡ ਮੁਕਾਬਲੇ ਵਿੱਚ ਭਾਗ ਨਾ ਲੈਣ ਦੀ ਪਾਬੰਦੀ ਲੱਗਦੀ ਹੈ | ਭਾਰਤੀ ਖਿਡਾਰਨ ਧਨਲਕਸ਼ਮੀ ਸ਼ੇਖਰ ਨੂੰ ਮਿਲੀ ਇਸ ਸਜ਼ਾ ਨਾਲ ਖਿਡਾਰੀਆਂ ਵਲੋਂ ਖੇਡਾਂ ਵਿੱਚ ਕੀਤੀ ਜਾਂਦੀ ਡੋਪਿੰਗ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ ਤੇ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਖੇਡਾਂ ਵਿੱਚ ਡੋਪਿੰਗ ਕਦੋਂ ਖਹਿੜਾ ਛੁੜਵਾਉਂਣਗੇ ਸਾਡੇ ਖਿਡਾਰੀ ?
ਖੇਡ ਸੰਸਾਰ ਵਿਚ ਡੋਪਿੰਗ ਦੇ ਅਨੇਕਾਂ ਮਾਮਲੇ ਸਮੇਂ ਸਮੇਂ ਤੇ ਸਾਹਮਣੇ ਆਉਂਦੇ ਰਹੇ ਨੇ ਜਿਨ੍ਹਾਂ ਨਾਲ ਡੋਪਿੰਗ ਕਰਨ ਵਾਲੇ ਖਿਡਾਰੀਆਂ ਅਤੇ ਉਹਨਾਂ ਦੇ ਮੁਲਖਾਂ ਨੂੰ ਨਮੋਸ਼ੀ ਝੱਲਣੀ ਪਈ ਤੇ ਕਈ ਖਿਡਾਰੀਆਂ ਨੂੰ ਇਸ ਦੇ ਮਾਰੂ ਪ੍ਰਭਾਵਾਂ ਕਾਰਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ | ਖੇਡਾਂ ਦੀ ਦੁਨੀਆਂ ਵਿਚ ਡੋਪਿੰਗ ਦਾ ਪਹਿਲਾ ਮਾਮਲਾ 1960 ਦੀਆਂ ਰੋਮ ਓਲੰਪਿਕ ਖੇਡਾਂ ਦੌਰਾਨ ਡੈਨਮਾਰਕ ਦੇ ਸਾਈਕਲਿਸ੍ਟ ਕੁਰਤ ਜੈਕਸ਼ਨ ਦਾ ਆਇਆ | ਜਿਸ ਨੇ ਇਹਨਾਂ ਖੇਡਾਂ ਵਿਚ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਸਾਈਕਲਿੰਗ ਕੀਤੀ ਤੇ ਉਹ ਸਾਈਕਲ ਟਰੈਕ ਵਿਚ ਹੀ ਦਮ ਤੋੜ ਗਿਆ | ਇਸ ਤੋਂ ਇਲਾਵਾ ਡੋਪਿੰਗ ਦਾ ਸਭ ਤੋਂ ਵੱਧ ਮਸ਼ਹੂਰ ਮਾਮਲਾ 1988 ਦੀਆਂ ਸਿਓੁਲ ਉਲੰਪਿਕ ਖੇਡਾਂ ਦੌਰਾਨ ਕੈਨੇਡਾ ਦੇ ਫਰਾਟਾ ਦੋੜਾਕ ਬੈਨ ਜੌਹਨਸਨ ਦਾ ਹੋਇਆ ਸੀ | ਜਿਸ ਨੇ ਆਪਣੇ ਮਾਸ ਪੱਠਿਆਂ ਦੀ ਤਾਕਤ ਵਧਾਉਣ ਲਈ ਐਨਾਬੋਲਿਕ ਸਟੀਰਾਈਡ ਦਾ ਇਸਤੇਮਾਲ ਕਰਕੇ 100 ਮੀਟਰ ਫਰਾਟਾ ਦੌੜ ਵਿਚ 9:79 ਸੈਕੰਡ ਦਾ ਸਮਾਂ ਕੱਢ ਨਵਾਂ ਰਿਕਾਰਡ ਬਣਾ ਦਿੱਤਾ ਸੀ | ਪਰ ਡੋਪ ਟੈਸਟ ਵਿਚ ਫੇਲ ਹੋਣ ਕਾਰਨ ਉਸ ਨੂੰ ਦਿੱਤਾ ਗੋਲ੍ਡ ਮੈਡਲ ਵਾਪਿਸ ਲੈ ਲਿਆ ਤੇ ਉਸਦੇ ਬਣਾਏ ਰਿਕਾਰਡ ਨੂੰ ਭੰਗ ਵੀ ਕਰ ਦਿੱਤਾ ਅਤੇ ਵਾਡਾ ਨੇ ਉਸ ਉਪਰ ਉਮਰ ਭਰ ਖੇਡਣ ਦੀ ਪਾਬੰਦੀ ਲਗਾ ਦਿੱਤੀ | ਜਿਸ ਨਾਲ ਬੈਨ ਜੌਹਨਸਨ ਦੀ ਕੁਲ ਲੋਕਾਈ ਵਿਚ ਬੜੀ ਥੂ ਥੂ ਹੋਈ ਤੇ ਉਸਦੇ ਦੇਸ਼ ਕੈਨੇਡਾ ਨੂੰ ਵੀ ਸ਼ਰਮਸਾਰ ਹੋਣਾ ਪਿਆ | ਇਸ ਮੁਕਾਬਲੇ ਦਾ ਜੇਤੂ ਬਣਿਆ ਅਮਰੀਕੀ ਦੋੜਾਕ ਕਾਰਲ ਲੁਈਸ, ਜੋ ਪਹਿਲਾਂ ਇਸ ਰੇਸ ਵਿਚ ਦੋਇਮ ਰਿਹਾ ਸੀ |
ਪੈਰਿਸ ਓਲੰਪਿਕ ਖੇਡਾਂ 2024 ਵਿਚ ਡੋਪਿੰਗ ਨੂੰ ਰੋਕਣ ਲਈ ਕੌਮਾਂਤਰੀ ਓਲੰਪਿਕ ਕਮੇਟੀ ਨੇ ਵਿਸ਼ਵ ਐਂਟੀ ਡੋਪਿੰਗ ਏਜੈਂਸੀ ( ਵਾਡਾ ) ਅਤੇ ਫ਼੍ਰੇਂਚ ਐਂਟੀ ਡੋਪਿੰਗ ਏਜੈਂਸੀ ( ਏਐਫਐਲਡੀ ) ਦੀ ਮਦਦ ਨਾਲ 1160 ਮਾਹਰ ਬੰਦਿਆਂ ਦੀ ਇੱਕ ਬਰਗੇਡ ਬਣਾਈ | ਜਿਨ੍ਹਾਂ ਵਿਚੋਂ 800 ਮਾਹਰ ਬੰਦੇ ਅਥਲੀਟਾਂ ਨੂੰ ਮੁਕਾਬਲੇ ਤੋਂ ਤੁਰੰਤ ਬਾਅਦ ਡੋਪ ਟੈਸਟ ਦੇਣ ਲਈ ਸੂਚਿਤ ਕਰਦੇ ਸਨ ਅਤੇ ਜਿਨ੍ਹਾਂ ਚਿਰ ਖਿਡਾਰੀਆਂ ਦੇ ਡੋਪ ਟੈਸਟ ਦੀ ਸਾਰੀ ਪ੍ਰਕਿਰਿਆ ਮੁਕੰਮਲ ਨਹੀਂ ਸੀ ਹੋ ਜਾਂਦੀ ਉਨ੍ਹਾਂ ਚਿਰ ਉਹ ਉਹਨਾਂ ਤੇ ਨਿਗਰਾਨ ਵਜੋਂ ਬਾਜ਼ ਵਾਂਗ ਅੱਖ ਰੱਖਦੇ | ਪੈਰਿਸ ਓਲੰਪਿਕ ਖੇਡਾਂ ਵਿਚ ਹਰ ਖੇਡ ਮੈਦਾਨ ਲਈ ਡੋਪਿੰਗ ਕੰਟਰੋਲ ਲੈਬੋਰਟਰੀ ਦਾ ਪ੍ਰਬੰਧ ਵੱਖਰੇ ਤੌਰ ਤੇ ਕੀਤਾ ਗਿਆ ਸੀ | ਜਿਨ੍ਹਾਂ ਲਈ 360 ਮਾਹਰ ਲੈਬ ਟੈਕਨੀਸ਼ੀਅਨ ਖਿਡਾਰੀਆਂ ਦੇ ਡੋਪ ਟੈਸਟ ਲਈ ਉਹਨਾਂ ਦੇ ਖੂਨ ਅਤੇ ਪੇਸ਼ਾਬ ਦੇ ਨਮੂਨੇ ਲੈਂਦੇ ਸੀ | ਫਰਾਂਸ ਨੇ ਇਸ ਕੰਮ ਲਈ ‘ਲੈਬੋਰਟਰੀਜ਼ ਐਂਟੀਡੋਪੇਜ਼ ਫਰਾਂਸੇਜ਼ ( ਐਲਏਡੀਐਫ ) ਨੂੰ ਕਰੋੜਾਂ ਡਾਲਰ ਦੀ ਫੰਡਿੰਗ ਕੀਤੀ | ਕੌਮਾਂਤਰੀ ਟੈਸਟਿੰਗ ਏਜੇਂਸੀ (ਆਈ.ਟੀ ਏ.) ਨੇ ਪੈਰਿਸ ਓਲੰਪਿਕਸ 2024 ਵਿੱਚ ਡੋਪਿੰਗ ਵਿਰੋਧੀ ਮੁਹਿੰਮ ਚਲਾਉਂਦੇ ਹੋਏ ਖੇਡਾਂ ਦੇ ਸ਼ੁਰੂ ਹੋਣ ਤੋਂ ਸਮਾਪਤ ਹੋਣ ਤੱਕ ਸਾਰੇ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਦੇ ਡੋਪਿੰਗ ਟੈਸਟ ਲਈ ਪਿਸ਼ਾਬ ਅਤੇ ਖੂਨ ਦੇ 6130 ਨਮੂਨੇ ਲਏ | ਟੈਸਟਿੰਗ ਏਜੇਂਸੀ ਵਲੋਂ ਲਏ ਗਏ ਇਹ ਨਮੂਨੇ ਟੋਕੀਓ ਓਲੰਪਿਕਸ 2020 ਨਾਲੋਂ ਚਾਰ ਪ੍ਰਤੀਸ਼ਤ ਵੱਧ ਅਤੇ ਰੀਓ ਓਲੰਪਿਕਸ 2016 ਨਾਲੋਂ 10% ਵੱਧ ਸਨ | ਟੈਸਟ ਤੋਂ ਬਾਅਦ ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਦੇਸ਼ਾਂ ਦੇ ਪੰਜ ਖਿਡਾਰੀ ਡੋਪਿੰਗ ਦੇ ਕੇਸ ਅਧੀਨ ਟੈਸਟਿੰਗ ਏਜੇਂਸੀ ਦੇ ਅੜਿੱਕੇ ਚੜ੍ਹੇ | ਜਿਨ੍ਹਾਂ ਉਪਰ ਨਿਯਮਾਂ ਅਨੁਸਾਰ ਕਾਰਵਾਈ ਹੋਈ ਤੇ ਉਹਨਾਂ ਤੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਤੇ ਪਾਬੰਦੀ ਲਗਾ ਦਿੱਤੀ ਗਈ |
