ਪਿਛਲੇ ਸਾਲ ਅਸੀਂ ਇਹਨੀਂ ਦਿਨੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਹਾਨੇ ਲਾਹੌਰ ਵਿੱਚ ਸਾਂ। ਸਾਡੇ ਕਾਫ਼ਲੇ ਦਾ ਮਿੱਠੜਾ ਸਾਥੀ ਤ੍ਰੈਲੋਚਨ ਲੋਚੀ ਲਾਹੌਰ ਵਿੱਚ ਵੜਨ ਸਾਰ ਏਧਰਲੇ ਪੰਜਾਬ ਜਿੰਨਾ ਹੀ ਅੱਖੀਆਂ ਦਾ ਤਾਰਾ ਸੀ। ਪਾਕਿਸਤਾਨੀ ਪੰਜਾਬ ਦੀਆਂ ਦੋ ਪ੍ਰਮੁੱਖ ਗ਼ਜ਼ਲ ਸਿਰਜਕ ਬੀਬੀਆਂ ਬੁਸ਼ਰਾ ਨਾਜ਼ ਤੇ ਤਾਹਿਰਾ ਸਰਾ ਲੋਚੀ ਨੂੰ ਇੰਜ ਮਿਲੀਆਂ ਜਿਵੇਂ ਯੁਗਾਂ ਦੀਆਂ ਵਿੱਛੜੀਆਂ ਰੂਹਾਂ ਹੋਣ। ਲੋਚੀ ਦੀ ਕਾਵਿ ਖੁਸ਼ਬੋਈ ਓਧਰ ਵੀ ਬਿਖਰ ਚੁੱਕੀ ਹੈ। ਉਸ ਦੀ ਗ਼ਜ਼ਲ ਪੁਸਤਕ “ਦਿਲ ਦਰਵਾਜ਼ੇ” ਆਸਿਫ਼ ਰਜ਼ਾ ਨੇ ਓਧਰ ਸ਼ਾਹਮੁਖੀ ਵਿੱਚ ਪਿਛਲੇ ਸਾਲ ਛਾਪ ਦਿੱਤੀ ਸੀ ਤੇ ਤਾਹਿਰਾ ਸਰਾ ਦੀ ਕਾਵਿ ਪੁਸਤਕ “ ਸ਼ੀਸ਼ਾ” ਨਿਉਯਾਰਕ ਵੱਸਦੇ ਕਵੀ ਤਰਲੋਕਬੀਰ ਨੇ ਏਧਰ ਚੇਤਨਾ ਪ੍ਹਕਾਸ਼ਨ ਤੋਂ ਛਪਵਾ ਦਿੱਤੀ ਸੀ ਕੁਝ ਸਮਾਂ ਪਹਿਲਾਂ। ਬੁਸ਼ਰਾ ਨਾਜ਼ ਦੀ ਗ਼ਜ਼ਲ ਪੁਸਤਕ “ ਬੰਦਾ ਮਰ ਵੀ ਸਕਦਾ ਏ” ਏਧਰ ਡਾ. ਸਨੀ ਪੱਖੋ ਕੇ ਨੇ ਛਾਪ ਦਿੱਤੀ ਸੀ ਅਦਬ ਪ੍ਹਕਾਸ਼ਨ ਵੱਲੋਂ। ਅੱਜ ਤਿੰਨ ਸਿਰਜਕਾਂ ਦੀ ਪਿਛਲੀ ਲਾਹੌਰ ਫੇਰੀ ਦੀ ਤਸਵੀਰ ਵੇਖੀ ਤਾਂ ਦਿਲ ਕੀਤਾ ਕਿ ਤਿੰਨਾਂ ਦੀਆਂ ਦੋ ਦੋ ਲਿਖਤਾਂ ਤੁਹਾਡੇ ਰੂ ਬ ਰੂ ਕਰਾਂ। ਗੱਲ ਤਸਵੀਰ ਤੇ ਨਾ ਰੁਕੇ ਸਗੋਂ ਅੱਗੇ ਤੁਰੇ। ਤਿੰਨਾਂ ਦੀ ਸਾਂਝੀ ਤਸਵੀਰ ਨੂੰ ਬਹੁਤ ਸਾਰਾ ਪਿਆਰ।
ਪੇਸ਼ ਹਨ ਤਿੰਨਾਂ ਦੀਆਂ ਗ਼ਜ਼ਲਾਂ
1.
