ਅੱਜ ਤੋਂ 40 ਸਾਲ ਪਹਿਲਾਂ ਜ਼ੁਲਮ ਦੀ ਵਰ੍ਹਦੀ ਅੱਗ ਵਿੱਚ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਦਮਦਮੀ ਟਕਸਾਲ ਵੱਲੋਂ ਸਰਬੱਤ ਖ਼ਾਲਸਾ ਸਮਾਗਮ ਕੀਤਾ ਗਿਆ ਸੀ ਜਿਸ ਨੂੰ ਅੱਜ ਯਾਦ ਕਰਨਾ ਬਣਦਾ ਹੈ। ਇਸ ਸਰਬੱਤ ਖਾਲਸਾ ਤੋਂ ਭਾਰਤ ਸਰਕਾਰ, ਅਖੌਤੀ ਅਕਾਲੀ ਅਤੇ ਪੰਥ ਦੇ ਹੋਰ ਦੁਸ਼ਮਣ ਪੂਰੀ ਤਰ੍ਹਾਂ ਡਰ ਗਏ ਸਨ। ਤਕਰੀਬਨ ਡੇਢ ਸਦੀ ਬਾਅਦ ਇਸ ਮਹਾਨ ਸੰਸਥਾ ਦੀ ਵਿਰਾਸਤ ਨਾਲ ਜੁੜ ਕੇ ਅਠਾਰ੍ਹਵੀਂ ਸਦੀ ਦੇ ਸਿੰਘਾਂ-ਸੂਰਮਿਆਂ ਵਾਂਗ ਸਰਕਾਰ ਦੇ ਨੱਕ ਵਿੱਚ ਦਮ ਕਰਨ ਲਈ ਅਤੇ ਪੰਥ ਦੇ ਭਵਿੱਖ ਤੇ ਸੰਘਰਸ਼ ਦੀ ਰਣਨੀਤੀ ਤੇ ਤਕਦੀਰ ਘੜਨ ਕਰਨ ਲਈ ਇਹ ਸਰਬੱਤ ਖ਼ਾਲਸਾ ਸਮਾਗਮ ਹੋਇਆ ਸੀ। ਇਸ ਤੋਂ ਪਹਿਲਾਂ ਜੂਨ 1984 ਦਾ ਘੱਲੂਘਾਰਾ ਵਾਪਰ ਚੁੱਕਾ ਸੀ ਜਿਸ ਵਿੱਚ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਵਿੱਚ ਜੁਝਾਰੂ ਸਿੰਘਾਂ ਨੇ ਚੜ੍ਹ ਕੇ ਆਈ ਭਾਰਤੀ ਫ਼ੌਜ ਨੂੰ ਖ਼ਾਲਸਾਈ ਹੱਥ ਵਿਖਾਉਂਦਿਆ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਦੁਹਰਾਇਆ ਸੀ। ਇਸ ਫ਼ੌਜੀ ਹਮਲੇ ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਸੈਂਕੜੇ ਗੋਲ਼ੀਆਂ ਲੱਗੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਹੋਇਆ, ਸਿੱਖ ਰੈਫਰੈਂਸ ਲਾਈਬ੍ਰੇਰੀ ਲੁੱਟੀ ਗਈ, ਤੋਸ਼ਾਖਾਨਾ ਸਾੜਿਆ ਗਿਆ ਅਤੇ ਹਜ਼ਾਰਾਂ ਸੰਗਤਾਂ ਨੂੰ ਬੇਦਰਦੀ ਨਾਲ਼ ਸ਼ਹੀਦ ਕੀਤਾ ਗਿਆ ਅਤੇ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਜੇਲ੍ਹਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ। ਫਿਰ ਪਾਪਣ ਇੰਦਰਾ ਗਾਂਧੀ ਦੀ ਮੌਤ ਤੋਂ ਨਵੰਬਰ 1984 ਵਿੱਚ ਰਾਜਧਾਨੀ ਦਿੱਲੀ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ, ਗੁਰਦੁਆਰੇ ਸਾੜੇ ਗਏ, ਸਿੱਖਾਂ ਦੇ ਗਲ਼ਾਂ ‘ਚ ਬਲ਼ਦੇ ਟਾਇਰ ਪਾਏ ਗਏ, ਬੀਬੀਆਂ ਦੀ ਪੱਤ ਲੁੱਟੀ ਗਈ ਤੇ ਫਿਰ ਪੰਜਾਬ ਵਿੱਚ ਵੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਣ ਲੱਗੇ। ਇਹਨਾਂ ਭਿਆਨਕ ਹਲਾਤਾਂ ਵਿੱਚ ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ, ਬਹੁਤਾਂਤ ਸਿੰਘ ਰੂਪੋਸ਼ ਹੋ ਚੁੱਕੇ ਸਨ, ਟਾਂਵੇ-ਟਾਂਵੇ ਜੁਝਾਰੂ ਐਕਸ਼ਨ ਅਤੇ ਸ਼ਹੀਦੀਆਂ ਹੋ ਰਹੀਆਂ ਸਨ। ਇਸ ਸਮੇਂ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂ ਪੂਰੀ ਤਰ੍ਹਾਂ ਨਿਸਲ ਹੋ ਚੁੱਕੇ ਸਨ ਤੇ ਉਹ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਸਨ। ਉਸ ਸਮੇਂ ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 28-29 ਦਸੰਬਰ 1985 ਨੂੰ ਵੱਡਾ ਸ਼ਹੀਦੀ ਸਮਾਗਮ ਕੀਤਾ ਗਿਆ ਜਿੱਥੇ ਪਹਿਲੀ ਵਾਰ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਹੋਇਆ ਤੇ ਗੁਰਮਤਿਆਂ ਵਿੱਚ ਮਤਾ ਪਾਸ ਕਰਕੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਇਆ ਗਿਆ। ਇਸ ਸਮਾਗਮ ਨੂੰ ਰੋਕਣ ਲਈ ਸਰਕਾਰ ਨੇ ਗ੍ਰਿਫ਼ਤਾਰੀਆਂ, ਜ਼ੁਲਮ ਅਤੇ ਹਰ ਹੀਲਾ ਕੀਤਾ ਪਰ ਫਿਰ ਵੀ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਸੱਦੇ ਉੱਤੇ ਲੱਖਾਂ ਸੰਗਤਾਂ ਦਾ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ। ਸੰਗਤਾਂ ਤਾਂ ਇਹ ਠਾਠਾਂ ਮਾਰਦਾ ਇਕੱਠ ਜੋ ਭਾਰਤ ਸਰਕਾਰ ਦੇ ਖ਼ਿਲਾਫ਼ ਅਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਦੇ ਹੱਕ ਵਿੱਚ ਨਿੱਤਰਿਆ ਸੀ ਤੇ ਹਰ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗੂੰਜ ਰਹੇ ਸਨ, ਇਹ ਖ਼ਾਲਸਾਈ ਵਿਲੱਖਣਤਾ ਅਤੇ ਸ਼ਾਨ ਦਾ ਪ੍ਰਗਟਾਵਾ ਸੀ ਜਿਸ ਨੂੰ ਵੇਖ ਕੇ ਸਰਕਾਰ ਹੱਕੀ-ਬੱਕੀ ਰਹਿ ਗਈ। ਸਰਬੱਤ ਖ਼ਾਲਸਾ ਸਮਾਗਮ ਵਿੱਚ 23 ਗੁਰਮਤੇ ਪਾਸ ਕੀਤੇ ਗਏ “ਜਿਸ ਵਿੱਚ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਨਿਹੰਗ ਨੂੰ ਕੌਮ ਦਾ ਗ਼ੱਦਾਰ ਕਿਹਾ ਗਿਆ ਅਤੇ ਉਸ ਵੱਲੋਂ ਸਰਕਾਰੀ ਪੈਸੇ ਨਾਲ ਬਣਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਦਮਦਮੀ ਟਕਸਾਲ ਵੱਲੋਂ ਸੰਗਤ ਦੇ ਹੱਥਾਂ ਤੇ ਦਸਵੰਧ ਨਾਲ ਨਵ-ਉਸਾਰੀ ਕਰਵਾਉਣ ਦੀ ਸੇਵਾ ਸ਼ੁਰੂ ਹੋਈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਦਾ ਸੋਨੇ ਦੇ ਤਗਮਿਆਂ ਨਾਲ਼ ਸਨਮਾਨ ਕੀਤਾ ਗਿਆ, ਸ਼੍ਰੋਮਣੀ ਕਮੇਟੀ ਅਤੇ ਹੋਰ ਲੋਕਲ ਕਮੇਟੀਆਂ ਨੂੰ ਭੰਗ ਕਰਨ ਦਾ ਐਲਾਨ ਹੋਇਆ, ਪੰਜ ਮੈਂਬਰੀ ਪੰਥਕ ਕਮੇਟੀ ਦਾ ਗਠਨ ਕੀਤਾ ਗਿਆ, ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਗਿਆਨੀ ਬਖਸ਼ੀਸ਼ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ (ਨਜ਼ਰਬੰਦ ਸਾਗਰ ਜੇਲ੍ਹ) ਤੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਥਾਪਿਆ ਗਿਆ। ਸਿੱਖਾਂ ਦੇ ਕਤਲੇਆਮ ਲਈ ਇੰਦਰਾ ਗਾਂਧੀ, ਰਾਜੀਵ ਗਾਂਧੀ, ਭਜਨ ਲਾਲ, ਜ਼ੈਲ ਸਿੰਘ, ਬੂਟਾ ਸਿੰਘ, ਦਰਬਾਰਾ ਸਿੰਘ, ਜਨਰਲ ਬਰਾੜ, ਜਗਦੀਸ਼ ਟਾਈਟਲਰ, ਜਨਰਲ ਵੈਦਿਆ ਤੇ ਹੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕਰਨ ਵਾਲੇ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ, ਸੁਖਜਿੰਦਰ ਸਿੰਘ, ਬਲਵੰਤ ਸਿੰਘ ਰਾਮੂੰਵਾਲੀਆ ਅਤੇ ਰਵੀ ਇੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਪਟਿਆਲੇ ਦੇ ਰਾਜਕੁਮਾਰ ਅਮਰਿੰਦਰ ਸਿੰਘ ਨੂੰ ਬੁੱਕਲ ਦਾ ਸੱਪ ਕਿਹਾ ਗਿਆ। ਸਰਬੱਤ ਖ਼ਾਲਸਾ ਸਮਾਗਮ ਨੇ ਸਪੱਸ਼ਟ ਕੀਤਾ ਕਿ ਸਿੱਖ ਭਾਰਤ ਵਿੱਚ ਗ਼ੁਲਾਮ ਹਨ ਅਤੇ ਆਜ਼ਾਦੀ ਉਹਨਾਂ ਦਾ ਮੁੱਢਲਾ ਹੱਕ ਹੈ। ਇੱਕ ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਦੁਸ਼ਟ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਜੇ ਫਾਂਸੀ ਦਿੱਤੀ ਗਈ ਤਾਂ ਉਹ ਖ਼ਾਲਿਸਤਾਨ ਦੇ ਸ਼ਹੀਦ ਕਹੇ ਜਾਣਗੇ।” ਸਰਬੱਤ ਖਾਲਸਾ ਵੱਲੋਂ ਗਠਿਤ ਕੀਤੀ ਪੰਜ ਮੈਂਬਰੀ ਪੰਥਕ ਕਮੇਟੀ ਦੇ ਮੈਂਬਰਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਅਰੂੜ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਵੱਸਣ ਸਿੰਘ ਜੱਫ਼ਰਵਾਲ ਨੇ ਇਸ ਤੋਂ ਬਾਅਦ 29 ਅਪ੍ਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਦੀ ਹੀ ਪ੍ਰੋੜਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ “ਜੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।” ਫਿਰ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੇ ਜੁਝਾਰੂ ਕਾਰਵਾਈਆਂ ਕੀਤੀਆਂ, ਦੁਸ਼ਟਾਂ ਨੂੰ ਸੋਧਿਆ, ਤਸੀਹੇ ਝੱਲੇ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਸ ਸਰਬੱਤ ਖ਼ਾਲਸਾ ਕਰਕੇ ਸਿੱਖ ਪੰਥ ਦੀ ਖਿੰਡਰੀ ਹੋਈ ਸ਼ਕਤੀ ਇਕੱਠੀ ਹੋਈ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਹੋਈ ਤੇ ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਚੱਲਿਆ ਜੋ ਅੱਜ ਵੀ ਜਾਰੀ ਹੈ। 26 ਜਨਵਰੀ 1986 ਸਿੱਖ ਕੌਮ ਦੀ ਇਤਿਹਾਸਕ ਦਿਨ ਸੀ ਤੇ ਸਰਬੱਤ ਖਾਲਸਾ ਵਿੱਚ ਇਤਿਹਾਸਕ ਫੈਸਲੇ ਹੋਏ ਸਨ ਜਿਸ ਉੱਤੇ ਕੌਮ ਨੂੰ ਸਦਾ ਮਾਣ ਰਹੇਗਾ।
- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.
……..

