
ਲੁਧਿਆਣਾ 12 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਪਾਲ ਆਡੀਟੋਰੀਅਮ ਵਿਚ ਮਾਨਸਿਕ ਸਿਹਤ ਬਾਰੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ| ਇਸ ਭਾਸ਼ਣ ਨੂੰ ਦੇਣ ਲਈ ਡਾ. ਗੁਰਪ੍ਰਤਾਪ ਸਿੰਘ ਸੰਧੂ, ਐੱਮ ਡੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ| ਡਾ. ਸੰਧੂ ਨੇ ਮਾਨਸਿਕ ਸਿਹਤ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੋਂ ਇਲਾਵਾ ਮਾਨਸਿਕ ਬਿਮਾਰੀਆਂ ਅਤੇ ਇਹਨਾਂ ਉੱਪਰ ਕਾਬੂ ਪਾਉਣ ਦੇ ਤਰੀਕੇ ਭਾਸ਼ਣ ਦੌਰਾਨ ਸਾਂਝੇ ਕੀਤੇ| ਉਹਨਾਂ ਨੇ ਚੰਗੀ ਮਾਨਸਿਕ ਸਿਹਤ ਦੀਆਂ ਅਲਾਮਤਾਂ ਦਸਦਿਆਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਮਾਨਸਿਕ ਸਿਹਤ ਅਤੇ ਤੰਦਰੁਸਤੀ ਦੀ ਮਹੱਤਤਾ ਦ੍ਰਿੜ ਕਰਵਾਈ| ਇਸ ਤੋਂ ਇਲਾਵਾ ਡਾ. ਸੰਧੂ ਨੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਜਿਵੇਂ ਬਚਪਨ ਤੋਂ ਬਾਲਗ ਅਤੇ ਬੁਢਾਪੇ ਤੱਕ ਮਾਨਸਿਕ ਸਿਹਤ ਸੰਬੰਧੀ ਮਿਸਾਲਾਂ ਦੇ ਕੇ ਵਿਸਥਾਰ ਨਾਲ ਸਮਝਾਇਆ| ਉਹਨਾਂ ਦੱਸਿਆ ਕਿ ਮਾਨਸਿਕ ਵਿਕਾਰਾਂ ਅਤੇ ਵਿਸ਼ਾਦਾਂ ਨਾਲ ਨਜਿੱਠਣ ਦੇ ਕੀ ਤਰੀਕੇ ਹੋ ਸਕਦੇ ਹਨ|
ਸਵਾਗਤ ਦੇ ਸ਼ਬਦ ਬੋਲਦਿਆਂ ਖੇਤਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਅੱਜ ਦੇ ਤਨਾਅ ਭਰੇ ਸਮੇਂ ਵਿਚ ਚੰਗੀ ਮਾਨਸਿਕ ਸਿਹ ਲਈ ਅਜਿਹੇ ਭਾਸ਼ਣਾਂ ਨੁੰ ਰਾਹ ਦਿਖਾਉਣ ਵਾਲੇ ਕਿਹਾ| ਉਹਨਾਂ ਕਿਹਾ ਕਿ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਤਨਾਅ ਅਤੇ ਖਿੱਝਾਂ ਤੋਂ ਮੁਕਤੀ ਪਾਉਣ ਲਈ ਅਜਿਹੇ ਭਾਸ਼ਣ ਨਾ ਸਿਰਫ ਮਾਹਿਰਾਂ ਬਲਕਿ ਵਿਦਿਆਰਥੀਆਂ ਵਾਸਤੇ ਵੀ ਸਹਾਈ ਸਿੱਧ ਹੋਣਗੇ|
ਡਾ. ਪੰਕਜ ਕੁਮਾਰ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ| ਇਸ ਵਿਸ਼ੇਸ਼ ਭਾਸ਼ਣ ਨੂੰ ਸੁਣਨ ਲਈ 500 ਦੇ ਕਰੀਬ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਮੌਜੂਦ ਸਨ|