ਤਾਹਿਰਾ ਸਰਾ
1:
ਉਹਦਾ ਚੇਤਾ ਨਾਲ ਹੁੰਦਾ ਏ।
ਇੱਕ ਇੱਕ ਸ਼ਿਅਰ ਕਮਾਲ ਹੁੰਦਾ ਏ।
ਕਿਸੇ ਵੀ ਗੱਲ ’ਤੇ ਅੜ ਜਾਂਦਾ ਏ,
ਦਿਲ ਤੇ ਜ਼ਿੱਦੀ ਬਾਲ ਹੁੰਦਾ ਏ।
ਆ ਜਾਂਦਾ ਏ ਚੰਦਰਾ ਸਾਵਣ,
ਫਿਰ ਜੋ ਮੇਰਾ ਹਾਲ ਹੁੰਦਾ ਏ।
ਹਿਜਰ ਨੂੰ ਕੁਸ਼ਤਾ ਕਰਦੀ ਪਈ ਆਂ,
ਵੇਖੋ ਕਦੋਂ ਵਿਸਾਲ ਹੁੰਦਾ ਏ।
ਧੀ ਨੂੰ ਕਿਉਂ ਤੂੰ ਭੈੜਾ ਆਖੇਂ,
ਧੀਆਂ ਲੁੱਟ ਦਾ ਮਾਲ ਹੁੰਦਾ ਏ?
ਅੱਧੇ ਘੰਟੇ ਬਾਅਦ ਆਵੇਂਗਾ,
ਅੱਧਾ ਘੰਟਾ ਸਾਲ ਹੁੰਦਾ ਏ!
ਕੱਚੇ ਦੁੱਧ ਦੇ ਵਾਂਗ ਇਹ ਅੱਥਰੂ,
ਕੜ੍ਹ ਕੜ੍ਹ ਗਾੜ੍ਹਾ ਲਾਲ ਹੁੰਦਾ ਏ।
▪️
2.
ਤੈਨੂੰ ਇੰਜ ਨਿਗਾਹਵਾਂ ਲੱਭਣ।
ਮਰਦੇ ਜੀਕੂੰ ਸਾਹਵਾਂ ਲੱਭਣ।
ਅੱਜ ਵੀ ਮੇਰੀਆਂ ਝੱਲੀਆਂ ਨਜ਼ਰਾਂ,
ਮੇਰੇ ਵਿੱਚ ਪਰਛਾਵਾਂ ਲੱਭਣ।
ਦਿਲ ਦੇ ਦੀਵੇ ਬੁੱਝੇ ਪਏ ਨੇ,
ਹੁਣ ਕੀ ਏਥੋਂ ‘ਵਾਵਾਂ ਲੱਭਣ।
ਸੁਸਤੀ ਮਾਰੀ ਸੋਚ ਇਹ ਆਂਹਦੀ,
ਤੁਰੀਏ ਤਾਂ ਤੇ ਰਾਹਵਾਂ ਲੱਭਣ।
ਮੈਂ ਸੁਪਨੇ ਵਿੱਚ ਸੁਪਨਾ ਤੱਕਿਆ,
ਮੈਨੂੰ ਤੇਰੀਆਂ ਬਾਹਵਾਂ ਲੱਭਣ।
▪️
ਬੁਸ਼ਰਾ ਨਾਜ਼
1.
