ਸੋਲਾਂ ਸਾਲ ਪਹਿਲਾਂ ਗਿਆਨ ਚੰਦ ਸਾਡੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਮੁੱਖ ਅਧਿਆਪਕ ਪਰਮੋਟ ਹੋ ਕੇ ਆਇਆ ਸੀ। ਮੈਂ ਉਸ ਤੋਂ ਦੋ ਸਾਲ ਪਹਿਲਾਂ ਇਸੇ ਸਕੂਲ ਵਿੱਚ ਬਤੌਰ ਸ. ਸ. ਮਾਸਟਰ ਆਇਆ ਸੀ। ਆਪਣੇ ਪਿੰਡ ਦਾ ਸਕੂਲ ਹੋਣ ਕਰਕੇ ਮੈਂ ਉਸ ਨੂੰ ਹਰੇਕ ਕੰਮ ਵਿੱਚ ਸਹਿਯੋਗ ਦਿੰਦਾ ਆ ਰਿਹਾ ਸੀ। ਮੇਰੇ ਸਹਿਯੋਗ ਦੇਣ ਨਾਲ ਉਸ ਨੂੰ ਬਾਕੀ ਅਧਿਆਪਕਾਂ ਦੀ ਬਹੁਤੀ ਲੋੜ ਨਹੀਂ ਪਈ ਸੀ। ਸੋਲਾਂ ਸਾਲ ਮੁੱਖ ਅਧਿਆਪਕ ਦੀ ਕੁਰਸੀ ਤੇ ਬੈਠਾ ਉਹ ਅੱਕ ਜਿਹਾ ਗਿਆ ਸੀ। ਉਸ ਨੂੰ ਮੁੱਖ ਅਧਿਆਪਕ ਦਾ ਅਹੁਦਾ ਛੋਟਾ, ਛੋਟਾ ਲੱਗਣ ਲੱਗ ਪਿਆ ਸੀ। ਉਹ ਪ੍ਰਿੰਸੀਪਲ
ਦੀ ਪਰਮੋਸ਼ਨ ਲਈ ਏਨਾ ਕਾਹਲਾ ਸੀ ਜਿਵੇਂ ਪ੍ਰਿੰਸੀਪਲ ਬਣ ਕੇ ਉਸ ਨੇ ਗਿਆਨ ਚੰਦ ਤੋਂ ਹੋਰ ਕੁਝ ਬਣ ਜਾਣਾ ਸੀ। ਉਹ ਕਈ ਵਾਰ ਮੇਰੇ ਨਾਲ ਆਪਣੇ ਦਿਲ ਦੀ ਭੜਾਸ ਕੱਢ ਲੈਂਦਾ, “ਇਹ ਨਕੰਮੀ ਸਰਕਾਰ ਜਦੋਂ ਦੀ ਆਈ ਆ, ਸਿੱਖਿਆ ਵਿਭਾਗ ‘ਚ ਕਿਸੇ ਦੀ ਪਰਮੋਸ਼ਨ ਨ੍ਹੀ ਕੀਤੀ। ਸੋਲਾਂ ਸਾਲ ਤੋਂ ਇੱਕੋ ਕੁਰਸੀ ਤੇ ਬੈਠਾ ਥੱਕ ਗਿਆਂ ਆਂ। ਹਾਲੇ ਹੋਰ ਪਤਾ ਨ੍ਹੀ ਕਿੰਨਾ ਚਿਰ ਇਸ ਕੁਰਸੀ ਤੇ ਬੈਠਣਾ ਪਊ।”
ਇਹ ਗੱਲਾਂ ਕਰਦਿਆਂ ਉਸ ਨੂੰ ਇਹ ਚੇਤਾ ਹੀ ਨਾ ਰਹਿੰਦਾ ਕਿ ਮੈਂ ਵੀ ਮਾਸਟਰ ਕਾਡਰ ਵਿੱਚ ਪਿਛਲੇ ਬੱਤੀ ਸਾਲ ਤੋਂ ਕੰਮ ਕਰ ਰਿਹਾ ਹਾਂ ਤੇ ਮੈਨੂੰ ਵੀ ਪਰਮੋਸ਼ਨ ਦੀ ਲੋੜ ਹੈ। ਆਪਣਾ ਦਰਦ ਛੁਪਾ ਕੇ ਫਿਰ ਵੀ ਮੈਂ ਉਸ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ, “ਸਰ ਜੀ, ਸਾਡੇ ਸਕੂਲ ਦੇ ਨਤੀਜੇ ਹਰ ਸਾਲ ਵਧੀਆ ਹੁੰਦੇ ਆ। ਨਾਲੇ ਤੁਹਾਡਾ ਆਪਣਾ ਨਤੀਜਾ ਵੀ ਹਰ ਸਾਲ ਵਧੀਆ ਹੁੰਦਾ ਆ। ਇਸ ਲਈ ਤੁਹਾਡੀ ਪਰਮੋਸ਼ਨ ਜ਼ਰੂਰ ਹੋਊ।”
