
ਕੋਟਕਪੂਰਾ , 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਮੋਬਾਇਲ ਨੰਬਰਾਂ ਤੇ ਡਿਜ਼ੀਟਲ ਲਾਈਫ ਸਰਟੀਫਿਕੇਟ ਸਬੰਧਤ ਬੈਂਕ ਵੱਲੋਂ ਸਵੀਕਾਰ ਨਾ ਕਰਨ ਦੇ ਆ ਰਹੇ ਮੈਸੇਜ ਨੇ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਨੂੰ ਵੱਡੀ ਪ੍ਰੇਸ਼ਾਨੀ ਵਿੱਚ ਪਾਇਆ ਹੋਇਆ ਹੈ। ਇਸ ਸਬੰਧ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਸੂਬਾ ਪ੍ਰੈੱਸ ਸਕੱਤਰ ਕੁਲਵੰਤ ਸਿੰਘ ਚਾਨੀ, ਜ਼ਿਲ੍ਹਾ ਫਰੀਦਕੋਟ ਦੇ ਆਗੂ ਸੋਮਨਾਥ ਅਰੋੜਾ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਜਸਵਿੰਦਰ ਸਿੰਘ ਬਰਾੜ ਅਤੇ ਗੁਰਚਰਨ ਸਿੰਘ ਮਾਨ ਨੇ ਕਿਹਾ ਕਿ ਸਾਰੇ ਪੈਨਸ਼ਨਰ ਆਪਣਾ ਲਾਈਵ ਸਰਟੀਫਿਕੇਟ ਜੀਵਨ ਪ੍ਰਮਾਣ ਐਪ ਰਾਹੀਂ ਆਪਣੇ ਸਬੰਧਤ ਬੈਂਕਾਂ ਵਿੱਚ ਖੁਦ ਜਾ ਕੇ ਜਾਂ ਆਪਣੇ ਬੱਚਿਆਂ ਰਾਹੀਂ ਅਪਲੋਡ ਕਰ ਚੁੱਕੇ ਹਨ, ਜਿਸ ਦਾ ਉਹਨਾਂ ਕੋਲ ਬਕਾਇਦਾ ਸਬੂਤ ਵੀ ਮੌਜੂਦ ਹਨ ਪਰ ਇਸ ਗੱਲ ਦੇ ਬਾਵਜੂਦ ਵੀ ਬਹੁਤ ਸਾਰੇ ਪੈਨਸ਼ਨਰਾਂ ਨੂੰ ਮੈਸੇਜ ਪ੍ਰਾਪਤ ਹੋ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਨਸ਼ਨਰਾਂ ਦੀ ਇਹ ਖੱਜਲ ਖੁਆਰੀ ਤੁਰਤ ਬੰਦ ਕਰਕੇ ਆਪਣੇ ਆਨਲਾਈਨ ਸਿਸਟਮ ਵਿੱਚ ਸੁਧਾਰ ਕੀਤਾ ਜਾਵੇ ਅਤੇ ਵਾਰ ਵਾਰ ਲਾਈਫ ਸਰਟੀਫਿਕੇਟ ਅਪਲੋਡ ਕਰਨ ਲਈ ਮਜਬੂਰ ਨਾ ਕੀਤਾ ਜਾਵੇ।