ਤੇਰੇ ‘ਤੇ ਐਤਬਾਰ ਨਈਂ ਕੀਤਾ ਜਾ ਸਕਦਾ।
ਝੂਠਾ ਏ ਨਾ ਪਿਆਰ ਨਈਂ ਕੀਤਾ ਜਾ ਸਕਦਾ।
ਇਹ ਸੌਦੇ ਤੇ ਉੱਕੇ-ਪੁੱਕੇ ਹੁੰਦੇ ਨੇ,
ਦਿਲ ਦਾ ਕਾਰੋਬਾਰ ਨਈਂ ਕੀਤਾ ਜਾ ਸਕਦਾ।
ਚੁੱਪ ਕਰ ਸਾਨੂੰ ਚਿਹਰੇ ਪੜ੍ਹਨੇ ਆਉਂਦੇ ਨੇ,
ਅੱਖਰਾਂ ਵਿਚ ਇਜ਼ਹਾਰ ਨਈਂ ਕੀਤਾ ਜਾ ਸਕਦਾ।
ਮੰਨਿਆਂ ਜੀਵਨ ਦੇ ਲਈ ਪਿਆਰ ਜ਼ਰੂਰੀ ਏ ,
ਸੋਚਾਂ ਤੇ ਅਸਵਾਰ ਨਈਂ ਕੀਤਾ ਜਾ ਸਕਦਾ।
ਦਿਲ ਦੇਵਣ ਲਈ ਕਮਲ਼ਾ ਹੋਇਆ ਫਿਰਨਾ ਏਂ ,
ਤੈਨੂੰ ਤੇ ਇਨਕਾਰ ਨਈਂ ਕੀਤਾ ਜਾ ਸਕਦਾ।
ਦਿਲ ਦੀ ਨਗਰੀ ਲੁੱਟਣ ਵਾਲ਼ੇ ਨੂੰ ‘ਬੁਸ਼ਰਾ’ ,
ਦਿਲ ਦਾ ਪਹਿਰੇਦਾਰ ਨਈਂ ਕੀਤਾ ਜਾ ਸਕਦਾ।
2.
ਇੰਝ ਨਾ ਮੈਨੂੰ ਤੱਕ ਵੇ ਅੜਿਆ।
ਲੋਕੀਂ ਕਰਦੇ ਸ਼ੱਕ ਵੇ ਅੜਿਆ।
ਮੈਂ ਸੁਣਨੀ ਏ ਪਿਆਰ ਕਹਾਣੀ ,
ਸੁਣਨੀ ਆਖਰ ਤੱਕ ਵੇ ਅੜਿਆ।
ਰੰਗ ਬਰੰਗੀਆਂ ਵੰਗਾਂ ਪਵਾ ਦੇ,
ਪਾਵਾਂ ਕੂਹਣੀਆਂ ਤੱਕ ਵੇ ਅੜਿਆ।
ਇਕ ਦੂਜੇ ਤੇ ਕਿਉਂ ਕਰਨੇ ਆਂ,
ਆਪਾਂ ਦੋਵੇਂ ਸ਼ੱਕ ਵੇ ਅੜਿਆ।
ਜੇ ਤੂੰ ਆਪਣੇ ਹੱਥੀਂ ਦੇਵੇਂ,
ਜ਼ਹਿਰ ਲਵਾਂਗੀ ਫੱਕ ਵੇ ਅੜਿਆ।
ਕੰਧਾਂ ਦੇ ਵੀ ਕੰਨ ਹੁੰਦੇ ਨੇ ,
ਭੋਰਾ ਜਿਹਾ ਤੇ ਝੱਕ ਵੇ ਅੜਿਆ।
‘ਬੁਸ਼ਰਾ’ ਸ਼ਹਿਰ ’ਚ ਜੀਅ ਨੀ ਲਗਦਾ ,
ਮੈਂ ਚੱਲੀ ਆਂ ਚੱਕ ਵੇ ਅੜਿਆ।
▪️
ਤ੍ਰੈਲੋਚਨ ਲੋਚੀ
1.
ਅਪਣੇ ਬੋਲਾਂ ਤੋਂ ਹੀ ਥਿੜਕਾਂ ..ਨਾ ਬਈ ਨਾ !
