ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਮੰਦਭਾਗੀ ਘਟਨਾਵਾਂ, ਮਹਿਜ ਬੇਅਦਬੀਆਂ ਨਹੀਂ ਬਲਕਿ ਸਾਡੇ ਇਸ਼ਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਹਮਲੇ ਹਨ। ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਕੂਮਤਾਂ, ਸਰਕਾਰਾਂ, ਵਿਰੋਧੀਆਂ ਤੇ ਦੁਸ਼ਮਣਾਂ ਦਾ ਢਿੱਡ ਨਹੀਂ ਭਰਿਆ ਤੇ ਹੁਣ ਉਹ ਲਗਾਤਾਰ ਸਾਡੇ ਗੁਰੂ ‘ਤੇ ਹਮਲੇ ਕਰ ਰਹੇ ਹਨ। ਇਹ ਸਿੱਖ ਕੌਮ ਉੱਤੇ ਹੋ ਰਹੇ ਜ਼ੁਲਮ, ਅਨਿਆਂ ਅਤੇ ਹਮਲਿਆਂ ਦੀ ਸਿਖ਼ਰ ਹੈ। ਜਦੋਂ ਪਿਓ ਦੀ ਪੱਗ ਨੂੰ ਕੋਈ ਹੱਥ ਪਾ ਲਵੇ ਫਿਰ ਪੁੱਤ ਮਰਨ-ਮਾਰਨ ‘ਤੇ ਉਤਰ ਆਉਂਦਾ ਹੈ ਤੇ ਅਜਿਹੀ ਹੀ ਹਾਲਤ ਸਿੱਖਾਂ ਦੀ ਬਣੀ ਹੋਈ ਹੈ। ਆਪਣੇ ਗੁਰੂ ਦਾ ਸਤਿਕਾਰ ਕਾਇਮ ਰੱਖਣ ਲਈ ਸਿੱਖ ਕੋਈ ਵੀ ਕਦਮ ਉਠਾ ਸਕਦੇ ਹਨ। ਸਿੱਖ ਲਈ ਗੁਰੂ ਤੋਂ ਉਤੇ ਕੁਝ ਨਹੀਂ, ਤੇ ਦੁਸ਼ਮਣਾਂ ਵੱਲੋਂ ਗੁਰੂ ਉਤੇ ਕੀਤਾ ਹਮਲਾ ਤਾਂ ਸਿੱਖ ਦੀ ਰੂਹ ਨੂੰ ਝੰਜੋੜ ਦਿੰਦਾ ਹੈ ਤੇ ਸਿੱਖ ਦੀ ਅਣਖ਼ ਅਜਿਹਾ ਉਬਾਲਾ ਮਾਰਦੀ ਹੈ ਕਿ ਉਹ ਵੈਰੀ ਦਾ ਅੰਤ ਕਰਕੇ ਹੀ ਸਾਹ ਲੈਂਦਾ ਹੈ, ਚਾਹੇ ਬਾਅਦ ਵਿੱਚ ਉਸਨੂੰ ਕੁਝ ਵੀ ਭੁਗਤਣਾ ਪਵੇ। ਸੱਚਾ ਸਿੱਖ ਕਦੇ ਵੀ ਗੁਰੂ ਸਾਹਿਬ ਉੱਤੇ ਹਮਲਾ ਨਹੀਂ ਸਹਿ ਸਕਦਾ, ਉਹ ਚੈਨ ਨਾਲ ਨਹੀਂ ਬਹਿ ਸਕਦਾ, ਉਸ ਦੀ ਆਤਮਾ ਕੁਝ ਕਰਨ ਲਈ ਪ੍ਰੇਰਦੀ ਹੈ, ਪੰਥਕ ਫ਼ਰਜ਼ ਉਸਨੂੰ ਅਵਾਜ਼ਾਂ ਮਾਰਦੇ ਹਨ ਤੇ ਫਿਰ ਸਿੱਖ ਗੁਰਬਾਣੀ, ਇਤਿਹਾਸ, ਸਿਧਾਂਤ, ਰਵਾਇਤ ਤੇ ਪ੍ਰੰਪਰਾ ਤੋਂ ਸੇਧ ਲੈ ਕੇ ਮੈਦਾਨ ਵਿੱਚ ਨਿੱਤਰ ਪੈਂਦਾ ਹੈ। ਉਸਨੂੰ ਦੁਨੀਆਂ ਦੀ, ਮੀਡੀਆ ਦੀ ਤੇ ਹੋਰ ਵਿਰੋਧੀਆਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਉਹ ਕੀ ਕਹਿਣਗੇ! ਸਿੱਖ, ਗੁਰੂ ਨਾਲ ਆਪਣਾ ਰਿਸ਼ਤਾ ਨਿਭਾਉਂਦਾ ਹੈ ਤੇ ਆਪਣੇ ਗੁਰੂ ਦੇ ਸਤਿਕਾਰ ਲਈ ਆਪਾ ਵੀ ਵਾਰ ਦਿੰਦਾ ਹੈ।
