ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਸਕੱਤਰ ਮਨਜੀਤ ਸ਼ਰਮਾ ਨੇ ਆਬਕਾਰੀ ਨੀਤੀ ਮਾਮਲੇ ਵਿਚ ਮਾਣਯੋਗ ਅਦਾਲਤ ਦੇ ਹਾਲੀਆ ਫ਼ੈਸਲੇ ਨੂੰ ਸੱਚਾਈ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਜਿੱਤ ਕਰਾਰ ਦਿੱਤਾ ਹੈ। ਮਨਜੀਤ ਸ਼ਰਮਾ ਨੇ ਕਿਹਾ ਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਪ੍ਰਦੇਸ਼ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰਨਾ ਨੂੰ ਬਰੀ ਕਰਨ ਨਾਲ ਉਨ੍ਹਾਂ ’ਤੇ ਲਗਾਏ ਗਏ ਝੂਠੇ ਦੋਸ਼ ਬੇਬੁਨਿਆਦ ਸਾਬਿਤ ਹੋ ਗਏ ਹਨ। ਮਨਜੀਤ ਸ਼ਰਮਾ ਨੇ ਅੱਗੇ ਕਿਹਾ ਕਿ ਮਾਣਯੋਗ ਅਦਾਲਤ ਦੇ ਫ਼ੈਸਲੇ ਨੇ ਨਿਆਂਪਾਲਿਕਾ ਪ੍ਰਤੀ ਆਮ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਅੰਤ ਵਿਚ ਸੱਚ ਅਤੇ ਨਿਆਂ ਦੀ ਹੀ ਜਿੱਤ ਹੁੰਦੀ ਹੈ। ਮਨਜੀਤ ਸ਼ਰਮਾ ਨੇ ਆਖਿਆ ਕਿ ਲੋਕਤੰਤਰਿਕ ਤਰੀਕੇ ਨਾਲ ਚੁਣੀ ਗਈ ‘ਆਪ’ ਲੀਡਰਸ਼ਿਪ ਦੀ ਛਵੀ ਨੂੰ ਖ਼ਰਾਬ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸੱਚਾਈ ਨਿਆਂਇਕ ਪ੍ਰਕਿਰਿਆ ਰਾਹੀਂ ਸਾਹਮਣੇ ਆ ਗਈ ਹੈ। ਅਰਵਿੰਦ ਕੇਜਰੀਵਾਲ ਨੂੰ ਇੱਕ ਵਚਨਬੱਧ ਅਤੇ ਦੂਰਦਰਸ਼ੀ ਨੇਤਾ ਦੱਸਦਿਆਂ ਮਨਜੀਤ ਸ਼ਰਮਾ ਨੇ ਕਿਹਾ ਕਿ ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ ਉਹ ਪਾਰਦਰਸ਼ੀ ਸ਼ਾਸਨ ਅਤੇ ਲੋਕ ਭਲਾਈ ਲਈ ਕੰਮ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਦਾ ਇਹ ਫ਼ੈਸਲਾ ਦੇਸ਼ ਵਿਚ ਲੋਕਤੰਤਰਿਕ ਪਰੰਪਰਾਵਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸੱਚਾਈ ਤੇ ਨਿਆਂ ਦੀ ਮਹੱਤਤਾ ਨੂੰ ਉਜਾਗਰ ਕਰੇਗਾ।

