
ਸੰਗਰੂਰ 2 ਮਾਰਚ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਹੋਲਾ-ਮੁਹਲਾ ਨੂੰ ਸਮਰਪਿਤ ਜ਼ੋਰਾ ਸਿੰਘ ਮੰਡੇਰ ਦੀ ਪੁਸਤਕ ਧਰਤੀ ਪੁੱਤਰ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਐਡਵੋਕੇਟ ਨੇ ਕੀਤੀ। ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵਚਿੰਤਕ, ਵਿਸ਼ੇਸ਼ ਮਹਿਮਾਨ ਪਵਨ ਹਰਚੰਦਪੁਰੀ ਅਤੇ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਜ਼ੋਰਾ ਸਿੰਘ ਮੰਡੇਰ, ਅਨੋਖ ਸਿੰਘ ਵਿਰਕ, ਡਾ. ਭਗਵੰਤ ਸਿੰਘ, ਕਰਮ ਸਿੰਘ ਜਖਮੀ, ਸ. ਸ. ਫੁੱਲ, ਮੋਹੀ ਅਮਰਜੀਤ ਸ਼ਾਮਿਲ ਹੋਏ। ਧਰਤੀ ਪੁੱਤਰ ਨਾਵਲ ਲੋਕ ਅਰਪਣ ਕਰਨ ਉਪਰੰਤ ਉੱਘੇ ਨਾਟਕਕਾਰ ਮੋਹੀ ਅਮਰਜੀਤ ਦਾ ਵਿਸ਼ੇਸ਼ ਸਨਮਾਨ ਅਤੇ ਜ਼ੋਰਾ ਸਿੰਘ ਮੰਡੇਰ ਨੂੰ ਜਸਵੰਤ ਸਿੰਘ ਕੰਵਲ ਪੁਰਸਕਾਰ ਭੇਂਟ ਕੀਤਾ। ਡਾ. ਸਵਰਾਜ ਸਿੰਘ ਵਿਸ਼ਵਚਿੰਤਕ ਨੇ ਕਿਹਾ “ਪਿਛਲੇ 100 ਸਾਲਾਂ ਵਿੱਚ ਪੰਜਾਬ ਤੇ ਤਿੰਨ ਵੱਡੇ ਸਾਮਰਾਜੀ ਹਮਲੇ ਹੋਏ ਹਨ। ਪਹਿਲਾਂ 47 ਦੀ ਵੰਡ, ਦੂਜਾ ਹਰੇ ਇਨਕਲਾਬ ਅਤੇ ਤੀਸਰਾ ਸਾਮਰਾਜੀ ਪਰਵਾਸ ਦਾ। ਬ੍ਰਿਟਿਸ਼ ਸਾਮਰਾਜੀਆਂ ਨੇ ਉਨੀਵੀਂ ਸਦੀ ਵਿੱਚ ਇਹ ਸਮਝਿਆ ਸੀ ਕਿ ਪੰਜਾਬ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ, ਇਸ ਲਈ ਉਨ੍ਹਾਂ ਦੀ ਨੀਤੀ ਲਗਾਤਾਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਰਹੀ, ਪੰਜਾਬ ਉਸ ਵੇਲੇ ਦੇ ਬ੍ਰਿਟੇਨ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਸੀ, ਉਨ੍ਹਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਪ੍ਰੰਤੂ ਫਿਰ ਵੀ ਉਹ ਪੰਜਾਬ ਨੂੰ ਉਨ੍ਹਾਂ ਨੂੰ ਚੁਣੌਤੀ ਦੇਣ ਦੇ ਸਮੱਰਥ ਸਮਝਦੇ ਰਹੇ ਅਤੇ ਇਸਲਈ ਲਗਾਤਾਰ ਪੰਜਾਬ ਨੂੰ ਹੋਰ ਕਮਜ਼ੋਰ ਕਰਨ ਦਾ ਯਤਨ ਕਰਦੇ ਰਹੇ। ਬ੍ਰਿਟਿਸ਼ ਸਾਮਰਾਜੀਆਂ ਅਤੇ ਉਨ੍ਹਾਂ ਦੇ ਵਾਰਿਸ ਅਮਰੀਕੀ ਸਾਮਰਾਜੀਆਂ ਦੀ ਨੀਤੀ ਪੰਜਾਬ ਨੂੰ ਕਮਜ਼ੋਰ ਕਰਨ ਦੀ ਰਹੀ। ਇਸ ਨੀਤੀ ਤਹਿਤ ਪੰਜਾਬ ਤੇ ਤਿੰਨ ਹਮਲੇ ਹੋਏ, ਵੰਡ, ਹਰਾ ਇਨਕਲਾਬ ਅਤੇ ਸਾਮਰਾਜੀ ਪਰਵਾਸ ਦੇ, ਹਰਾ ਇਨਕਲਾਬ ਅਮਰੀਕੀ ਸਾਮਰਾਜ ਅਤੇ ਪੰਜਾਬ ਦੀ ਅਮੀਰ ਕਿਸਾਨੀ ਦਾ ਗੱਠਜੋੜ ਸੀ ਜਿਸਨੇ ਪੰਜਾਬ ਤੇ ਮੁਕੰਮਲ ਕਬਜ਼ਾ ਕਰ ਲਿਆ। ਸਾਮਰਾਜੀ ਪਰਵਾਸ ਕੁਦਰਤੀ ਪਰਵਾਸ ਜੋ ਕਿ ਲੋੜਾਂ ਤੇ ਅਧਾਰਿਤ ਹੈ ਨਾਲੋਂ ਅਲੱਗ ਹੈ। ਇਹ ਮੁੱਖ ਤੌਰ ਤੇ ਥੋੜੇ ਤੋਂ ਥੋੜੇ ਸਮੇਂ ਵਿੱਚ ਵੱਧ ਤੋਂ ਵੱਧ ਪੈਸਾ ਬਣਾਉਣ ਦੀ ਖਾਹਿਸ਼ ਵਿੱਚੋਂ ਉਪਜਦਾ ਹੈ। ਜਿੱਥੇ ਪਹਿਲਾਂ ਕੁਦਰਤੀ ਪਰਵਾਸ ਨੇ ਪੰਜਾਬ ਦਾ ਕੁੱਝ ਸੰਵਾਰਿਆ ਹੈ ਉੱਥੇ ਅਜੋਕਾ ਪਰਵਾਸ ਪੰਜਾਬ ਨੂੰ ਬਰਬਾਦ ਵੱਲ ਧੱਕ ਰਿਹਾ ਹੈ। ਇਸਨੇ ਵੱਡੇ ਪੱਧਰ ਤੇ ਪੰਜਾਬੀ ਦੇ ਸੱਭਿਆਚਾਰ ਨੂੰ ਖੋਰਾ ਅਤੇ ਕਦਰਾ-ਕੀਮਤਾਂ ਦੇ ਗੁਆਚਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਅੱਜ ਪੰਜਾਬੀ ਆਪਣੀਆਂ ਤਿੰਨਾਂ ਮਾਵਾਂ ਧਰਤੀ ਮਾਂ, ਜਨਨੀ ਮਾਂ ਅਤੇ ਮਾਂ ਬੋਲੀ ਤੇ ਸੱਭਿਆਚਾਰ ਨਾਲੋਂ ਟੁੱਟ ਰਹੇ ਹਨ। ਇਨ੍ਹਾਂ ਤਿੰਨ੍ਹਾਂ ਮਾਵਾਂ ਦਾ ਆਪਸੀ ਰਿਸ਼ਤਾ ਹੈ। ਜੋ ਲੋਕ ਆਪਣੀ ਧਰਤੀ ਮਾਂ ਤੋਂ ਟੁੱਟ ਰਹੇ ਹਨ। ਉਨ੍ਹਾਂ ਦਾ ਆਪਣੀ ਜਨਨੀ ਮਾਂ ਅਤੇ ਮਾਂ ਬੋਲੀ ਤੇ ਸੱਭਿਆਚਾਰ ਤੋਂ ਟੁੱਟਣਾ ਵੀ ਨਿਸ਼ਚਿਤ ਹੈ। ਪੰਜਾਬੀਆਂ ਨੂੰ ਆਪਣੀ ਸੱਭਿਆਚਾਰਕ ਹੌਂਦ ਨੂੰ ਬਚਾਉਣ ਲਈ ਅਤੇ ਪੰਜਾਬ ਨੂੰ ਸਾਮਰਾਜੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਜ਼ੋਰਾ ਸਿੰਘ ਮੰਡੇਰ ਦੇ ਧਰਤੀ ਪੁੱਤਰ ਨਾਵਲ ਅਨੁਸਾਰ ਸਿਰਜੇ ਬਿਰਤਾਂਤ ਤੋਂ ਅਗਵਾਈ ਲੈ ਕੇ ਸੰਘਰਸ਼ ਕਰਨ ਦੀ ਜਰੂਰਤ ਹੈ।” ਵਿਚਾਰ ਚਰਚਾ ਵਿੱਚ ਦਲਬਾਰ ਸਿੰਘ, ਪਵਨ ਹਰਚੰਦਪੁਰੀ, ਪ੍ਰੋ. ਮਲਕੀਤ ਖੱਟੜਾ, ਨਿਹਾਲ ਸਿੰਘ ਮਾਨ, ਡਾ. ਭਗਵੰਤ ਸਿੰਘ, ਗੁਰਨਾਮ ਸਿੰਘ, ਡਾ. ਰਾਕੇਸ਼ ਸ਼ਰਮਾ, ਕਰਮ ਸਿੰਘ ਜਖਮੀ, ਅਮਰ ਗਰਗ ਕਲਮਦਾਨ, ਅਨੋਖ ਸਿੰਘ ਵਿਰਕ, ਪ੍ਰਿੰਸੀਪਲ ਸੁਖਜੀਤ ਕੌਰ, ਜੋਗਿੰਦਰ ਕੌਰ ਅਗਨੀਹੋਤਰੀ, ਸ਼੍ਰੀ ਸਤਦੇਵ ਸ਼ਰਮਾ, ਸੁਰਿੰਦਰ ਸ਼ਰਮਾ ਨਾਗਰਾ, ਬਲਦੇਵ ਸਿੰਘ ਖੋਸਾ, ਮੋਹੀ ਅਮਰਜੀਤ, ਮੇਘਨਾਥ ਸ਼ਰਮਾ ਨੇ ਭਾਗ ਲੈ ਕੇ ਉਸਾਰੂ ਸੰਵਾਦ ਸਿਰਜਿਆ ਅਤੇ ਬੁਲਾਰਿਆਂ ਨੇ ਧਰਤੀ ਪੁੱਤਰ ਨਾਵਲ ਨੂੰ ਪੰਜਾਬੀ ਸਾਹਿਤ ਦੀ ਬਿਹਤਰੀਨ ਰਚਨਾ ਦੱਸਿਆ ਹੈ। ਇਸ ਮੌਕੇ ਕੈਪਟਨ ਹਰਕੇਸ਼ ਸਿੰਘ, ਸੁਰਜੀਤ ਸਿੰਘ ਮੌਜੀ, ਬਹਾਦਰ ਸਿੰਘ ਧੌਲਾ, ਪਵਨ ਕੁਮਾਰ ਹੋਸ਼ੀ, ਬਲਜਿੰਦਰ ਈਲਵਾਲ, ਮੀਤ ਸਕਰੌਦੀ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਵਿੰਦਰ ਕੌਰ, ਅਮਨਦੀਪ ਕੌਰ, ਕਾਮਰੇਡ ਬਸੇਸ਼ਰ ਰਾਮ, ਅੰਮ੍ਰਿਤਪਾਲ ਸਿੰਘ, ਗਮਦੂਰ ਸਿੰਘ ਬਰਾੜ, ਰਣਜੀਤ ਸਿੰਘ ਧੂਰੀ, ਅੰਮ੍ਰਿਤ ਅਜੀਜ, ਗੁਲਜ਼ਾਰ ਸਿੰਘ ਸ਼ੌਕੀ, ਗੁਰਨਾਮ ਸਿੰਘ, ਬਲਦੇਵ ਸਿੰਘ, ਹੰਸਰਾਜ ਆਦਿ ਸ਼ਾਇਰਾ ਨੇ ਹੋਲੇ-ਮਹੱਲੇ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ। ਸਨਮਾਨ ਪੱਤਰ ਜੋਗਿੰਦਰ ਕੌਰ ਅਗਨੀਹੋਤਰੀ ਅਤੇ ਸੁਖਜੀਤ ਕੌਰ ਸੋਹੀ ਨੇ ਪੜ੍ਹੇ। ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਧਰਤੀ ਪੁੱਤਰ ਨੂੰ ਪੰਜਾਬੀ ਦਾ ਇੱਕ ਸਫਲ ਨਾਵਲ ਦੱਸਿਆ। ਗੁਰਨਾਮ ਸਿੰਘ ਨੇ ਮੰਚ ਸੰਚਾਲਣ ਕੀਤਾ। ਸੁੱਖ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਭਗਵੰਤ ਸਿੰਘ ਨੇ ਧਰਤੀ ਪੁੱਤਰ ਨਾਵਲ ਦੀ ਵਿਸ਼ੇਗਤ ਅਤੇ ਰੂਪਕ ਮਹੱਤਤਾ ਨੂੰ ਪੇਸ਼ ਕੀਤਾ। ਅਨੋਖ ਸਿੰਘ ਵਿਰਕ, ਪਵਨ ਹਰਚੰਦਪੁਰੀ, ਕਰਮ ਸਿੰਘ ਜਖਮੀ ਨੇ ਨਾਵਲ ਦੀ ਪ੍ਰਸੰਸ਼ਾ ਕੀਤੀ। ਜ਼ੋਰਾ ਸਿੰਘ ਮੰਡੇਰ ਨੇ ਆਪਣੀ ਸਿਰਜਨ ਪ੍ਰਕ੍ਰਿਆ ਬਾਰੇ ਗੱਲ ਕਰਦੇ ਹੋਏ ਸਮਾਗਮ ਵਿੱਚ ਉਠਾਏ ਗਏ ਨੁਕਤਿਆ ਤੇ ਪ੍ਰਸੰਨਤਾ ਜਾਹਿਰ ਕੀਤੀ।