ਕੌਮਾਂਤਰੀ ਓਲੰਪਿਕ ਕਮੇਟੀ ਅਨੁਸਾਰ ਡੋਪਿੰਗ ਨੂੰ ਰੋਕਣ ਲਈ ਵਿਸ਼ਵ ਪੱਧਰ ਦੀ ਬਣੀ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ ) ਨੇ ਅਜਿਹੀਆਂ 200 ਤੋਂ ਵੱਧ ਮੈਡੀਕੇਟਿਡ ਦਵਾਈਆਂ ਦੀ ਲਿਸਟ ਬਣਾਈ ਹੋਈ ਹੈ ਜਿਨ੍ਹਾਂ ਦਾ ਸੇਵਨ ਕਰਕੇ ਖਿਡਾਰੀ ਕਿਸੇ ਵੀ ਕੌਮਾਂਤਰੀ ਖੇਡ ਮੁਕਾਬਲੇ ਵਿਚ ਭਾਗ ਨਹੀਂ ਲੈ ਸਕਦਾ | ਮੁਕਾਬਲੇ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਗ੍ਰਾਉੰਡ ਵਿਚੋਂ ਹੀ ਡੋਪ ਟੈਸਟ ਲਈ ਲੈਬ ਵਿਚ ਲਿਜਾਇਆ ਜਾਂਦੈ | ਜਿਥੇ ਉਸਦੇ ਖੂਨ ਅਤੇ ਪਿਸ਼ਾਬ ਦੇ ਨਮੂਨਿਆ ਨੂੰ ਲੈ ਕੇ ਟੈਸਟ ਕਰ ਲਿਆ ਜਾਂਦੈ | ਜਿਸ ਵੀ ਖਿਡਾਰੀ ਦਾ ਡੋਪ ਟੈਸਟ ਪਾਜ਼ਿਟਿਵ ਆ ਜਾਂਦਾ ਹੈ ਉਸਦੇ ਖਿਲਾਫ਼ ਵਾਡਾ ਏਡੀਆਰ ਦੇ ਆਰਟੀਕਲਜ਼ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ |
ਲੇਂਕਿਨ ਫੇਰ ਵੀ ਆਪਣੇ ਖੇਡ ਮਿਆਰ ਨੂੰ ਉੱਚਾ ਚੁੱਕਣ ਦੀ ਲਾਲਸਾ ਵਿਚ ਖਿਡਾਰੀ ਕਈ ਤਰਾਂ ਦੀ ਡੋਪਿੰਗ ਦਾ ਇਸਤੇਮਾਲ ਕਰਦੇ ਨੇ | ਖਿਡਾਰੀਆਂ ਅਤੇ ਪਾਠਕਾਂ ਨਾਲ ਇਥੇ ਇਹ ਚਰਚਾ ਬੇਲੋੜੀ ਨਹੀਂ ਹੋਵੇਗੀ ਜੇ ਅਸੀਂ ਇਹਨਾਂ ਖਤਰਨਾਕ ਅਤੇ ਜਾਨ ਲੇਵਾ ਦਵਾਈਆਂ ਦੇ ਭਿਆਨਕ ਸਿੱਟਿਆਂ ਨੂੰ ਉਹਨਾਂ ਦੇ ਅੰਗ ਸੰਗ ਨਾ ਕਰੀਏ | ਕਿਸੇ ਖਿਡਾਰੀ ਦੀ ਉਤੇਜਨਾ ਵਧਾਉਣ ਵਾਲੇ ਪਦਾਰਥ ਐਮਫ਼ੀਟਾਮਾਈਨਸ, ਕੈਫ਼ੀਨ, ਐਫਡਰਾਈਨ ਅਤੇ ਮੈਸੋਕਾਰਬ ਹਨ | ਜਿਹੜੇ ਕੇਂਦਰੀ ਨਾੜੀ ਪ੍ਰਣਾਲੀ ਨੂੰ ਤੇਜ਼ ਕਰਦੇ ਹੋਏ ਦਿਮਾਗ ਅਤੇ ਪੂਰੇ ਸਰੀਰ ਦੀ ਗਤੀ ਵਧਾਉਂਦੇ ਨੇ | ਇਹਨਾਂ ਪਦਾਰਥਾਂ ਦੇ ਸੇਵਨ ਨਾਲ ਖਿਡਾਰੀ ਨੂੰ ਦਿਲ ਦਾ ਦੌਰਾ ਪੈ ਸਕਦੈ ਤੇ ਉਹ ਇਹਨਾਂ ਨਸ਼ੀਲੇ ਪਦਾਰਥਾਂ ਦਾ ਆਦੀ ਬਣ ਜਾਂਦੈ | ਕਈ ਅਥਲੀਟ ਅਤੇ ਬਾਡੀ ਬਿਲਡਰ ਆਪਣੀਆ ਮਾਸਪੇਸੀਆਂ ਦੀ ਮਜ਼ਬੂਤੀ ਲਈ ਡਰੋਸਟਾਨੋਲੋਨ , ਓਕਸਾਐਨਡਰੋਲੋਨ, ਮੈਂਟਨੋਲੋਨ ਨਾਮ ਦੇ ਐਨਾਬੋਲਿਕ ਸਟੀਰਾਇਡਜ਼ ਦਾ ਇਸਤੇਮਾਲ ਕਰਦੇ ਹਨ | ਜਿਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਦਾ ਆਕਾਰ ਵੱਧ ਜਾਂਦਾ ਤੇ ਉਹ ਬਲ ਭਰਭੂਰ ਹੋ ਜਾਂਦੀਆਂ ਨੇ | ਪਰ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਖਿਡਾਰੀ ਦੇ ਗੁਰਦੇ ਫੇਲ ਹੋ ਸਕਦੇ ਨੇ ਤੇ ਜਿਗਰ ਤੇ ਮਾੜਾ ਅਸਰ ਪੈਂਦਾ ਹੈ | ਕਈ ਖਿਡਾਰੀ ਸਰੀਰ ਤੇ ਅੰਗਾਂ ਦੀ ਕਾਰਜ ਸ਼ਕਤੀ ਅਤੇ ਦਰਦ ਸਹਿਣ ਦੀ ਤਾਕਤ ਵਧਾਉਣ ਲਈ ਪੇਪਟਾਈਡ ਹਾਰਮੋਨਜ਼ ਨੂੰ ਖੇਡ ਮੁਕਾਬਲੇ ਤੋਂ ਪਹਿਲਾਂ ਆਪਣੇ ਸਰੀਰ ਵਿਚ ਦਾਖਲ ਕਰਵਾ ਲੈਂਦੇ | ਇਹ ਹਾਰਮੋਨਜ਼ ਖੂਨ ਦੇ ਲਾਲ ਰਕਤਾਣੂਆਂ ਵਿਚ ਹੁੰਦੈ | ਇਸ ਦੇ ਦੁਰਉਪਯੋਗ ਨਾਲ ਖਿਡਾਰੀ ਦਾ ਦਿਲ ਫੇਲ ਹੋ ਸਕਦੈ, ਉਸਨੂੰ ਸ਼ੁਗਰ ਅਤੇ ਹੱਡੀਆਂ ਕਮਜ਼ੋਰ ਹੋਣ ਦੀ ਬਿਮਾਰੀ ਹੋ ਜਾਂਦੀ ਹੈ | ਕਈ ਮੁੱਕੇਬਾਜ਼ ਅਤੇ ਕੁਸ਼ਤੀ ਖਿਡਾਰੀ ਆਪਣਾ ਭਾਰ ਘਟਾਉਣ ਲਈ ਮੂਤਰ ਵਰਧਕ ਦਵਾਈਆਂ ਦਾ ਇਸਤੇਮਾਲ ਕਰਦੇ ਨੇ ਜਿਸ ਦੇ ਸੇਵਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਖਿਡਾਰੀ ਦੀ ਮੌਤ ਵੀ ਹੋ ਸਕਦੀ ਹੈ | ਇਸ ਤੋਂ ਇਲਾਵਾ ਖਿਡਾਰੀਆਂ ਵਿਚ ਬਲੱਡ ਡੋਪਿੰਗ ਅਤੇ ਜੀਨ ਡੋਪਿੰਗ ਦਾ ਰੁਝਾਨ ਵੀ ਖਤਰਨਾਕ ਅਤੇ ਮਾਰੂ ਹੈ | ਜਿਸ ਨਾਲ ਐੱਚ ਆਈ ਵੀ ਅਤੇ ਕੈਂਸਰ ਨਾਂ ਦੇ ਮਾਰੂ ਰੋਗ ਉਤਪਨ ਹੋ ਜਾਂਦੇ ਨੇ |
ਡੋਪਿੰਗ ਦੇ ਜਾਨ ਮਾਰੂ ਪ੍ਰਭਾਵਾਂ ਅਤੇ ਡੋਪ ਟੈਸਟ ਪਾਜੀਟਿਵ ਆ ਜਾਣ ਤੇ ਖਿਡਾਰੀ ਦੇ ਮੁਕਾਬਲਾ ਖੇਡਣ ਤੇ ਲੱਗਦੀ ਪਾਬੰਦੀ ਨੂੰ ਦ੍ਰਿਸ਼ਟਿ ਗੋਚਰ ਰੱਖਦੇ ਹੋਏ ਖਿਡਾਰੀਆਂ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ | ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਖੇਡਾਂ ਬੇਸ਼ਕ ਦੋ ਬਰਾਬਰ ਧੜਿਆਂ ਜਾਂ ਬੰਦਿਆਂ ਵਿਚਕਾਰ ਮੁਕਾਬਲੇ ਦਾ ਵਣਜ ਨੇ | ਪਰ ਖਿਡਾਰੀ ਨੂੰ ਆਪਣੀ ਸੱਚੀ ਖੇਡ ਭਾਵਨਾ ਵਿਚ ਗੜੁੱਚ ਹੋ ਕੇ ਜੋਸ਼ ਅਤੇ ਵਿਸ਼ਵਾਸ ਨਾਲ ਮੁਕਾਬਲਾ ਲੜਨਾ ਚਾਹੀਦੈ ਨਾ ਕੇ ਨਸੀਲੀਆਂ ਦਵਾਈਆਂ/ ਡੋਪਿੰਗ ਦਾ ਸੇਵਨ ਕਰਕੇ | ਖੇਡਾਂ ਸਿਰਫ ਤਗਮੇ ਜਿੱਤਣ ਦਾ ਹੀ ਜ਼ਰੀਆ ਨਹੀਂ ਹੁੰਦੀਆਂ | ਇਹ ਮਨੁੱਖੀ ਨਸਲ ਨੂੰ ਉੱਤਮ ਬਣਾਉਣ ਦਾ ਵਸੀਲਾ ਵੀ ਹੁੰਦੀਆਂ ਨੇ | ਖਿਡਾਰੀਓ ਆਉ ਖੇਡਾਂ ਦੇ ਇਸ ਪਵਿੱਤਰ ਪਿੜ੍ਹ ਨੂੰ ਡੋਪਿੰਗ ਦੇ ਜਾਨ ਮਾਰੂ ਅਸਰ ਤੋਂ ਬਚਾਈਏ ਤੇ ਸੱਚੀ ਖੇਡ ਭਾਵਨਾ ਨੂੰ ਧਿਆਨ ਹਿੱਤ ਰੱਖਦਿਆਂ ਖੇਡਾਂ ਨੂੰ ਡੋਪਿੰਗ ਮੁਕਤ ਕਰੀਏ | **
ਪ੍ਰਿੰਸੀਪਲ ( ਡਾ. ) ਹਰਦੀਪ ਸਿੰਘ
ਸਰਕਾਰੀ ਕਾਲਜ , ਮਾਨਸਾ
9417665241
