ਪੰਜਾਬੀ ਗ਼ਜ਼ਲਕਾਰੀ ਵਿੱਚ ਕੁਝ ਸ਼ਹਿਰਾਂ ਤੇ ਸ਼ਾਇਰਾਂ ਦੀ ਪਛਾਣ ਨਿਵੇਕਲੀ ਹੈ। ਨਾਭਾ ਉਨ੍ਹਾਂ ਸ਼ਹਿਰਾਂ ਵਿੱਚੋਂ ਪ੍ਰਮੁੱਖ ਹੈ ਜਿੱਥੇ ਉਰਦੂ ਸ਼ਾਇਰ ਪ੍ਰੋ. ਆਜ਼ਾਦ ਗੁਲਾਟੀ, ਪੰਜਾਬੀ ਗ਼ਜ਼ਲਗੋ ਗੁਰਦੇਵ ਨਿਰਧਨ, ਕੰਵਰ ਚੌਹਾਨ,ਸੁਰਜੀਤ ਰਾਮਪੁਰੀ ਅਤੇ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦੇ ਨਾਲ ਨਾਲ ਤੁਰਦਿਆਂ ਡਾ. ਤਰਲੋਕ ਸਿੰਘ ਆਨੰਦ ਨੇ ਵੀ ਮੁੱਲਵਾਨ ਗ਼ਜ਼ਲਾਂ ਲਿਖ ਕੇ ਆਪਣੀ ਵਿਸ਼ੇਸ਼ ਪਛਾਣ ਬਣਾਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ ਡਾ. ਆਨੰਦ ਦੇ ਇਹ ਦੋ ਸ਼ਿਅਰ ਪੰਜਾਬੀ ਸਰੋਤਿਆਂ ਨੂੰ ਮੂੰਹ ਜ਼ਬਾਨੀ ਯਾਦ ਹਨ।
ਡੁੱਬਿਆ ਰਿਹਾ ਕੁਝ ਇਸ ਕਦਰ ਤੇਰੇ ਖ਼ਿਆਲ ਵਿੱਚ।
ਮਿਸ਼ਰੀ ਦੀ ਥਾਂ ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿੱਚ।
ਜੇ ਸੁਣ ਸਕੇਂ ਤਾਂ ਸੱਚ ਇੱਕ ਮੈਂ ਵੀ ਹੈ ਆਖਣਾ,
ਸ਼ਾਮਿਲ ਹੈ ਤੇਰਾ ਇਸ਼ਕ ਵੀ ਮੇਰੇ ਜ਼ਵਾਲ ਵਿੱਚ।
ਡਾ. ਤਰਲੋਕ ਸਿੰਘ ਆਨੰਦ ਦਾ ਜਨਮ 10ਨਵੰਬਰ 1942 ਨੂੰ ਪਿੰਡ ਦੌਲਤਾਲਾ ਤਹਿਸੀਲ ਗੁੱਜਰਖ਼ਾਨ(ਰਾਵਲਪਿੰਡੀ) ਵਿੱਚ ਸ. ਇੰਦਰ ਸਿੰਘ ਦੇ ਘਰ ਮਾਤਾ ਜੀ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਦੇਸ਼ ਵੰਡ ਵੇਲੇ ਇਸ ਪਰਿਵਾਰ ਨੂੰ ਵੀ ਆਪਣੀ ਜੰਮਣ ਭੋਇੰ ਛੱਡ ਕੇ ਬੇਵਤਨੇ ਹੋਣਾ ਪਿਆ।
ਏਧਰ ਆਉਣ ਤੇ ਇਸ ਪਰਿਵਾਰ ਨੇ ਕੁਝ ਸਮਾਂ ਲੁਧਿਆਣਾ ਵਿੱਚ ਪੜਾਅ ਕੀਤਾ ਪਰ ਨਾਭਾ ਦੀ ਪੱਕੀ ਅਲਾਟਮੈਂਟ ਹੋਣ ਤੇ ਆਪ ਮਾਪਿਆਂ ਨਾਲ ਨਾਭਾ ਆਣ ਵੱਸੇ। ਇਥੋਂ ਹੀ ਆਪ ਨੇ 1962 ਵਿੱਚ ਰਿਪੁਦਮਨ ਕਾਲਿਜ ਨਾਭਾ ਤੋਂ ਗਰੈਜੂਏਸ਼ਨ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਨ ਤੇ ਪਹਿਲੇ ਬੈਚ ਵਿੱਚ ਦਾਖ਼ਲ ਹੋ ਕੇ 1965 ਵਿੱਚ ਐੱਮ ਏ ਪੰਜਾਬੀ ਤੇ 1974 ਵਿੱਚ ਪ੍ਰੋ. ਪੂਰਨ ਸਿੰਘ ਰਚਨਾਵਲੀ ਬਾਰੇ ਖੋਜ ਕਾਰਜ ਕਰਕੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਡਾ. ਤਰਲੋਕ ਸਿੰਘ ਆਨੰਦ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਡਾ. ਰਣਧੀਰ ਸਿੰਘ ਚੰਦ ਨੇ 1975 ਵਿੱਚ ਨਾਭਾ ਵਿਖੇ ਗੁਰਦੇਵ ਨਿਰਧਨ ਦੇ ਸਦਰ ਬਾਜ਼ਾਰ ਵਿਚਲੀ ਘੜੀ ਸਾਜ਼ ਵਾਲੀ ਦੁਕਾਨ ਵਿੱਚ ਕਰਵਾਈ। ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਉਦੋਂ ਪਹਿਲੀ ਵਾਰ ਨਾਭੇ ਗਏ ਸਾਂ। ਉਥੇ ਹੀ ਆਜ਼ਾਦ ਗੁਲਾਟੀ ਤੇ ਕੰਵਰ ਚੌਹਾਨ ਜੀ ਨਾਲ ਮੁਲਾਕਾਤ ਹੋਈ।
ਡਾ. ਤਰਲੋਕ ਸਿੰਘ ਆਨੰਦ ਜੀ ਦੀਆਂ ਸ਼ਾਇਰੀ ਦੀਆ ਹੁਣ ਤੀਕ ਸਿਰਫ਼ ਦੋ ਹੀ ਕਿਤਾਬਾਂ ਇੱਕ ‘ਬਿਆਨ ਹਲਫ਼ੀਆ’ ਤੇ ਇੱਕ ‘ਨਿਰੰਤਰ ਮੌਤ’ ਹਨ।
ਹੋਰ ਅਦਬੀ ਕੰਮ ਬਹੁਤ ਨੇ। ਸੋਹਣੀ ਫ਼ਜ਼ਲ ਸ਼ਾਹ, ਸੁਲਤਾਨ ਬਾਹੂ, ਪ੍ਰੋ. ਪੂਰਨ ਸਿੰਘ ਕਾਵਿ ਪ੍ਰਤਿਭਾ ਤੇ ਇੱਕ ਸ਼ਿਅਰ ਦੀ ਪਰਿਕਰਮਾ ਆਲੋਚਨਾ ਤੇ ਖੋਜ ਪੁਸਤਕਾ ਹਨ। ਗੁਰਮਤਿ ਬਾਰੇ ਤਿੰਨ ਕਿਤਾਬਾਂ ਇਹ ਤਉ ਬ੍ਰਹਮ ਵਿਚਾਰ ਅਤੇ ਬੋਲ ਸਦੀਵੀ ਪੰਦਾਬੀ ਵਿੱਚ ਹਨ ਜਦ ਕਿ The eternal word ਅੰਗਰੇਜ਼ੀ ਵਿੱਚ ਹੈ। ਛੇ ਸੰਪਾਦਿਤ ਪੁਸਤਕਾਂ ਹਨ। ਡਾ. ਆਨੰਦ ਨੇ ਦੋ ਪੁਸਤਕਾਂ ਫ਼ਖ਼ਰ ਜ਼ਮਾਂ ਦੀ ਚੋਣਵੀਂ ਕਵਿਤਾ ਤੇ ਅਹਿਸਾਨ ਬਟਾਲਵੀ ਦੇ ਨਾਵਲ “ਇੱਕ ਇੱਜੜ ਦੀ ਕਹਾਣੀ” ਦਾ ਲਿਪੀਅੰਤਰਣ ਵੀ ਕੀਤਾ ਹੈ।
