ਸਰਕਾਰ ਦੀ ਜਾਂਚ ਤੋਂ ਬਾਅਦ ਕਾਰਵਾਈ ਸ਼ੁਰੂ, ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ
ਕੋਟਕਪੂਰਾ, 26 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਰਸ਼ ਸਚਰ ਵੱਲੋਂ ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਚੱਲ ਰਹੀਆਂ ਗੜਬੜਾਂ, ਸੁਰੱਖਿਆ ਕਮਜ਼ੋਰੀਆਂ ਅਤੇ ਨਸ਼ਿਆਂ ਨਾਲ ਸਬੰਧਤ ਮਾਮਲੇ ਨੂੰ ਉੱਚ ਪੱਧਰ ’ਤੇ ਉਠਾਉਣ ਤੋਂ ਬਾਅਦ ਸਰਕਾਰ ਵੱਲੋਂ ਤੁਰਤ ਜਾਂਚ ਕਰਵਾਈ ਗਈ ਹੈ ਅਤੇ ਹੁਣ ਸੁਧਾਰ ਲਈ ਕਾਰਵਾਈ ਸ਼ੁਰੂ ਹੋ ਗਈ ਹੈ। ਆਰਸ਼ ਸਚਰ ਨੇ ਪਹਿਲਾਂ ਹੀ ਸਟੇਡੀਅਮ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ, ਸੁਰੱਖਿਆ ਦੀ ਕਮੀ ਅਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਬਾਰੇ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਖੇਡ ਵਿਭਾਗ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ। ਵਿਭਾਗੀ ਜਾਂਚ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਸਟੇਡੀਅਮ ਦੀ ਬਾਊਂਡਰੀ ਵਾਲ ਘੱਟ ਉਚਾਈ ਦੀ ਹੋਣ ਕਾਰਨ ਬਾਹਰੀ ਲੋਕਾਂ ਲਈ ਅੰਦਰ ਦਾਖਲਾ ਆਸਾਨ ਸੀ, ਸਰਕਾਰੀ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਦੌਰਾਨ ਬਾਹਰੀ ਆਵਾਜਾਈ ਨਾਲ ਸੁਰੱਖਿਆ ਖਤਰਾ ਵਧਦਾ ਸੀ, ਕੁਝ ਮੌਕਿਆਂ ’ਤੇ ਰਾਤ ਸਮੇਂ ਗਲਤ ਗਤੀਵਿਧੀਆਂ ਦੇ ਸੰਕੇਤ ਵੀ ਮਿਲੇ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਮੰਨੀ ਗਈ ਜਾਂਚ ਰਿਪੋਰਟ ਦੇ ਅਧਾਰ ’ਤੇ ਵਿਭਾਗ ਨੇ ਸਿਫ਼ਾਰਸ਼ ਕੀਤੀ ਹੈ ਕਿ ਸਟੇਡੀਅਮ ਦੀ ਬਾਊਂਡਰੀ ਵਾਲ ਉੱਚੀ ਕੀਤੀ ਜਾਵੇ ਉੱਤੇ ਤਾਰਬੰਦੀ ਲਾਈ ਜਾਵੇ ਅਤੇ ਬਿਨਾਂ ਇਜਾਜ਼ਤ ਦਾਖਲਾ ਰੋਕਣ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਇਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਅਨੁਮਤੀ ਦੇਣ ਅਤੇ ਅੰਦਾਜ਼ਾ ਤਿਆਰ ਕਰਨ ਦੇ ਹੁਕਮ ਵੀ ਜਾਰੀ ਹੋ ਚੁੱਕੇ ਹਨ, ਜਿਸ ਨਾਲ ਸਟੇਡੀਅਮ ਦੀ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ ਅਤੇ ਖਿਡਾਰੀਆਂ ਨੂੰ ਸੁਰੱਖਿਅਤ ਮਾਹੌਲ ਮਿਲੇਗਾ। ਆਰਸ਼ ਸਚਰ ਨੇ ਇਸ ਮੌਕੇ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਮੁੱਖ ਮੰਤਰੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਸੁਣੀ ਅਤੇ ਇਸ ਮਾਮਲੇ ਵਿੱਚ ਤੁਰਤ ਜਾਂਚ ਕਰਵਾ ਕੇ ਕਾਰਵਾਈ ਸ਼ੁਰੂ ਕਰਵਾਈ। ਇਹ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਜ਼ੀਰੋ ਟੋਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ ਅਤੇ ਯੁਵਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਮੁੱਦੇ ਉਠਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਜਿੱਥੇ ਵੀ ਲੋਕਾਂ ਦੀ ਸੰਪਤੀ, ਯੁਵਾਂ ਦਾ ਭਵਿੱਖ ਜਾਂ ਪ੍ਰਸ਼ਾਸਨਿਕ ਲਾਪਰਵਾਹੀ ਦਾ ਮਾਮਲਾ ਹੋਵੇਗਾ, ਉਹ ਮਜ਼ਬੂਤੀ ਨਾਲ ਖੜੇ ਰਹਿਣਗੇ। ਸਥਾਨਕ ਖਿਡਾਰੀਆਂ ਅਤੇ ਨਾਗਰਿਕਾਂ ਨੇ ਵੀ ਇਸ ਕਾਰਵਾਈ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਸਟੇਡੀਅਮ ਦੀ ਸੁਰੱਖਿਆ ਅਤੇ ਮਾਹੌਲ ਵਿੱਚ ਸੁਧਾਰ ਆਵੇਗਾ। ਪਿਛਲੇ ਕੁਝ ਸਾਲਾਂ ਤੋਂ ਆਰਸ਼ ਸਚਰ ਵੱਲੋਂ ਪਾਣੀ ਸਪਲਾਈ, ਗਊਸ਼ਾਲਾ, ਨਗਰ ਕੌਂਸਲ ਅਤੇ ਯੁਵਾਂ ਨਾਲ ਜੁੜੇ ਕਈ ਮੁੱਦੇ ਲਗਾਤਾਰ ਉਠਾਏ ਜਾ ਰਹੇ ਹਨ, ਜਿਸ ਨਾਲ ਉਹ ਫਰੀਦਕੋਟ ਵਿੱਚ ਇੱਕ ਮਜ਼ਬੂਤ ਜਨ ਆਵਾਜ਼ ਵਜੋਂ ਉਭਰ ਰਹੇ ਹਨ।
