
ਲੁਧਿਆਣਾ 6 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿਖੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨਾਵਾਰ ਮੀਟਿੰਗ ਹੋਈ| ਮੀਟਿੰਗ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕੀਤੀ| ਮੀਟਿੰਗ ਦੌਰਾਨ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਵੱਖ-ਵੱਖ ਵਿਭਾਗਾਂ ਤੋਂ ਮਾਹਿਰਾਂ ਨੇ ਭਰਪੂਰ ਗਿਣਤੀ ਵਿਚ ਹਿੱਸਾ ਲਿਆ| ਮੀਟਿੰਗ ਦੌਰਾਨ ਪੰਜਾਬ ਦੀ ਖੇਤੀ ਦੇ ਮੌਜੂਦਾ ਮਸਲਿਆਂ ਬਾਰੇ ਵਿਚਾਰ-ਚਰਚਾ ਕਰਨ ਦੇ ਨਾਲ-ਨਾਲ ਪਿਛਲੀ ਮੀਟਿੰਗ ਦੀਆਂ ਤਜਵੀਜ਼ਾਂ ਉੱਪਰ ਹੋਈ ਕਾਰਵਾਈ ਬਾਰੇ ਹਾਜ਼ਰੀਨ ਨੂੰ ਸੂਚਿਤ ਕੀਤਾ ਗਿਆ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਸਥਾਈ ਅਤੇ ਵਾਤਾਵਰਨ ਪੱਖੀ ਲੀਹਾਂ ਤੇ ਤੋਰਨ ਲਈ ਖੇਤੀ ਵਿਭਿੰਨਤਾ ਦੀਆਂ ਤਕਨੀਕਾਂ ਨੂੰ ਅਪਣਾਉਣਾ ਜ਼ਰੂਰੀ ਹੈ| ਡਾ. ਭੁੱਲਰ ਨੇ ਇਸ ਮੌਕੇ ਪਸਾਰ ਮਾਹਿਰਾਂ ਨੂੰ ਸਲਾਹ ਦਿੱਤੀ ਕਿ ਉਹ ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ ਦੀ ਤਕਨੀਕ ਆਮ ਲੋਕਾਂ ਤੱਕ ਲਾਜ਼ਮੀ ਤੌਰ ਤੇ ਪ੍ਰਸਾਰਿਤ ਕਰਨ| ਇਸ ਤੋਂ ਇਲਾਵਾ ਆਉਂਦੇ ਫਸਲੀ ਸੀਜ਼ਨ ਦੌਰਾਨ ਪਾਣੀ ਸੰਭਾਲ ਤਕਨੀਕਾਂ ਦਾ ਕਿਸਾਨਾਂ ਤੱਕ ਪ੍ਰਚਾਰ ਪ੍ਰਸਾਰ ਵੀ ਬੇਹੱਦ ਜ਼ਰੂਰੀ ਹੈ| ਡਾ. ਭੁੱਲਰ ਨੇ ਮੌਸਮੀ ਸਥਿਤੀਆਂ ਅਨੁਸਾਰ ਫਸਲ ਦਾ ਸਰਵੇਖਣ ਅਤੇ ਨਦੀਨਾਂ ਅਤੇ ਕੀੜਿਆਂ ਬਾਰੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਮਾਹਿਰਾਂ ਦੀ ਸਲਾਹ ਅਨੁਸਾਰ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ ਅਜੋਕੇ ਦੌਰ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਈ ਹੈ ਅਤੇ ਇਸ ਨਾਲ ਖੇਤੀ ਤਕਨੀਕਾਂ ਨੂੰ ਖੇਤ ਪੱਧਰ ਉੱਪਰ ਜਾਰੀ ਕਰਨ ਦਾ ਨੈੱਟਵਰਕ ਮਜ਼ਬੂਤ ਹੋਣ ਦੇ ਅਸਾਰ ਹਨ|
ਖੋਜ ਡਾਇਰੈਕਟੋਰੇਟ ਦੇ ਪ੍ਰਤੀਨਿਧ ਡਾ. ਰਾਜਿੰਦਰ ਸਿੰਘ ਨੇ ਆਉਂਦੇ ਫਸਲੀ ਸੀਜ਼ਨ ਲਈ ਖੋਜ ਤਜਵੀਜ਼ਾਂ ਸਾਂਝੀਆਂ ਕਰਦਿਆਂ ਪੀ.ਏ.ਯੂ. ਦੇ ਖੋਜੀਆਂ ਨੂੰ ਨਿਰੰਤਰ ਗਤੀਸ਼ੀਲ ਰਹਿਣ ਲਈ ਕਿਹਾ|
ਪਿਛਲੀ ਮੀਟਿੰਗ ਦੀ ਕਾਰਵਾਈ ਸਹਿਯੋਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਪੇਸ਼ ਕੀਤੀ| ਇਸ ਦੌਰਾਨ ਉਹਨਾਂ ਨੇ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਕੀਤੇ ਗਏ ਯਤਨਾਂ ਦਾ ਹਵਾਲਾ ਦਿੱਤਾ| ਨਾਲ ਹੀ ਚਿੱਟੀ ਮੱਖੀ ਦੀ ਬੇਮੌਸਮੀ ਰੋਕਥਾਮ ਕਰਕੇ ਨਰਮੇਂ ਦੀ ਭਰਪੂਰ ਫਸਲ ਵਾਸਤੇ ਹੋ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ| ਇਸ ਤੋਂ ਇਲਾਵਾ ਗੁੱਲੀ ਡੰਡੇ ਦੀ ਰੋਕਥਾਮ ਲਈ ਢੁੱਕਵੀਆਂ ਛਿੜਕਾਅ ਤਕਨੀਕਾਂ ਅਤੇ ਔਜ਼ਾਰਾਂ ਸੰਬੰਧੀ ਵਿਚਾਰ-ਚਰਚਾ ਵੀ ਹੋਈ|
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਿਹਾ ਕਿ ਸਹਾਇਕ ਧੰਦਿਆਂ ਉੱਪਰ ਜ਼ੋਰ ਦੇ ਕੇ ਖੇਤੀ ਕਿੱਤੇ ਨੂੰ ਹੋਰ ਲਾਹੇਵੰਦ ਬਨਾਉਣ ਦੇ ਰਸਤੇ ਤੁਰਿਆ ਜਾ ਸਕਦਾ ਹੈ|
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ| ਇਸਦੇ ਨਾਲ ਹੀ ਉਹਨਾਂ ਨੇ ਮਾਰਚ ਮਹੀਨੇ ਦੇ ਕਿਸਾਨ ਮੇਲਿਆਂ ਵਿਚ ਹਿੱਸਾ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਵੀ ਕੀਤਾ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਖੇਤੀ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਰਵਾਇਤੀ ਅਤੇ ਡਿਜ਼ੀਟਲ ਤਰੀਕਿਆਂ ਦਾ ਹਵਾਲਾ ਕੀਤਾ|