ਰੰਗ-ਬਿਰੰਗਾ ਆ ਗਿਆ ਫਿਰ ਤੋਂ,
ਹੋਲੀ ਦਾ ਤਿਉਹਾਰ।
ਹਰ ਪਾਸੇ ਛਾਈ ਹੈ ਮਸਤੀ,
ਰੰਗਾਂ ਦੀ ਬੌਛਾਰ।
ਨੀਲੇ, ਪੀਲੇ, ਲਾਲ, ਗੁਲਾਬੀ,
ਮੂੰਹ-ਸਿਰ ਸਭ ਦੇ ਰੰਗੇ।
ਆਵੇ ਨਾ ਪਹਿਚਾਣ ਕਿਸੇ ਦੀ,
ਕੱਲ੍ਹ ਤੱਕ ਜੋ ਸਨ ਚੰਗੇ।
ਰੰਗਾਂ ਨਾਲ ਹੀ ਭਰੇ ਪਏ ਨੇ,
ਸਾਰੇ ਗਲੀ-ਬਾਜ਼ਾਰ।
ਛੱਡੀਏ ਸਾੜਾ, ਨਫ਼ਰਤ, ਦੂਰੀ,
ਮਨ ਚੋਂ ਮੈਲ ਮਿਟਾਈਏ।
ਪਾਈਏ ਘੁੱਟ ਗਲਵੱਕੜੀ ਸਭ ਨੂੰ,
ਨਾਲ ਗਲੇ ਦੇ ਲਾਈਏ।
ਪਿਆਰ, ਮੁਹੱਬਤ ਤੇ ਖੁਸ਼ੀਆਂ ਵਿੱਚ,
ਰੰਗਿਆ ਹੈ ਸੰਸਾਰ।
ਦੂਰ ਪਰੇ ਇੱਕ ਟੋਲੀ ਨਿਕਲੀ,
ਕਰਕੇ ਖ਼ੂਬ ਤਿਆਰੀ।
ਕਿਸੇ ਕੋਲ ਨੇ ਭਰੇ ਗੁਬਾਰੇ,
ਕਿਸੇ ਕੋਲ ਪਿਚਕਾਰੀ।
ਵੱਡੇ-ਛੋਟੇ ਰਲ ਮਸਤੀ ਵਿੱਚ,
ਕਰਦੇ ਜੈ-ਜੈਕਾਰ।
ਸਭ ਧਰਮਾਂ, ਵਰਗਾਂ ਦੇ ਲੋਕੀਂ,
ਮਿਲ ਕੇ ਗੀਤ ਨੇ ਗਾਉਂਦੇ।
ਕੁਝ ਸੁੱਕੇ, ਕੁਝ ਗਿੱਲੇ ਰੰਗਾਂ ਨੂੰ,
ਇੱਕ-ਦੂਜੇ ਤੇ ਪਾਉਂਦੇ।
‘ਨਵ ਸੰਗੀਤ’ ਦਾ ਫਿੱਕਾ ਜੀਵਨ ਵੀ,
ਬਣਿਆ ਹੈ ਗੁਲਜ਼ਾਰ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)