ਡਾ. ਤਰਲੋਕ ਸਿੰਘ ਆਨੰਦ ਦੇ ਪਿਤਾ ਜੀ ਵੀ ਸਾਹਿੱਤ ਰਸੀਏ ਹੋਣ ਕਾਰਨ ਘਰ ਦੇ ਅਦਬੀ ਮਾਹੌਲ ਨੇ ਹੀ ਉਨ੍ਹਾਂ ਨੂੰ ਇਸ ਮਾਰਗ ਤੇ ਤੁਰਨ ਲਈ ਪ੍ਰੇਰਿਤ ਕੀਤਾ। ਪਿਤਾ ਜੀ ਦਾ ਮਨ ਪਸੰਦ ਕਵੀ ਪ੍ਰੋ. ਮੋਹਨ ਸਿੰਘ ਹੋਣ ਕਾਰਨ ਘਰ ਵਿੱਚ ਉਨ੍ਹਾਂ ਦੀ ਸ਼ਾਇਰੀ ਦੀ ਸਰਦਾਰੀ ਸੀ। ਉਸ ਦੇ ਅਸਰ ਸਦਕਾ ਡਾ. ਆਨੰਦ ਵੀ ਆਧੁਨਿਕ ਬੋਧ ਦਾ ਕਵੀ ਬਣ ਗਿਆ।
ਰਿਪੁਦਮਨ ਕਾਲਿਜ ਨਾਭਾ ਵਿੱਚ ਪੜ੍ਹਦਿਆਂ 1960 ਵਿੱਚ ਹੋਏ ਕਵੀ ਦਰਬਾਰ ਵਿੱਚ ਉਸਨੂੰ ਵੀ ਵਿਦਿਆਰਥੀ ਕਵੀ ਵਜੋਂ ਸ਼ਾਮਿਲ ਹੋਣ ਦਾ ਮਾਣ ਮਿਲਿਆ। ਉਸ ਕਵੀ ਦਰਬਾਰ ਦੀ ਪ੍ਰੇਰਨਾ ਹੀ ਉਸ ਦੀ ਅਦਬੀ ਪੂੰਜੀ ਬਣੀ।
ਪਿਛਲੇ ਦਿਨੀਂ ਉਨ੍ਹਾਂ ਦੀ ਸਮੁੱਚੀ ਸ਼ਾਇਰੀ “ਕੁੱਲ ਮਿਲਾ ਕੇ” ਨਾਮ ਹੇਠ ਸਪਰੈੱਡ ਪਬਲੀਕੇਸ਼ਨ ਰਾਮਪੁਰ(ਲੁਧਿਆਣਾ) ਵੱਲੋਂ ਅਮਰਿੰਦਰ ਸੋਹਲ ਨੇ ਛਾਪੀ ਹੈ।
ਮੈਨੂੰ ਮਾਣ ਹੈ ਕਿ ਮੈਂ ਡਾ. ਤਰਲੋਕ ਸਿੰਘ ਆਨੰਦ ਜੀ ਦਾ ਪਿਛਲੀ ਅੱਧੀ ਸਦੀ ਤੋਂ ਪਾਠਕ ਹਾਂ।
ਡਾ. ਤ੍ਰਿਲੋਕ ਸਿੰਘ ਆਨੰਦ
ਦੀਆਂ
ਪੰਜ ਗ਼ਜ਼ਲਾਂ
1.
ਡੁਬਿਆ ਰਿਹਾ ਹਾਂ ਇਸ ਕਦਰ ਤੇਰੇ ਖ਼ਿਆਲ ਵਿਚ।
ਮਿਸ਼ਰੀ ਦੀ ਥਾਂ ’ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚ।
ਪੱਥਰ ਨਹੀਂ ਹਾਂ ਮੈਂ ਮੇਰਾ ਕੁਝ ਤਾਂ ਖ਼ਿਆਲ ਕਰ ,
ਧੁੱਪਾਂ ਵੀ ਠਿਠਰ ਜਾਂਦੀਆਂ ਬਿਫਰੇ ਸਿਆਲ ਵਿਚ।
ਨੈਣਾਂ ਦੇ ਨਿੱਕੇ ਟੀਲਿਆਂ ਕਿੰਨਾ ਕੁ ਸਾਂਭਣਾ ,
ਲੱਖ ਸੂਰਜਾਂ ਦਾ ਮੇਲ ਹੈ ਉਸ ਦੇ ਜਲਾਲ ਵਿਚ।
ਜੇ ਸੁਣ ਸਕੇਂ ਤਾਂ ਸੱਚ ਇਕ ਮੈਂ ਵੀ ਹੈ ਆਖਣਾ ,
ਸ਼ਾਮਲ ਹੈ ਤੇਰਾ ਇਸ਼ਕ ਵੀ ਮੇਰੇ ਜ਼ਵਾਲ ਵਿਚ।
ਤੇਰੀ ਜਫ਼ਾ ਤੇ ਵਕਤ ਨੇ ਲਿਆਂਦਾ ਹੈ ਜੋ ‘ਆਨੰਦ’ ,
ਸੁਪਨੇ ਦੇ ਮਹਲ ਢਹਿ ਗਏ ਓਸੇ ਭੂਚਾਲ ਵਿੱਚ।
2.