ਮੈਂ ਵੀ ਉਹਨਾਂ ਵਰਗਾ ਨਿਕਲਾਂ..ਨਾ ਬਈ ਨਾ!
ਮੈਂ ਸ਼ਾਇਰ ਮੈਂ ਸ਼ਬਦ ਦੀ ਰਾਖੀ ਬੈਠਾ ਵਾਂ,
ਰੁਖ਼ ਹਵਾ ਦਾ ਦੇਖਕੇ ਬਦਲਾਂ…ਨਾ ਬਈ ਨਾ!
ਦਾਣੇ ਦੁਣਕੇ ਨੂੰ ਜਦ ਖ਼ਲਕਤ ਤਰਸ ਰਹੀ,
ਤੇ ਮੈਂ ਅਪਣੇ ਬੋਝੇ ਭਰ’ਲਾਂ…ਨਾ ਬਈ ਨਾ!
ਇਸ ਤੋਂ ਵੱਡਾ ਹੋਰ ਗੁਨਾਹ ਕੀ ਹੋ ਸਕਦੈ,
ਅਪਣੀ ਬੋਲੀ ਨੂੰ ਹੀ ਭੁੱਲਾਂ ….ਨਾ ਬਈ ਨਾ !
ਮੈਨੂੰ ਬਖ਼ਸ਼ੂ ‘ਲੋਚੀ’ ਕਿਵੇਂ ਜ਼ਮੀਰ ਮੇਰੀ,
ਮੈਂ ਦਰਬਾਰੀ ਸ਼ਾਇਰ ਬਣ’ਜਾਂ …ਨਾ ਬਈ ਨਾ!
2.
ਸਜ਼ਾ ਕੈਸੀ ਮਿਲੀ ਇਹ ਸੋਚਦਾ ਹਾਂ!
ਮੈਂ ਖ਼ੁਦ ਤੋਂ ਹੀ ਬਗਾਨਾ ਹੋ ਰਿਹਾ ਹਾਂ!
ਮਖੌਟਾ ਹੀ ਨਜ਼ਰ ਚਿਹਰੇ ‘ਤੇ ਆਵੇ ,
ਮੈਂ ਜਿੰਨ੍ਹੀ ਵਾਰ ਸ਼ੀਸ਼ਾ ਦੇਖਦਾ ਹਾਂ !
ਖ਼ੁਦਾ ਉਸਨੂੰ ਵੀ ਅੰਬਰ ਬਖ਼ਸ਼ ਦੇਵੇ,
ਮੈਂ ਜਿਸਦੀ ਅੱਖ ਦੇ ਵਿੱਚ ਰੜਕਦਾ ਹਾਂ!
ਜਿਉਂਦੇ ਹੋਣ ਦਾ ਅਹਿਸਾਸ ਹੁੰਦੈ ,
ਮੈਂ ਦਿਲ ਦੇ ਬੂਹੇ ਖੁੱਲ੍ਹੇ ਰੱਖਦਾ ਹਾਂ!
ਮੇਰੇ ਅੰਦਰ ਹੈ ਸ਼ਬਦਾਂ ਦਾ ਕਬੀਲਾ,
ਮੈਂ ਅਪਣੇ ਆਪ ਵਿੱਚ ਹੀ ਕਾਫ਼ਲਾ ਹਾਂ!
ਕਿਤੇ ਮਿੱਟੀ ਨਾ ਮੈਨੂੰ ਭੁੱਲ ਜਾਵੇ ,
ਮੈਂ ਅਪਣੀ ਮਾਂ ਦੀ ਬੋਲੀ ਬੋਲਦਾ ਹਾਂ!
ਮੇਰੇ ਅੰਦਰ ਵੀ ਹੈ ਲੋਚੀ ਜਿਹਾ ਕੁਝ,
ਮੈਂ ਵੈਰੀ ਦੇ ਵੀ ਸੀਨੇ ਧੜਕਦਾ ਹਾਂ!
▪️ਗੁਰਭਜਨ ਗਿੱਲ

