ਮਹਿਲ ਕਲਾਂ,16 ਫਰਵਰੀ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਸਿੱਖ ਇਤਿਹਾਸ ਵਿੱਚ ਅਹਿਮ ਮੁਕਾਮ ਰੱਖਦੇ 1762 ਈਸਵੀ ਦੇ ਵੱਡੇ ਘੱਲੂਘਾਰੇ ‘ਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਂਦਿਆ ਸ਼ਹਾਦਤ ਦਾ ਜਾਮ ਪੀ ਗਏ 35 ਹਜ਼ਾਰ ਮਹਾਨ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਹੇਠ ਦੋ ਰੋਜ਼ਾ ਸ਼ਹੀਦੀ ਮਾਰਚ, ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਕਾਲਾਮਾਲਾ ਸਾਹਿਬ ਦੇ ਵਿਦਿਆਰਥੀਆਂ ਦੇ ਰਾਗੀ ਜਥਿਆ ਨੇ ਕਥਾ ਕੀਰਤਨ ਦੁਆਰਾ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ। ਹੈਡ ਗਰੰਥੀ ਭਾਈ ਜਸਵੀਰ ਸਿੰਘ ਮਾਣਕੀ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਲ੍ਹਾ ਸਾਹਿਬ (ਮੈਂਬਰ ਸ਼੍ਰੋਮਣੀ ਕਮੇਟੀ) ਵਲੋਂ ਸ਼ੁਰੂ ਕੀਤੀ ਗਈ ਪ੍ਰੰਪਰਾ ਅਨੁਸਾਰ ਇਹ ਦੋ ਰੋਜ਼ਾ ਨਗਰ ਕੀਰਤਨ (ਸ਼ਹੀਦੀ ਮਾਰਚ) ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਖੂਨ ਨਾਲ ਸਿੰਜੀ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਰੋਹੀੜਾ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਇਲਾਕੇ ਦੇ 21 ਪਿੰਡਾਂ ‘ਚ ਪੜਾਅ ਵਾਰ ਹੁੰਦਾ ਹੋਇਆ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਇਤਿਹਾਸਕ ਧਰਤੀ ਕੁਤਬਾ, ਬਾਹਮਣੀਆ ਹੁੰਦਾ ਹੋਇਆ ਘੱਲੂਘਾਰੇ ਦੇ ਇਤਿਹਾਸ ਨਾਲ ਸਬੰਧਿਤ ਪਿੰਡ ਗਹਿਲ ਦੇ ਗੁਰਦੁਆਰਾ ਸਾਹਿਬ ਭਾਈ ਭਗਤੂਆਣਾ ਵਿਖੇ ਪਹੁੰਚ ਕੇ ਸਮਾਪਤ ਹੋਇਆ। ਵੱਖ ਵੱਖ ਥਾਵਾਂ ਉਪਰ ਸ਼ਰਧਾਲੂ ਸੰਗਤਾਂ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸ਼ਾਮਲ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਅਟੁੱਟ ਲੰਗਰ ਵਰਤਾਏ ਗਏ। ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੂਮ, ਸਰਪੰਚ ਗੁਰਦੀਪ ਸਿੰਘ ਛਾਪਾ, ਅਵਤਾਰ ਸਿੰਘ ਅਣਖੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਇਸ ਸ਼ਹੀਦੀ ਮਾਰਚ, ਨਗਰ ਕੀਰਤਨ ਦਾ ਮੁੱਖ ਮਨੋਰਥ ਨਵੀਂ ਪਨੀਰੀ, ਨੌਜਵਾਨ ਵਰਗ ਨੂੰ ਵੱਡੀ ਕੁਰਬਾਨੀ ਦੇ ਮਾਲਕ ਵੱਡੇ ਘੱਲੂਘਾਰੇ ਦੇ ਮਹਾਨ ਸੂਰਬੀਰ ਜੋਧਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾ ਕੇ ਗੁਰਸਿੱਖੀ ਨਾਲ ਜੋੜਣਾ ਹੈ। ਉਨ੍ਹਾਂ ਗੁਰਦੁਆਰਾ ਸਿੱਧਸਰ ਕਾਲਾਮਾਲਾ ਸਾਹਿਬ ਛਾਪਾ ਵਿਖੇ 18 ਫਰਵਰੀ ਨੂੰ ਹੋ ਰਹੇ ਸਾਲਾਨਾ ਇਕੋਤਰੀ ਸਮਾਗਮਾਂ ‘ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸ਼ਹੀਦੀ ਮਾਰਚ
ਨਗਰ ਕੀਰਤਨ ਦੇ ਮਹਿਲ ਕਲਾਂ ਮੁੱਖ ਮਾਰਗ ਉਪਰ ਪਹੁੰਚਣ ‘ਤੇ ਸਮੂਹ ਦੁਕਾਨਦਾਰ ਭਾਈਚਾਰੇ, ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇੰਜੀਨੀਅਰ ਜਗਦੀਪ ਸਿੰਘ ਆਸਟ੍ਰੇਲੀਆ ਦੇ ਉੱਦਮ ਸਦਕਾ ਬਲਵਿੰਦਰ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਅਣਖੀ, ਗੁਰਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਪੰਜ ਪਿਆਰਿਆਂ, ਰਾਗੀ ਜਥਿਆਂ, ਸਮੂਹ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿੰਕਾ ਕੁਤਬਾ ਬਾਹਮਣੀਆ, ਬਾਬਾ ਸ਼ੇਰ ਸਿੰਘ ਖ਼ਾਲਸਾ, ਵਿਦਿਆਲਾ ਇੰਚਾਰਜ ਭਾਈ ਗੁਰਜੰਟ ਸਿੰਘ ਛੀਨੀਵਾਲ, ਭਾਈ ਬਲਵੰਤ ਸਿੰਘ ਮਹੇਰਨਾ, ਪ੍ਰਧਾਨ ਜਗਤਾਰ ਸਿੰਘ ਜੌਹਲ, ਬਲਜੀਤ ਸਿੰਘ ਪੰਡੋਰੀ, ਕਰਮਜੀਤ ਸਿੰਘ ਕਰਮਾ, ਬਾਬਾ ਗੁਰਦੀਪ ਸਿੰਘ ਕਾਰ ਸੇਵਾ, ਭੋਲਾ ਸਿੰਘ ਭੱਠਲ, ਖਜ਼ਾਨਚੀ ਬਲਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਨਾਮਧਾਰੀ, ਜਗਜੀਤ ਸਿੰਘ, ਸ਼ਿੰਗਾਰਾ ਸਿੰਘ, ਭੋਲਾ ਸਿੰਘ ਫੌਜੀ, ਜਰਨੈਲ ਸਿੰਘ, ਬੁੱਗਰ ਸਿੰਘ, ਸੁਖਦੇਵ ਸਿੰਘ ਸੈਕਟਰੀ, ਹਰਜੰਟ ਸਿੰਘ ਫੌਜੀ, ਰਾਜਵਿੰਦਰ ਸਿੰਘ ਬਦੇਸ਼ੇ, ਬਲਦੇਵ ਸਿੰਘ ਚੁਹਾਣਕੇ, ਸੁਦਾਗਰ ਸਿੰਘ ਚਹਿਲ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਰਧਾਲੂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਫਾਈ ਸੇਵਾ ਕਲੱਬ ਛਾਪਾ ਦੇ ਸੇਵਾਦਾਰ ਨੌਜਵਾਨਾਂ ਨੇ ਸੇਵਾ ਭਾਵਨਾ ਨਾਲ ਜਿੰਮੇਵਾਰੀ ਨਿਭਾਈ।

