ਸਕੂਲ ਮੁਖੀਆਂ ਦੀ ਮਹੀਨਾਵਾਰ ਮੀਟਿੰਗ ਵਿੱਚ ਦੱਸੀ ਡਾਕ ਤਿਆਰ ਕਰਨ ਲਈ ਸਕੂਲ ਮੁਖੀ ਸਰੂਪ ਚੰਦ ਨੇ ਐਤਵਾਰ ਵਾਲੇ ਦਿਨ ਸਕੂਲ ਦੇ ਦੋ ਸੀਨੀਅਰ ਅਧਿਆਪਕਾਂ ਮਨਜੀਤ ਸਿੰਘ ਤੇ ਕੁਲਵੀਰ ਸਿੰਘ ਨੂੰ ਸਕੂਲੇ ਸੱਦ ਲਿਆ। ਉਹ ਤਿੰਨੇ ਜਣੇ ਦਫ਼ਤਰ ਵਿੱਚ ਬੈਠ ਕੇ ਡਾਕ ਤਿਆਰ ਕਰਨ ਲੱਗ ਪਏ। ਉਹ ਕਦੇ ਇਕ ਰਜਿਸਟਰ ਚੁੱਕਣ ਅਤੇ ਕਦੇ ਦੂਜਾ।
ਕਦੇ ਤੀਜਾ ਤੇ ਕਦੇ ਚੌਥਾ। ਇਸ ਤਰ੍ਹਾਂ ਪਤਾ ਨਹੀਂ ਕਿੰਨੇ ਰਜਿਸਟਰ ਉਨ੍ਹਾਂ ਨੇ ਚੁੱਕੇ ਕਿਉਂ ਕਿ ਪਿਛਲੇ ਦਸਾਂ ਸਾਲਾਂ ਦਾ ਸਲਾਨਾ ਨਤੀਜਾ ਖਾਲੀ ਤੇ ਭਰੀਆਂ ਪੋਸਟਾਂ ਦਾ ਵੇਰਵਾ, ਵੰਡੇ ਅਤੇ ਅਣਵੰਡੇ ਵਜ਼ੀਫੇ ਦਾ ਵੇਰਵਾ, ਫੰਡਾਂ ਦੀ ਸਲਾਨਾ ਆਮਦਨ ਤੇ ਖਰਚਾ, ਵਿਦਿਆਰਥੀਆਂ ਦੀ ਪਿਛਲੇ ਦਸਾਂ ਸਾਲਾਂ ਦੀ ਸਾਲ ਵਾਈਜ਼ ਗਿਣਤੀ ਇਨ੍ਹਾਂ ਵਿੱਚੋਂ ਵੇਖ ਕੇ ਲਿਖਣੀ ਸੀ। ਡਾਕ ਤਿਆਰ ਕਰਨ ਵਾਲੇ ਸਮੇਂ ਦੌਰਾਨ ਸਰੂਪ ਚੰਦ ਨੇ ਕਈ ਵਾਰ ਦੁੱਧ, ਕਲਾਕੰਦ, ਬਿਸਕੁਟ, ਮੱਟਰੀ ਤੇ ਬਰਫੀ ਪੀਅਨ ਤੋਂ ਕਹਿ ਕੇ ਮੰਗਵਾਈ। ਜਦੋਂ ਚਾਰ ਕੁ ਵਜੇ ਸਰੂਪ ਚੰਦ ਦਫ਼ਤਰ ਤੋਂ ਬਾਹਰ ਕੁਝ ਸਮਾਂ ਦਿਮਾਗ ਨੂੰ ਰੈਸਟ ਦੇਣ ਦੇ ਬਹਾਨੇ ਆਇਆ ਤਾਂ ਕੁਲਵੀਰ ਸਿੰਘ ਨੇ ਹੌਲੀ ਜਿਹੀ ਮਨਜੀਤ ਸਿੰਘ ਨੂੰ ਆਖਿਆ,” ਯਾਰ ਸਾਡੇ ਸਾਹਿਬ ਨੂੰ ਕੰਮ ਕਰਵਾਉਣ ਦਾ ਬਹੁਤ ਢੰਗ ਆਉਂਦਾ। ਵੇਖ ਕਿੱਦਾਂ ਸਵੇਰ ਦਾ ਸਾਡੀ ਸੇਵਾ ਕਰਨ ਲੱਗਿਐ। ਘਰੀਂ ਕਿਹੜਾ ਅਸੀਂ ਕੁਝ ਕਰਨਾ ਸੀ?”
ਮਨਜੀਤ ਸਿੰਘ ਮੁਸਕਰਾ ਕੇ ਕਹਿਣ ਲੱਗਾ,
“ਕੰਮ ਕਰਵਾਉਣ ਵੇਲੇ ਤਾਂ ਸਾਡਾ ਸਾਹਿਬ ਖੰਡ ਦਾ ਘੜਾ ਬਣ ਜਾਂਦੈ। ਕੰਮ ਮੁੱਕੇ ਤੇ ਇਸ ਦੇ ਰੰਗ, ਢੰਗ ਵੇਖੀਂ। ਮਜਾਲ ਕੇ ਕੋਈ ਦਫ਼ਤਰ ਵਿੱਚ ਪੈਰ ਪਾ ਜਾਵੇ।”
ਏਨੇ ਚਿਰ ਨੂੰ ਸਰੂਪ ਚੰਦ ਦਫ਼ਤਰ ਵਿੱਚ ਆ ਗਿਆ ਅਤੇ ਉਹ ਫਿਰ ਤਿੰਨੇ ਜਣੇ ਤਿਆਰ ਕੀਤੀ ਹੋਈ ਡਾਕ ਨੂੰ ਘੋਖਣ ਲੱਗ ਪਏ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554