ਗ਼ਜ਼ਲ
ਆ ਆਪਾਂ ਦੋਵੇਂ ਹੀ ਰਲ਼ ਕੇ, ਅਪਣੀ ਇਕ ਬਣਾਈਏ ਐਲਬਮ।
ਸਭ ਤਸਵੀਰਾਂ ਲਾ ਕੇ ਪੁੱਠੀਆਂ, ਵਖਰੀ ਤਰ੍ਹਾਂ ਸਜਾਈਏ ਐਲਬਮ।
ਕਿਧਰੇ ਸਾਡੇ ਰਾਜ਼ ਨਾ ਖੁੱਲ੍ਹਣ, ਹੋਈਏ ਨਾ ਬਦਨਾਮ ਅਸੀਂ ,
ਹਰ ਇਕ ਵੈਰੀ ਅੱਖ ਤੋਂ ਕੀਕਰ, ਆਪਾਂ ਦਸ ਛੁਪਾਈਏ ਐਲਬਮ।
ਪਿਆਰ ‘ਚ ਕੀ ਖੋਇਆ, ਕੀ ਪਾਇਆ, ਪੁੱਛ ਲਵੇ ਜੇ ਕੋਈ ਵਿਅਕਤੀ ,
ਮੂੰਹੋਂ ਤਾਂ ਕੁਝ ਵੀ ਨਾ ਕਹੀਏ, ਬਸ ਉਸ ਨੂੰ ਦਿਖਲਾਈਏ ਐਲਬਮ।
ਜਿਸ ਵੀ ਥਾਂ ’ਤੇ ਹੋਏ ਆਯੋਜਿਤ, ਦੁਰਲਭ ਪੀੜਾਂ ਦਾ ਪ੍ਰਦਰਸ਼ਨ ,
ਉਸ ਮੇਲੇ ਵਿਚ ਇਕਲਵਾਂਝੇ ਆਪਣੀ ਵੀ ਰਖਵਾਈਏ ਐਲਬਮ।
ਆ ਕਿ ਅੱਜ ਦੀ ਏਸ ਘੜੀ ਤੋਂ ਨਵਰੰਗਾਂ ਦੀ ਭਾਲ ਅਰੰਭੀਏ ,
ਸਭ ਤੋਂ ਪਹਿਲਾਂ ਅਪਣੇ ਹੱਥੀਂ, ਅੱਗ ਦੇ ਵਿਚ ਜਲਾਈਏ ਐਲਬਮ।
- ਭਾਲ਼ ਤੇਰੀ ਵਿਚ ਨਿਕਲ਼ਿਆ ਜਿਹੜਾ ਹੋਰ ਭਲਾ ਕੀ ਕਰ ਜਾਵੇਗਾ ।
ਅਪਣਾ ਪਰਛਾਵਾਂ ਵੀ ਖੋ ਕੇ ਖ਼ਾਲੀ ਹੱਥੀਂ ਘਰ ਜਾਵੇਗਾ।
ਐਸਾ ਗਾਹਕ ਨਾ ਮਿਲਣਾ ਮੁੜ ਕੇ, ਦੇਖੀਂ ਇਸ ਨੂੰ ਮੋੜ ਨਾ ਦੇਵੀਂ ,
ਦੋ ਹੋਠਾਂ ਦੇ ਹਾਸੇ ਬਦਲੇ ਉਮਰਾ ਗਹਿਣੇ ਧਰ ਜਾਵੇਗਾ।
ਤੇਰੇ ਮੁੱਖ ਦਾ ਮਘਦਾ ਸੂਰਜ ਜਦ ਚੜ੍ਹਿਆ ਵਿਹੜੇ ਵਿਚ ਮੇਰੇ ,
ਕੁੱਲ ਉਮਰਾ ਦਾ ਸਾਰਾ ਨ੍ਹੇਰਾ ਪਲ ਛਿਣ ਵਿਚ ਹੀ ਹਰ ਜਾਵੇਗਾ।
ਤੇਰੇ ਹੁੰਦਿਆਂ ਪਰਦਿਆਂ ਉਤਲੇ ਫੁੱਲਾਂ ਦੇ ਵਿਚ ਖ਼ੁਸ਼ਬੋਈ ਹੈ ,
ਤੇਰੇ ਬਾਝੋਂ ਚਾਦਰ ਉਤਲਾ ਮੋਰ ਸੁਨਹਿਰੀ ਮਰ ਜਾਵੇਗਾ।
ਝੀਲਾਂ ਵਰਗੀਆਂ ਗਹਿਰੀਆਂ ਅੱਖਾਂ ਤੇ ਜੋਬਨ ਦਾ ਸੀਤਲ ਪਾਣੀ ,
ਜੋ ਨਾ ਡੁਬਿਆ ਵਿਚ ਇਨ੍ਹਾਂ ਦੇ ਸਿਖਰ ਦੁਪਹਿਰੇ ਠਰ ਜਾਵੇਗਾ।
4.