ਸਾਡੇ ਗੁਰੂ ‘ਤੇ ਹਮਲੇ ਕਰਨ ਵਾਲੇ ਪਾਪੀ, ਦੁਸ਼ਟ, ਦੋਖੀ ਤੇ ਦੁਸ਼ਮਣ ਭੁੱਲ ਜਾਣ ਕਿ ਸਿੱਖ ਚੁੱਪ ਰਹਿਣਗੇ, ਜ਼ਰ ਜਾਣਗੇ, ਅੱਖਾਂ ਬੰਦ ਕਰ ਲੈਣਗੇ, ਭੁੱਲ ਜਾਣਗੇ, ਕੋਈ ਪ੍ਰਤੀਕਿਰਿਆ ਨਹੀਂ ਕਰਨਗੇ, ਹੱਥ ‘ਤੇ ਹੱਥ ਧਰ ਕੇ ਬੈਠੇ ਰਹਿਣਗੇ! ਪਾਪੀਆਂ ਦਾ ਇਹ ਵਹਿਮ ਦੂਰ ਕਰਨ ਲਈ ਜੁਝਾਰੂ ਖ਼ਾਲਸਾ ਪ੍ਰਗਟ ਹੋਣ ਲਈ ਦੇਰ ਨਹੀਂ ਲਾਉਂਦਾ, ਕੋਈ ਗੁਰੂ ਕਾ ਬਾਜ਼ ਫ਼ਰਜ਼ ਨਿਭਾ ਹੀ ਜਾਂਦਾ ਹੈ, ਦੇਰ-ਸਵੇਰ ਸੋਧਾ ਲੱਗ ਹੀ ਜਾਂਦਾ ਹੈ, ਗੁਰੂ ਦੀ ਕਲਾ ਅਤੇ ਸ਼ਹੀਦ ਸਿੰਘ ਵਰਤ ਜਾਂਦੇ ਹਨ, ਇੱਕ ਨਵਾਂ ਇਤਿਹਾਸ ਜਨਮ ਲੈ ਲੈਂਦਾ ਹੈ ਤੇ ਢਾਡੀਆਂ-ਕਵੀਸ਼ਰਾਂ ਦੀਆਂ ਵਾਰਾਂ ਅਤੇ ਇਤਿਹਾਸ ਦੀਆਂ ਕਿਤਾਬਾਂ ਦਾ ਸ਼ਿੰਗਾਰ ਬਣ ਜਾਂਦਾ ਹੈ। ਗੁਰੂ ਸਾਹਿਬ ਦੇ ਸਤਿਕਾਰ ਲਈ ਸਿੱਖਾਂ ਨੇ ਚੰਦੂ, ਗੰਗੂ, ਸ਼ੀਂਹਾ ਮਸੰਦ, ਕੇਸਰੀ ਚੰਦ, ਲੱਖਪਤ ਰਾਏ, ਇੰਦਰਾ ਗਾਂਧੀ, ਜਨਰਲ ਵੈਦਿਆ ਤੇ ਗੋਬਿੰਦ ਰਾਮ ਨੂੰ ਲਲਕਾਰ ਕੇ ਸੋਧਿਆ ਅਤੇ ਅਹਿਮਦ ਖਾਂ, ਫ਼ਤਹਿ ਖਾਂ, ਲਲਾ ਬੇਗ, ਨਾਹਰ ਖਾਂ, ਜਾਬਰ ਖਾਂ, ਜਮਸ਼ੇਦ ਖਾਂ, ਵਜ਼ੀਰ ਖ਼ਾਂ, ਅਮਾਨ ਖ਼ਾਂ, ਮੱਸੇ ਰੰਘੜ ਅਤੇ ਪੀਟਰ ਕਲੋਨੈਟ ਨੂੰ ਉਸਦੇ ਪਾਪਾਂ ਦੀ ਸਜ਼ਾ ਦਿੱਤੀ ਅਤੇ ਅਜੋਕੇ ਸਮੇਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹਮਲੇ ਕਰਨ ਵਾਲੇ ਸੂਰਜਮੁਨੀ ਸਾਧ, ਮਹਿੰਦਰਪਾਲ ਬਿੱਟੂ, ਗੁਰਦੇਵ ਪ੍ਰੇਮੀ, ਪ੍ਰਦੀਪ, ਚਰਨ ਦਾਸ, ਲਖਬੀਰ, ਬਖਸ਼ੀਸ਼, ਮਨੋਹਰ ਲਾਲ ਤੇ ਬਲਵਿੰਦਰ ਔਰਤ ਜਿਹੇ ਕਈ ਦੁਸ਼ਟਾਂ ਨੂੰ ਗੁਰੂ ਕੇ ਲਾਲਾਂ ਨੇ ਮੌਤ ਦੀ ਗੱਡੀ ਚਾੜ੍ਹਿਆ। ਪੁਰਾਤਨ ਸਮੇਂ ਵਿੱਚ ਵੀ ਸਿੱਖਾਂ ਨੇ ਇਹ ਸੇਵਾ ਖ਼ੁਦ ਸੰਭਾਲੀ ਸੀ ਤੇ ਹੁਣ ਵੀ ਜਦੋਂ ਸਰਕਾਰਾਂ, ਅਦਾਲਤਾਂ, ਕਾਨੂੰਨ ਅਤੇ ਪੁਲਿਸ ਇਨਸਾਫ਼ ਨਹੀਂ ਕਰਦੀ ਤਾਂ ਆਪਣੇ ਗੁਰੂ ਦੇ ਅਦਬ ਲਈ ਅਣਖੀਲੇ ਸਿੱਖਾਂ ਨੂੰ ਖ਼ੁਦ ਹੀ ਡੱਟਣਾ ਪੈਂਦਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
