ਹਰ ਸਾਲ 8 ਮਾਰਚ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ‘ਤੇ ਵਧਾਈਆਂ ਦੇ ਸੰਦੇਸ਼ਾਂ ਦੀ ਭਰਮਾਰ ਹੁੰਦੀ ਹੈ, ਸ਼ਹਿਰਾਂ ਦੇ ਆਲੀਸ਼ਾਨ ਹੋਟਲਾਂ ਵਿੱਚ ਸੈਮੀਨਾਰ ਕੀਤੇ ਜਾਂਦੇ ਹਨ ਅਤੇ ਵੱਡੀਆਂ ਸਟੇਜਾਂ ਤੋਂ ਔਰਤ ਦੀ ਮਹਿਮਾ ਦੇ ਗੁਣਗਾਨ ਕੀਤੇ ਜਾਂਦੇ ਹਨ। ਪਰ ਇਸ ਚਮਕ-ਧਮਕ ਅਤੇ ਜਸ਼ਨਾਂ ਦੇ ਸ਼ੋਰ ਵਿੱਚ ਇੱਕ ਸਵਾਲ ਹਮੇਸ਼ਾ ਅਣਗੌਲਿਆ ਰਹਿ ਜਾਂਦਾ ਹੈ ਕਿ ਕੀ ਇਹ ਦਿਨ ਉਸ ਔਰਤ ਤੱਕ ਪਹੁੰਚ ਸਕਿਆ ਹੈ ਜੋ ਸਵੇਰੇ ਚਾਰ ਵਜੇ ਉੱਠ ਕੇ ਪਸ਼ੂਆਂ ਦਾ ਗੋਹਾ-ਕੂੜਾ ਕਰਦੀ ਹੈ ਜਾਂ ਉਹ ਮਜ਼ਦੂਰ ਔਰਤ ਜੋ ਅੱਤ ਦੀ ਗਰਮੀ ਵਿੱਚ ਇੱਟਾਂ ਦੇ ਭੱਠਿਆਂ ‘ਤੇ ਸਿਰ ‘ਤੇ ਭਾਰ ਢੋਹ ਰਹੀ ਹੈ?
ਮਹਿਲਾ ਦਿਵਸ ਦਾ ਇਤਿਹਾਸ ਕੋਈ ਫੁੱਲਾਂ ਦੇ ਤੋਹਫ਼ੇ ਦੇਣ ਜਾਂ ਸਿਰਫ਼ ਵਧਾਈਆਂ ਦੇਣ ਵਾਲਾ ਦਿਨ ਨਹੀਂ ਸੀ, ਸਗੋਂ ਇਹ ਮਿਹਨਤਕਸ਼ ਔਰਤਾਂ ਦੇ ਲਹੂ ਅਤੇ ਪਸੀਨੇ ਦੀ ਉਪਜ ਹੈ। ਇਸ ਦਿਨ ਦੀ ਨੀਂਹ ਸਾਲ 1908 ਵਿੱਚ ਨਿਊਯਾਰਕ ਦੀਆਂ ਸੜਕਾਂ ‘ਤੇ ਰੱਖੀ ਗਈ ਸੀ, ਜਿੱਥੇ ਹਜ਼ਾਰਾਂ ਮਜ਼ਦੂਰ ਔਰਤਾਂ ਨੇ ਆਪਣੇ ਕੰਮ ਦੇ ਘੰਟੇ ਘਟਾਉਣ, ਬਿਹਤਰ ਤਨਖਾਹ ਲੈਣ ਅਤੇ ਵੋਟ ਪਾਉਣ ਦੇ ਜਮਹੂਰੀ ਹੱਕ ਲਈ ਇੱਕ ਵਿਸ਼ਾਲ ਬਗਾਵਤ ਕੀਤੀ ਸੀ। ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਉਣ ਵਿੱਚ ਜਰਮਨ ਕ੍ਰਾਂਤੀਕਾਰੀ ਕਲਾਰਾ ਜੈਟਕਿਨ ਦਾ ਅਹਿਮ ਯੋਗਦਾਨ ਰਿਹਾ, ਜਿਨ੍ਹਾਂ ਨੇ 1910 ਵਿੱਚ ਇਸ ਦਿਨ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਦਾ ਪ੍ਰਸਤਾਵ ਰੱਖਿਆ ਤਾਂ ਜੋ ਦੁਨੀਆ ਭਰ ਦੀਆਂ ਔਰਤਾਂ ਆਪਣੇ ਹੱਕਾਂ ਲਈ ਇਕਜੁੱਟ ਹੋ ਸਕਣ।
ਅਫ਼ਸੋਸ ਦੀ ਗੱਲ ਇਹ ਹੈ ਕਿ ਇੱਕ ਸਦੀ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ ਅੱਜ ਵੀ ਇਸ ਦਿਨ ਦੇ ਅਸਲ ਮਕਸਦ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਪਿੰਡਾਂ ਦੀਆਂ ਗਲੀਆਂ, ਖੇਤਾਂ ਦੀਆਂ ਵੱਟਾਂ ਅਤੇ ਉਸਾਰੀ ਅਧੀਨ ਇਮਾਰਤਾਂ ‘ਤੇ ਕੰਮ ਕਰਦੀਆਂ ਔਰਤਾਂ ਲਈ 8 ਮਾਰਚ ਵੀ ਬਾਕੀ ਦਿਨਾਂ ਵਾਂਗ ਸਿਰਫ਼ ਇੱਕ ‘ਦਿਹਾੜੀ’ ਹੀ ਹੈ। ਜਿਨ੍ਹਾਂ ਕੰਮਕਾਜੀ ਅਤੇ ਮਜ਼ਦੂਰ ਔਰਤਾਂ ਦੇ ਹੱਕਾਂ ਦੀ ਲੜਾਈ ਵਿੱਚੋਂ ਇਹ ਦਿਨ ਪੈਦਾ ਹੋਇਆ ਸੀ, ਉਹਨਾਂ ਨੂੰ ਹੀ ਅੱਜ ਇਹ ਨਹੀਂ ਪਤਾ ਕਿ ਦੁਨੀਆ ਉਹਨਾਂ ਦੇ ਨਾਮ ‘ਤੇ ਜਸ਼ਨ ਮਨਾ ਰਹੀ ਹੈ। ਸਾਡੇ ਸਮਾਜ ਵਿੱਚ ਘਰੇਲੂ ਔਰਤਾਂ ਦੀ ਮਿਹਨਤ ਨੂੰ ਅੱਜ ਵੀ ਕੰਮ ਦਾ ਦਰਜਾ ਨਹੀਂ ਦਿੱਤਾ ਜਾਂਦਾ। ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਨ ਵਾਲੀ ਸੁਆਣੀ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਕਰਵਾਇਆ ਗਿਆ ਕਿ ਉਸਦੀ ਹੋਂਦ ਅਤੇ ਸਵੈ-ਮਾਣ ਲਈ ਵੀ ਸਾਲ ਵਿੱਚ ਕੋਈ ਵਿਸ਼ੇਸ਼ ਦਿਨ ਰਾਖਵਾਂ ਹੈ।
ਜੇਕਰ ਅਸੀਂ ਸੱਚਮੁੱਚ ਔਰਤਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਦਿਨ ਨੂੰ ਸ਼ਹਿਰਾਂ ਦੇ ਏਅਰ-ਕੰਡੀਸ਼ਨਡ ਹਾਲਾਂ ਵਿੱਚੋਂ ਕੱਢ ਕੇ ਪਿੰਡਾਂ ਦੀਆਂ ਸੱਥਾਂ ਅਤੇ ਮਜ਼ਦੂਰ ਬਸਤੀਆਂ ਤੱਕ ਲੈ ਕੇ ਜਾਣਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ 8 ਮਾਰਚ ਨੂੰ ਹਰ ਮਜ਼ਦੂਰ ਅਤੇ ਕੰਮਕਾਜੀ ਔਰਤ ਲਈ ਸਰਕਾਰੀ ਛੁੱਟੀ ਲਾਜ਼ਮੀ ਕੀਤੀ ਜਾਵੇ। ਇਹ ਛੁੱਟੀ ਸਿਰਫ਼ ਘਰ ਬੈਠਣ ਲਈ ਨਹੀਂ, ਸਗੋਂ ਉਸ ਨੂੰ ਇਹ ਅਹਿਸਾਸ ਕਰਵਾਉਣ ਲਈ ਹੋਣੀ ਚਾਹੀਦੀ ਹੈ ਕਿ ਅੱਜ ਉਸਦੀ ਹੋਂਦ ਦਾ ਦਿਨ ਹੈ। ਜਦੋਂ ਖੇਤਾਂ ਅਤੇ ਕਾਰਖਾਨਿਆਂ ਵਿੱਚ ਔਰਤਾਂ ਦੀ ਗੈਰ-ਹਾਜ਼ਰੀ ਹੋਵੇਗੀ, ਉਦੋਂ ਹੀ ਸਮਾਜ ਨੂੰ ਉਸਦੀ ਅਸਲ ਸ਼ਕਤੀ ਦਾ ਅਹਿਸਾਸ ਹੋਵੇਗਾ।
ਪਿੰਡਾਂ ਵਿੱਚ ਜਾਗਰੂਕਤਾ ਲਿਆਉਣ ਲਈ ਪੰਚਾਇਤਾਂ ਅਤੇ ਸਰਕਾਰੀ ਅਦਾਰਿਆਂ ਨੂੰ ਵਿਸ਼ੇਸ਼ ਕਦਮ ਚੁੱਕਣੇ ਪੈਣਗੇ। ਔਰਤਾਂ ਨੂੰ ਸਿਰਫ਼ ‘ਘਰ ਦੀ ਰਾਣੀ’ ਕਹਿ ਕੇ ਚੁੱਪ ਕਰਵਾਉਣ ਦੀ ਬਜਾਏ, ਉਹਨਾਂ ਨੂੰ ਸੰਵਿਧਾਨਕ ਹੱਕਾਂ, ਬਰਾਬਰ ਤਨਖਾਹ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਦੱਸਣਾ ਸਮੇਂ ਦੀ ਮੁੱਖ ਲੋੜ ਹੈ। ਹਰ ਔਰਤ ਨੂੰ ਇਹ ਸਮਝਣਾ ਪਵੇਗਾ ਕਿ ਉਸਦੀ ਕੁਰਬਾਨੀ ਹੀ ਉਸਦਾ ਇਕੱਲਾ ਗਹਿਣਾ ਨਹੀਂ ਹੈ, ਸਗੋਂ ਉਸਦੀ ਆਤਮ-ਨਿਰਭਰਤਾ ਅਤੇ ਆਤਮ-ਸਨਮਾਨ ਉਸਦੀ ਅਸਲ ਤਾਕਤ ਹੈ। ਔਰਤ ਦਿਵਸ ਦੀ ਸਾਰਥਕਤਾ ਉਦੋਂ ਹੀ ਸਿੱਧ ਹੋਵੇਗੀ ਜਦੋਂ ਹਰ ਮਜ਼ਦੂਰ ਔਰਤ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗੀ ਅਤੇ ਸਮਾਜ ਉਸਦੀ ਮਿਹਨਤ ਨੂੰ ਸਿਜਦਾ ਕਰੇਗਾ।
ਰਵਨਜੋਤ ਕੌਰ ਸਿੱਧੂ ਰਾਵੀ
ਪਿੰਡ ਜੱਬੋਵਾਲ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ
8283066125