ਹੋਵੇ ਜੇ ਦਿਲ ਉਦਾਸ ਤਾਂ ਮੇਰਾ ਕਲਾਮ ਪੜ੍ਹ ।
ਆਵੇ ਨਾ ਜੀਣ ਰਾਸ ਤਾਂ ਮੇਰਾ ਕਲਾਮ ਪੜ੍ਹ।
ਕਿੰਜ ਹਾਸਿਆਂ ਦੇ ਵਿਚ ਇਹ ਹੰਝੂ ਨੇ ਵਟ ਗਏ ,
ਇਹ ਜਾਣਨਾ ਇਤਿਹਾਸ ਤਾਂ ਮੇਰਾ ਕਲਾਮ ਪੜ੍ਹ।
ਕੰਡਿਆਂ ਦੇ ਕੋਲ ਰਹਿ ਕੇ ਵੀ ਫੁੱਲਾਂ ਦੇ ਆਸ਼ਕਾ ,
ਆਵੇ ਨਾ ਤੈਨੂੰ ਬਾਸ ਤਾਂ ਮੇਰਾ ਕਲਾਮ ਪੜ੍ਹ।
ਤਨਹਾਈਆਂ ਦੇ ਨ੍ਹੇਰ ਵਿਚ ਘਿਰਨਾ ਤਾਂ ਠੀਕ ਨਾ ,
ਹੋਵੇ ਨਾ ਕੋਈ ਪਾਸ ਤਾਂ ਮੇਰਾ ਕਲਾਮ ਪੜ੍ਹ।
ਦਰਦਾਂ ਦੀ ਭੀੜ ਵਿਚ ਜਦ ਘਿਰ ਜਾਵੇ ਜ਼ਿੰਦਗੀ ,
ਮੁਸ਼ਕਿਲ ਜੇ ਆਏ ਸਾਸ ਤਾਂ ਮੇਰਾ ਕਲਾਮ ਪੜ੍ਹ।
5
ਕਲ੍ਹ ਤਕ ਹਰ ਪਾਸੇ ਦਿਸਦੇ ਸਨ ਖਿੰਡੇ ਹੋਏ ਕੁਝ ਖ਼ਾਬ ਸੁਨਹਿਰੇ ।
ਅੱਜ ਉਦਾਸੀ ਘਰ ਦੀ ਮਾਲਕ ਹੋਠਾਂ ‘ਤੇ ਪੀੜਾਂ ਦੇ ਪਹਿਰੇ।
ਲਾਇਬ੍ਰੇਰੀ ਦੇ ਵਿਚ ਬੈਠੇ ਵਰਕੇ ਪਲਟੀ ਜਾਵਣ ਕਿਉਂ ,
ਅੱਖੀਆਂ ਅੱਖਰ ਸ਼ੋਰ ਮਚਾਵਣ, ਸੁਣਦੇ ਨਹੀਂ ਕੀ ਲੋਕੀ ਬਹਿਰੇ ?
ਪੁਛਦਾ ਏਂ ਕਿਉਂ ਕਾਰਨ ਮੈਥੋਂ, ਮੇਰੀ ਇਸ ਮਾਯੂਸੀ ਦਾ ,
ਜੀਕਰ ਤੈਨੂੰ ਪਤਾ ਨਹੀਂ ਹੈ, ਫੁੱਲ ਖਿੜਦੇ ਨੂੰ ਕਦੋਂ ਦੁਪਹਿਰੇ।
ਆਣ ਥਲਾਂ ਵਿਚ ਸੱਸੀ ਵਾਕੁਰ, ਕਿਣਕਾ-ਕਿਣਕਾ ਵਿਛ ਗਿਐ ,
ਉਹ ਰਾਹੀ ਜੋ ਤਰ ਕੇ ਆਇਆ, ਰਸਤੇ ਵਿਚ ਸਮੁੰਦਰ ਗਹਿਰੇ।
ਕਬਜ਼ੇ ਦੇ ਇਹਸਾਸ ਦੇ ਕਾਰਨ ਭੁੱਲ ਕੇ ਤੈਨੂੰ ਆਖ ਗਿਆ ਸਾਂ ,
ਉਂਜ ਤਾਂ ਮੈਨੂੰ ਭੇਤ ਹੈ ਇਸ ਦਾ ਸੂਰਜ ਨਾ ਇਕ ਘਰ ਵਿਚ ਠਹਿਰੇ।
▪️ਗੁਰਭਜਨ ਗਿੱਲ

