ਗਣਤੰਤਰ ਦਿਵਸ: ਭਾਰਤੀ ਲੋਕਤੰਤਰ ਦੀ ਆਤਮਾ
26 ਜਨਵਰੀ ਭਾਰਤ ਦੇ ਇਤਿਹਾਸ ਵਿੱਚ ਇੱਕ ਅਤਿ ਮਹੱਤਵਪੂਰਨ ਅਤੇ ਗੌਰਵਮਈ ਦਿਨ ਹੈ। ਇਸ ਦਿਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅਤੇ ਦੇਸ਼ ਨੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਬਣੇ ਕਾਨੂੰਨਾਂ ਤੋਂ ਮੁਕਤੀ ਹਾਸਲ ਕਰਕੇ ਆਪਣੇ ਆਪ ਨੂੰ ਇੱਕ ਸੰਪੂਰਨ ਗਣਤੰਤਰ ਰਾਜ ਘੋਸ਼ਿਤ ਕੀਤਾ। ਗਣਤੰਤਰ ਦਿਵਸ ਸਿਰਫ਼ ਇੱਕ ਰਾਸ਼ਟਰੀ ਤਿਉਹਾਰ ਹੀ ਨਹੀਂ, ਸਗੋਂ ਇਹ ਭਾਰਤੀ ਲੋਕਤੰਤਰ, ਸੰਵਿਧਾਨਕ ਮੁੱਲਾਂ ਅਤੇ ਦੇਸ਼ ਦੀ ਸਰਵ ਭੌਮਤਾ ਦਾ ਪ੍ਰਤੀਕ ਹੈ।
ਭਾਰਤ ਦਾ ਸੰਵਿਧਾਨ ਡਾ. ਭੀਮਰਾਓ ਅੰਬੇਡਕਰ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ, ਜੋ ਦੁਨੀਆ ਦੇ ਸਭ ਤੋਂ ਵਿਸਤ੍ਰਿਤ ਅਤੇ ਲੋਕਤਾਂਤਰਿਕ ਸੰਵਿਧਾਨਾਂ ਵਿੱਚੋਂ ਇੱਕ ਹੈ। ਇਹ ਸੰਵਿਧਾਨ ਹਰ ਨਾਗਰਿਕ ਨੂੰ ਸਮਾਨਤਾ, ਆਜ਼ਾਦੀ, ਨਿਆਂ ਅਤੇ ਭਰਾਤ੍ਰਤਾ ਦੇ ਅਧਿਕਾਰ ਦਿੰਦਾ ਹੈ, ਭਾਵੇਂ ਉਸ ਦੀ ਜਾਤ, ਧਰਮ, ਭਾਸ਼ਾ ਜਾਂ ਲਿੰਗ ਕੋਈ ਵੀ ਹੋਵੇ। ਗਣਤੰਤਰ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਧਿਕਾਰਾਂ ਦੇ ਨਾਲ-ਨਾਲ ਆਪਣੇ ਕਰਤੱਬਾਂ ਦੀ ਪਾਲਣਾ ਕਰਨੀ ਵੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਇਸ ਪਾਵਨ ਦਿਨ ਦੇ ਮੌਕੇ ‘ਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸ਼ਾਨਦਾਰ ਪਰੇਡ ਆਯੋਜਿਤ ਕੀਤੀ ਜਾਂਦੀ ਹੈ। ਇਸ ਪਰੇਡ ਰਾਹੀਂ ਭਾਰਤ ਦੀ ਸੈਨਿਕ ਤਾਕਤ, ਅਨੁਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਪ੍ਰਦਰਸ਼ਨ ਹੁੰਦਾ ਹੈ। ਨਾਲ ਹੀ, ਵੱਖ-ਵੱਖ ਰਾਜਾਂ ਵੱਲੋਂ ਪੇਸ਼ ਕੀਤੀਆਂ ਗਈਆਂ ਝਾਕੀਆਂ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਨੂੰ ਦਰਸਾਉਂਦੀਆਂ ਹਨ। ਇਹ ਦ੍ਰਿਸ਼ ਸਾਨੂੰ ਦੇਸ਼ ਦੀ ਸਾਂਝੀ ਸੰਸਕ੍ਰਿਤੀ ਅਤੇ ਅਟੁੱਟ ਏਕਤਾ ਦਾ ਅਹਿਸਾਸ ਕਰਵਾਉਂਦਾ ਹੈ।
ਗਣਤੰਤਰ ਦਿਵਸ ਦੇ ਮੌਕੇ ‘ਤੇ ਸਕੂਲਾਂ, ਕਾਲਜਾਂ ਅਤੇ ਸਰਕਾਰੀ ਸੰਸਥਾਵਾਂ ਵਿੱਚ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਦਿਆਰਥੀ ਦੇਸ਼ਭਗਤੀ ਗੀਤ, ਭਾਸ਼ਣ ਅਤੇ ਸੱਭਿਆਚਾਰਕ ਕਾਰਜ ਕ੍ਰਮਾਂ ਰਾਹੀਂ ਆਪਣੀ ਦੇਸ਼ ਪ੍ਰੇਮ ਭਾਵਨਾ ਪ੍ਰਗਟ ਕਰਦੇ ਹਨ। ਇਹ ਸਮਾਰੋਹ ਨਵੀਂ ਪੀੜ੍ਹੀ ਵਿੱਚ ਰਾਸ਼ਟਰੀ ਚੇਤਨਾ ਅਤੇ ਨਾਗਰਿਕ ਜੁੰਮੇਵਾਰੀ ਦਾ ਬੀਜ ਬੀਜਦੇ ਹਨ।
ਅੱਜ ਦੇ ਬਦਲਦੇ ਸਮਾਜਿਕ ਅਤੇ ਗਲੋਬਲ ਦੌਰ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਹ ਦਿਨ ਸਾਨੂੰ ਸੰਵਿਧਾਨਕ ਮੁੱਲਾਂ ਦੀ ਰੱਖਿਆ ਕਰਨ, ਸਮਾਜਿਕ ਸਮਰਸਤਾ ਨੂੰ ਕਾਇਮ ਰੱਖਣ ਅਤੇ ਦੇਸ਼ ਦੀ ਤਰੱਕੀ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੀ ਪ੍ਰੇਰਣਾ ਦਿੰਦਾ ਹੈ। ਇੱਕ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੀ ਨੀਂਹ ਜਾਗਰੂਕ, ਇਮਾਨਦਾਰ ਅਤੇ ਜ਼ਿੰਮੇਵਾਰ ਨਾਗਰਿਕਾਂ ‘ਤੇ ਹੀ ਟਿਕੀ ਹੋਈ ਹੈ।
ਆਓ, ਇਸ ਗਣਤੰਤਰ ਦਿਵਸ ‘ਤੇ ਅਸੀਂ ਇਹ ਸੰਕਲਪ ਲਈਏ ਕਿ ਅਸੀਂ ਸੰਵਿਧਾਨ ਵਿੱਚ ਦਰਜ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਗੌਰਵ ਨੂੰ ਸਦਾ ਬਰਕਰਾਰ ਰੱਖਾਂਗੇ।

ਪ੍ਰਿੰਸੀਪਲ ਕੁਲਦੀਪ ਕੌਰ
ਫਰੀਦਕੋਟ
ਫੋਨ ਨੰਬਰ +91 97797 01536
