ਲੋਕ ਕੇਵਲ ਆਧਾਰ ਅਤੇ ਵੋਟਰ ਆਈ.ਡੀ. ਨਾਲ ਮੌਕੇ ‘ਤੇ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਜ਼ਿਲ੍ਹੇ ਦੇ ਕਾਮਨ ਸਰਵਿਸ ਸੈਂਟਰਾਂ, ਨਿਰਧਾਰਤ ਥਾਵਾਂ ਉੱਤੇ ਲੱਗੇ ਕੈਂਪਾਂ ‘ਚ ਰਜਿਸਟ੍ਰੇਸ਼ਨ ਜਾਰੀ
ਬਠਿੰਡਾ, 25 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਕੰਮ ਨੂੰ ਹੋਰ ਸੁਖਾਲਾ ਕਰਨ ਲਈ ਹੁਣ ਕੇਵਲ ਆਧਾਰ ਕਾਰਡ ਅਤੇ ਵੋਟਰ ਆਈ ਕਾਰਡ ਉੱਤੇ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।
ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਵਸਨੀਕ ਇਸ ਸਬੰਧੀ ਆਪਣੇ ਕਾਰਡ ਬਣਵਾਉਣ ਲਈ ਆਪਣੇ ਨੇੜੇ ਦੇ ਸੀ.ਐੱਸ.ਸੀ. ਜਾਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿਖੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਪੰਜਾਬ ਵਾਸੀ, ਜਿਸ ਕੋਲ ਆਧਾਰ ਕਾਰਡ ਅਤੇ ਪੰਜਾਬ ਵੋਟਰ ਆਈ.ਡੀ. ਹੈ, ਉਹ ਇਸ ਯੋਜਨਾ ਤਹਿਤ ਨਾਮ ਦਰਜ ਕਰਵਾਉਣ ਲਈ ਕਿਸੇ ਵੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਜਾਂ ਨਿਰਧਾਰਤ ਰਜਿਸਟ੍ਰੇਸ਼ਨ ਕੈਂਪ ਵਿੱਚ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਰੋਜ਼ਾਨਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਲਾਭ ਉਠਾ ਰਹੇ ਹਨ ਅਤੇ ਮੌਕੇ ’ਤੇ ਹੀ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਸੂਬੇ ਦੇ ਹਰ ਪਰਿਵਾਰ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਬਚਾਉਣਾ ਹੈ। ਕਈ ਵਾਰ ਗੰਭੀਰ ਬਿਮਾਰੀਆਂ ਦੇ ਇਲਾਜ ਕਾਰਨ ਪਰਿਵਾਰਾਂ ਨੂੰ ਵੱਡੀ ਆਰਥਿਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਯੋਜਨਾ ਰਾਹੀਂ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਪਰਿਵਾਰ ਸਿਹਤ ਸੰਭਾਲ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਵੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਕੈਂਪਾਂ ਦੇ ਆਯੋਜਨ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਤੱਕ ਯੋਜਨਾ ਸਬੰਧੀ ਪੂਰੀ ਜਾਣਕਾਰੀ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਅਤੇ ਤੁਰੰਤ ਸੇਵਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਜ਼ਿਲ੍ਹੇ ‘ਭਰ ਚ ਵੱਖ-ਵੱਖ 55 ਥਾਵਾਂ ਤੇ ਲਗਾਤਾਰ ਲਗਾਏ ਜਾ ਰਹੇ ਹਨ। ਪਿੰਡ ਤੁੰਗਰਾਲੀ, ਜੋਗੇਵਾਲਾ, ਕਣਕਵਾਲ, ਫੁੱਲੋਖਾਰੀ, ਤਲਵੰਡੀ, ਰਾਮਾਂਮੰਡੀ, ਕੋਠਾਗੁਰੂ, ਰਾਮਪੁਰਾ ਸਿਟੀ, ਮਹਿਰਾਜ, ਕੇਸਰ ਸਿੰਘ ਵਾਲਾ, ਆਦਮਪੁਰ, ਭੋਡੀਪੁਰਾ, ਢਿਪਾਲੀ, ਦਿਆਲਪੁਰਾ ਭਾਈਕਾ, ਹਮੀਰਗੜ੍ਹ, ਅਕਲੀਆ ਜਲਾਲ, ਬਠਿੰਡਾ ਵਾਰਡ ਨੰਬਰ 12, 35, 21, 24, 25, 28, 43, 44, 49, 50, ਗਹਿਰੀ ਦੇਵੀ ਨਗਰ, ਭਿਸੀਆਣਾ, ਕੋਟਸ਼ਮੀਰ, ਸੰਗਤ ਮੰਡੀ, ਦਿਉਣ , ਮਾਛਿਆਣਾ , ਬਹਿਮਣ ਦੀਵਾਨਾ, ਬੀੜ ਤਾਲਾਬ ਬਸਤੀ, ਬਾਬਾ ਜੀਵਨ ਸਿੰਘ ਨਗਰ, ਭੁੱਚੋ ਮੰਡੀ, ਗੋਨਿਆਣਾ ਰੋਡ, ਲਹਿਰਾ ਮੁਹੱਬਤ, ਨਥਾਣਾ, ਕੋਠੇ ਇੰਦਰ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲਾ, ਮਹਿਮਾ ਸਵਾਈ, ਕੋਠੇ ਬੁੱਧ ਸਿੰਘ ਵਾਲਾ, ਦਾਨ ਸਿੰਘ ਵਾਲਾ, ਕੋਠੇ ਸਪੁਰਾ ਸਿੰਘ ਵਾਲਾ, ਬੁਗਰਾਂ, ਬੱਲੋ, ਮੰਡੀ ਖੁਰਦ, ਕੁੱਤੀਵਾਲ ਕਲਾਂ, ਰਾਮਗੜ੍ਹ ਭੁੰਦੜ, ਮਾਣਕਖਾਨਾ, ਰਾਜਗੜ੍ਹ ਕੁੱਬੇ, ਸੂਚ ਅਤੇ ਮੌੜ ਮੰਡੀ ਵਿਖੇ ਕੈਂਪ ਲਗਾਏ ਜਾ ਰਹੇ ਹਨ।

