ਕਈ ਥਾਵਾਂ ’ਤੇ ਹਵਾ ਨੇ ਕਣਕ ਵਿਛਾਈ, ਸਰ੍ਹੋਂ ਦੀ ਵਾਢੀ ਦਾ ਕੰਮ ਰੁਕਣ ਦਾ ਖ਼ਦਸ਼ਾ
ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਲਵਾ ਖੇਤਰ ਵਿੱਚ ਹਲਕੀ-ਫੁਲਕੀ ਕਿਣ-ਮਿਣ ਕਣੀ ਨਾਲ ਚੱਲਣ ਲੱਗੀ ਤੇਜ਼ ਹਵਾ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਅੱਜ ਸਾਰਾ ਦਿਨ ਝੜੀ ਲੱਗੀ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਵੱਲੋਂ ਰਾਜ ਵਿਚ ਲਗਾਤਾਰ ਅਜਿਹਾ ਮੌਸਮ ਰਹਿਣ ਦੀ ਦਿੱਤੀ ਚਿਤਾਵਨੀ ਨੇ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਕੱਲ੍ਹ ਵੱਡੇ ਤੜਕੇ ਤੋਂ ਕਿਤੇ-ਕਿਤੇ ਪਈਆਂ ਹਲਕੀਆਂ ਕਣੀਆਂ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗੀਆਂ, ਜਦੋਂ ਕਣੀਆਂ ਦੇ ਨਾਲ ਹੀ ਤੇਜ਼ ਹਵਾ ਸ਼ੁਰੂ ਹੋ ਗਈ। ਇਸ ਹਵਾ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਵਿਛਣੇ ਸ਼ੁਰੂ ਹੋ ਗਏ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਡਿੱਗ ਗਈਆਂ ਹਨ। ਖੇਤੀਬਾੜੀ ਅਧਿਕਾਰੀਆਂ ਮੁਤਾਬਿਕ ਮਹਿਕਮੇ ਦੇ ਮਾਹਿਰਾਂ ਵਲੋਂ ਵੈਸੇ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਹੋਈ ਹੈ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ, ਵੈਸੇ ਜਿਹੜੇ ਕਿਸਾਨਾਂ ਨੇ ਪਾਣੀ ਲਾਉਣ ਦਾ ਉਪਰਾਲਾ ਕੀਤਾ ਹੈ, ਉੱਥੇ ਕਣਕਾਂ ਧਰਤੀ ’ਤੇ ਡਿੱਗਣ ਦੀ ਸੰਭਾਵਨਾ ਵੱਧ ਗਈ ਹੈ। ਜੇਕਰ ਇਸ ਮੀਂਹ ਦੌਰਾਨ ਤੇਜ਼ ਹਵਾ ਅਤੇ ਝੱਖੜ ਨਹੀਂ ਝੁਲਦਾ ਤਾਂ ਕਣਕ ਸਣੇ ਹੋਰ ਹਾੜ੍ਹੀ ਦੀ ਕਿਸੇ ਵੀ ਫਸਲ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਉਨ੍ਹਾਂ ਮੰਨਿਆ ਕਿ ਇਸ ਮੌਸਮ ਵਿਚਲੀ ਸਿੱਲ ਕਾਰਨ ਸਰ੍ਹੋਂ ਦੀ ਵਾਢੀ ਦਾ ਕੰਮ ਕੁਝ ਸਮੇਂ ਲਈ ਰੁਕ ਸਕਦਾ ਹੈ। ਖੇਤੀ ਮਹਿਕਮੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਅਗੇਤੀਆਂ ਕਣਕਾਂ ਡਿੱਗੀਆਂ ਹਨ, ਉੱਥੇ ਖੜ੍ਹੀਆਂ ਕਣਕਾਂ ਸਣੇ ਹੋਰ ਫਸਲਾਂ ਨੂੰ ਇਸ ਮੀਂਹ ਦਾ ਲਾਭ ਵੀ ਹੋਇਆ ਹੈ, ਇਸ ਨਾਲ ਤੇਲੇ ਸਮੇਤ ਕਈ ਹੋਰ ਬਿਮਾਰੀਆਂ ਦਾ ਖਾਤਮਾ ਹੋ ਚੁੱਕਿਆ ਹੈ।

