ਪੁਸਤਕ: ਨਿਰਮੋਹੇ
ਲੇਖਕ : ਮਹਿੰਦਰ ਸਿੰਘ ਮਾਨ
ਪੰਨੇ : 95
ਮੁੱਲ : 200 ਰੁਪਏ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਰਿਵੀਊਕਾਰ : ਡਾ. ਸੰਦੀਪ ਰਾਣਾ
ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਥਾਪਿਤ ਹਸਤਾਖ਼ਰ ਹੈ। ਉਸ ਦੇ ਛੇ ਕਾਵਿ ਸੰਗ੍ਰਹਿ ਚੜ੍ਹਿਆ ਸੂਰਜ, ਫੁੱਲ ਤੇ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ, ਜ਼ਿੰਦਗੀ ਦੀ ਪੂੰਜੀ ਤੇ ਇਕ ਗ਼ਜ਼ਲ ਸੰਗ੍ਰਹਿ ਮਘਦਾ ਸੂਰਜ ਛਪ ਚੁੱਕੇ ਹਨ। ਵਿਚਾਰ ਅਧੀਨ ਪੁਸਤਕ ‘ਨਿਰਮੋਹੇ’ ਉਸ ਦਾ ਪਹਿਲਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਵਿੱਚ ਉਸ ਨੇ 79 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਮੁੱਖ ਅਧਿਆਪਕ ਵਜੋਂ ਰਿਟਾਇਰ ਹੋਇਆ ਮਹਿੰਦਰ ਸਿੰਘ ਮਾਨ ਅਸਲ ਵਿੱਚ ਵਿਗਿਆਨ ਦਾ ਅਧਿਆਪਕ ਸੀ। ਇਸੇ ਕਾਰਨ ਵਿਗਿਆਨ ਨਾਲ ਸਬੰਧਤ ਵਿਸ਼ੇ, ਅਨੁਭਵ ਤੇ ਸ਼ਬਦਾਵਲੀ ਇਨ੍ਹਾਂ ਮਿੰਨੀ ਕਹਾਣੀਆਂ ਵਿੱਚ ਵਰਤੀ ਗਈ ਹੈ। ਉਹ ਆਮ ਤੌਰ ਤੇ ਰੋਜ਼ਾਨਾ ਜੀਵਨ ਦੇ ਅਨੁਭਵਾਂ ਨੂੰ ਆਧਾਰ ਬਣਾ ਕੇ ਆਮ ਵਸੇਵੇ ਦੇ ਖਾਸ ਪਾਤਰਾਂ ਬਾਰੇ ਮਿੰਨੀ ਕਹਾਣੀਆਂ ਰਚਦਾ ਹੈ। ਉਸ ਦੀ ਕਲਪਿਤ ਸਰੋਕਾਰਾਂ ਨੂੰ ਚਿਤਰਨ ਦੀ ਕਾਬਲੀਅਤ ਉਸ ਦੀਆਂ ਮਿੰਨੀ ਕਹਾਣੀਆਂ ਦੇ ਪਾਤਰਾਂ ਵਿੱਚੋਂ ਦਿਸਦੀ ਹੈ। ਜ਼ਿਆਦਾਤਰ ਮਿੰਨੀ ਕਹਾਣੀਆਂ ਦੇ ਸਿਰਲੇਖ ਉਸ ਮਿੰਨੀ ਕਹਾਣੀ ਨੂੰ ਪੜ੍ਹਨ ਦੀ ਉਤਸੁਕਤਾ ਨੂੰ ਵਧਾਉਂਦੇ ਹਨ ਤੇ ਪਾਠਕ ਇਸੇ ਉਤਸੁਕਤਾ ਤਹਿਤ ਇੱਕੋ ਸਾਹੇ ਸਾਰੀ ਪੁਸਤਕ ਪੜ੍ਹ ਜਾਂਦਾ ਹੈ। ਮਿੰਨੀ ਕਹਾਣੀਆਂ ਨੈਤਿਕਤਾ ਦਾ ਪਾਠ ਪੜ੍ਹਾਉਂਦੀਆਂ ਹਨ ਤੇ ਸਭ ਵਸਤਾਂ ਦੇ ਗੁਣਾਤਮਿਕ ਪੱਖ ਨੂੰ ਵੇਖਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਪੁਸਤਕ ਦੀਆਂ ਵਧੀਆ ਮਿੰਨੀ ਕਹਾਣੀਆਂ ਵਿੱਚ ਅਣਗਹਿਲੀ, ਰੱਖੜੀ, ਵਧਾਈ, ਭਵਿੱਖਬਾਣੀ, ਜ਼ਲੀਲ, ਭੁੱਖ, ਫੈਸਲਾ, ਇਤਰਾਜ਼, ਨੁਕਸਾਨ, ਲਿਫ਼ਾਫ਼ਾ, ਭਾਰ, ਵਿਚਾਰੇ, ਚਿੰਤਾ, ਵਾਰੀ, ਪਤੰਗ, ਘਾਟ, ਪਲਾਟ, ਰਾਖੀ, ਡਰ, ਹਿੰਮਤ, ਬੋਝ, ਨਿਰਮੋਹੇ, ਗੁਰਦੁਆਰਾ, ਗਹਿਣੇ, ਵੋਟਾਂ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਉਸ ਨੂੰ ਮਿੰਨੀ ਕਹਾਣੀਆਂ ਲਿਖਣ ਦੀ ਪ੍ਰੇਰਨਾ ਅਣੂ ਨਾਂ ਦੀ ਮਿੰਨੀ ਪੱਤਰਕਾ ਅਤੇ ਮਿੰਨੀ ਤ੍ਰੈਮਾਸਿਕ ਮੈਗਜ਼ੀਨ ਤੋਂ ਮਿਲੀ। ਇਸ ਪੁਸਤਕ ਦੀ ਪ੍ਰਕਾਸ਼ਨਾ ਸਮੇਂ ਤੱਕ ਮਹਿੰਦਰ ਸਿੰਘ ਮਾਨ ਨੂੰ ਇਸ ਖੇਤਰ ਵਿੱਚ ਸਥਾਪਿਤ ਹਸਤਾਖ਼ਰ ਮੰਨਿਆ ਗਿਆ ਹੈ। ਉਸ ਦੀ ਕਲਾਤਮਿਕਤਾ ਉਸ ਦੁਆਰਾ ਅਸਲੀਅਤ ਚਿਤਰਨ ਵਿੱਚ ਹੈ। ਇਸੇ ਲਈ ਇਹ ਮਿੰਨੀ ਕਹਾਣੀਆਂ ਪਾਠਕਾਂ ਤੇ ਹਾਂ -ਪੱਖੀ ਪ੍ਰਭਾਵ ਪਾਉਂਦੀਆਂ ਹਨ। ਇਸ ਮਿੰਨੀ ਕਹਾਣੀ ਸੰਗ੍ਰਹਿ ਵਿੱਚ ਮਹਿੰਦਰ ਸਿੰਘ ਮਾਨ ਨੇ ਠੇਠ ਇਲਾਕਾਈ ਉਪ ਬੋਲੀ ਦੀ ਵਰਤੋਂ ਕੀਤੀ ਹੈ। ਉਸ ਵੱਲੋਂ ਬਿਆਨੀਆਂ, ਵਰਣਾਤਮਕ ਅਤੇ ਵਾਰਤਾਲਾਪੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਇਸ ਢੰਗ ਨਾਲ ਉਹ ਮਿੰਨੀ ਕਹਾਣੀ ਦੇ ਖੇਤਰ ਵਿੱਚ ਨਿਵੇਕਲੇ ਢੰਗ ਦੀਆਂ ਮਿੰਨੀ ਕਹਾਣੀਆਂ ਕਾਰਨ ਆਪਣੀ ਹੋਂਦ ਸਥਾਪਤ ਕਰਦਾ ਹੈ।

ਡਾ.ਸੰਦੀਪ ਰਾਣਾ
ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ
ਤਲਵੰਡੀ ਸਾਬੋ