ਫਿਰ ਅਚਾਨਕ ਇਕ ਦਿਨ ਗਿਆਨ ਚੰਦ ਦੇ
ਸਰਕਾਰੀ ਸੈਕੰਡਰੀ ਸਕੂਲ ਬੰਗਾ ਵਿੱਚ ਬਤੌਰ ਪ੍ਰਿੰਸੀਪਲ ਦੇ ਪਰਮੋਸ਼ਨ ਆਰਡਰ ਆ ਗਏ। ਉਸ ਨੂੰ ਜਿਵੇਂ ਪਰ ਲੱਗ ਗਏ ਹੋਣ। ਉਹ ਹਵਾ ਵਿੱਚ ਉੱਡਣ ਲੱਗ ਪਿਆ। ਉਸ ਦਾ ਜਿਵੇਂ ਮੇਰੇ ਨਾਲ ਕੋਈ ਸਬੰਧ ਹੀ ਨਾ ਰਿਹਾ ਹੋਵੇ। ਉਸ ਦਾ ਮੇਰੇ ਨਾਲ ਗੱਲ ਕਰਨ ਦਾ ਅੰਦਾਜ਼ ਹੀ ਬਦਲ ਗਿਆ। ਉਹ ਸਾਡੇ ਪਿੰਡ ਦੇ ਸਕੂਲ ਤੋਂ ਵਿਦਾ ਹੋ ਕੇ ਕਈ ਮਹੀਨੇ ਮੇਰਾ ਫੋਨ ਉਡੀਕਦਾ ਰਿਹਾ ਪਰ ਮੈਂ ਉਸ ਨੂੰ ਕੋਈ ਫੋਨ ਨਾ ਕੀਤਾ। ਉਸ ਨੂੰ ਹਵਾ ਵਿੱਚ ਉੱਡਦਾ ਵੇਖਦਾ ਰਿਹਾ। ਫਿਰ ਅਚਾਨਕ ਇਕ ਦਿਨ ਉਸ ਦਾ ਫੋਨ ਆ ਗਿਆ, “ਕੀ ਗੱਲ,ਭੁੱਲ ਗਿਆਂ, ਕਦੇ ਯਾਦ ਨ੍ਹੀ ਕੀਤਾ।”
“ਨਹੀਂ ਸਰ ਜੀ, ਮੈਂ ਤੁਹਾਨੂੰ ਭੁੱਲਿਆ ਨ੍ਹੀ। ਮੈਂ ਪਰਾਂ ਤੋਂ ਬਗੈਰ ਆਂ, ਤੁਹਾਡੇ ਪਰ ਲੱਗੇ ਹੋਏ ਆ। ਤੁਸੀਂ ਹਵਾ ‘ਚ ਉੱਡ ਰਹੇ ਹੋ। ਮੈਂ ਤੁਹਾਡੇ ਨਾਲ ਹਵਾ ‘ਚ ਕਿਵੇਂ ਂਉੱਡ ਸਕਦਾਂ? ਜੇ ਉੱਡਿਆ ਤਾਂ ਲੱਤਾਂ ਤੜਵਾ ਲਵਾਂਗਾ।”
ਮੈਂ ਉਸ ਨੂੰ ਇਹ ਗੱਲਾਂ ਇੱਕੋ ਸਾਹੇ ਕਹਿ ਦਿੱਤੀਆਂ ਤੇ ਇਹ ਵੀ ਨਾ ਸੋਚਿਆ ਕਿ ਇਨ੍ਹਾਂ ਗੱਲਾਂ ਦਾ ਉਸ ਤੇ ਕੀ ਅਸਰ ਪਵੇਗਾ ਪਰ ਰੱਬ ਦਾ ਸ਼ੁਕਰ, ਮੇਰੀਆਂ ਇਹ ਗੱਲਾਂ ਸੁਣ ਕੇ ਉਹ ਕੁਝ ਨਾ ਬੋਲਿਆ ਤੇ ਫੋਨ ਕੱਟ ਦਿੱਤਾ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554