ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਡੀ.ਐਸ.ਟੀ.ਸੀ.ਟੀ.ਐਸ. ਕੰਟਰੈਕਟ ਇੰਸਟਰਕਟਰ ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਬਤੌਰ ਕੰਟਰੈਕਟ/ਗੈਸਟ ਫੈਕਲਟੀ 700 ਦੇ ਕਰੀਬ ਇੰਸਟਰਕਟਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਾਂ। ਅਸੀ ਆਪਣੀਆਂ ਮੰਗਾਂ ਸਬੰਧੀ ਬਹੁਤ ਵਾਰ ਮੁੱਖ ਮੰਤਰੀ ਸਾਹਿਬ ਨਾਲ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਤੇ ਹੋਰ ਮੰਤਰੀਆਂ ਨੂੰ ਆਪਣੀਆਂ ਮੰਗਾਂ ਸਬੰਧੀ ਬਹੁਤ ਵਾਰ ਮੀਟਿੰਗ ਕਰ ਚੁੱਕੇ ਹਾਂ ਪਰ ਸਾਡੀਆਂ ਮੰਗਾ ਸਬੰਧੀ ਸਰਕਾਰ ਵਲੋ ਕੋਈ ਕਾਰਵਾਈ ਨਹੀਂ ਕੀਤੀ ਗਈ, ਦੁਬਾਰਾ ਅਸੀ ਸਰਕਾਰ ਪਾਸੋ ਮੀਟਿੰਗ ਲਈ ਸਮੇਂ ਦੀ ਮੰਗ ਕੀਤੀ ਸੀ, ਜਿਸ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਵੱਲੋ ਸਾਨੂੰ ਮਿਤੀ 29/01/2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਪਰ ਇਹ ਮੀਟਿੰਗ ਮੰਤਰੀ ਸਾਹਿਬ ਵੱਲੋਂ ਨਹੀਂ ਕੀਤੀ ਗਈ ਅਤੇ ਇਸ ਤਰੀਕ ਨੂੰ ਬਦਲਦੇ ਹੋਏ ਮਿਤੀ 17/02/2026 ਨੂੰ ਫਿਰ ਤੋਂ ਬੁਲਾਇਆ ਗਿਆ ਸੀ ਪਰ ਇਸ ਮੀਟਿੰਗ ਤੋਂ ਵੀ ਸਰਕਾਰ ਭੱਜ ਗਈ ਅਤੇ ਅਗਲੀ ਮੀਟਿੰਗ ਦਾ ਸਮਾਂ ਦੇਣ ਲਈ ਸਾਨੂੰ ਫਿਰ ਤੋਂ ਲਾਰਾ ਲਾਇਆ ਗਿਆ ਪਰ ਅੱਜ ਤੱਕ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਵਾਰ ਵਾਰ ਮੀਟਿੰਗ ਵਿੱਚ ਸਾਡੀਆਂ ਮੰਗਾਂ ਸਬੰਧੀ ਜਿਵੇਂ ਕਿ ਤਨਖਾਹ ਵਿੱਚ ਵਾਧਾ ਅਤੇ ਸੇਵਾ ਸੁਰੱਖਿਆ ਸਬੰਧੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਵੀ ਲਾਰਾ ਲਗਾਇਆ ਜਾ ਰਿਹਾ ਹੈ। ਜਿਸ ਕਰਕੇ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਾਨੂੰ ਸਰਕਾਰ ਵੱਲੋਂ ਇਕ ਹਫਤੇ ਦੇ ਅੰਦਰ ਅੰਦਰ ਮੀਟਿੰਗ ਲਈ ਨਹੀਂ ਬੁਲਾਇਆ ਗਿਆ ਅਤੇ ਸਾਡੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ, ਤਾਂ ਪੂਰੀ ਯੂਨੀਅਨ ਵੱਲੋਂ ਮਿਤੀ 31/03/2026 ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਜਰੂਰਤ ਪੈਂਦੀ ਹੈ ਤਾਂ ਇਸ ਰੋਸ ਪ੍ਰਦਰਸ਼ਨ ਨੂੰ ਪੱਕੇ ਧਰਨੇ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿਚ ਜੇਕਰ ਕੋਈ ਨੁਕਸਾਨ ਹੁੰਦਾ ਹੈ ਉਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਯੂਨੀਅਨ ਦੇ ਪ੍ਰਧਾਨ ਕਿਰਨਦੀਪ ਰੁਪਾਣਾ, ਸਿਮਰਨਜੀਤ ਸਿੰਘ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਸਵਰਨ ਸਿੰਘ ਮਨਜਿੰਦਰ ਸਿੰਘ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

