ਕੁਦਰਤ ਦੀ ਹਰ ਰਚਨਾ ਆਪਣੇ ਆਪ ਵਿੱਚ ਵਿਲੱਖਣ ਹੈ। ਜੇਕਰ ਅਸੀਂ ਬਗੀਚੇ ਵਿੱਚ ਲੱਗੇ ਫੁੱਲਾਂ ਨੂੰ ਧਿਆਨ ਨਾਲ ਦੇਖੀਏ, ਤਾਂ ਸਮਝ ਆਉਂਦਾ ਹੈ ਕਿ ਹਰ ਫੁੱਲ ਦੇ ਖਿੜਨ ਦਾ ਇੱਕ ਨਿਸ਼ਚਿਤ ਸਮਾਂ ਅਤੇ ਆਪਣਾ ਹੀ ਇੱਕ ਅੰਦਾਜ਼ ਹੁੰਦਾ ਹੈ। ਪਰ ਅੱਜ ਦੇ ਦੌਰ ਵਿੱਚ ਇਨਸਾਨ ਅਕਸਰ ਆਪਣੀ ਤੁਲਨਾ ਦੂਜਿਆਂ ਨਾਲ ਕਰਕੇ ਆਪਣੀ ਮਾਨਸਿਕ ਸ਼ਾਂਤੀ ਗੁਆ ਰਿਹਾ ਹੈ। ਇਸੇ ਸੰਦਰਭ ਵਿੱਚ ਇੱਕ ਬਹੁਤ ਹੀ ਸੁੰਦਰ ਬਿਰਤਾਂਤ ਸਾਡੇ ਸਾਹਮਣੇ ਆਉਂਦਾ ਹੈ।
ਇੱਕ ਬਹੁਤ ਹੀ ਸੁੰਦਰ ਬਗੀਚੇ ਵਿੱਚ ਦੋ ਪੌਦੇ ਇਕੱਠੇ ਉੱਗੇ। ਇੱਕ ਗੁਲਾਬ ਦਾ ਸੀ ਅਤੇ ਦੂਜਾ ਬ੍ਰਹਮਕਮਲ ਦਾ। ਗੁਲਾਬ ਨੇ ਬਹੁਤ ਤੇਜ਼ੀ ਨਾਲ ਵਾਧਾ ਕੀਤਾ। ਕੁਝ ਹੀ ਹਫ਼ਤਿਆਂ ਵਿੱਚ ਉਸ ‘ਤੇ ਲਾਲ ਸੁਰਖ ਫੁੱਲ ਖਿੜ ਗਏ। ਬਗੀਚੇ ਵਿੱਚ ਆਉਣ ਵਾਲਾ ਹਰ ਇਨਸਾਨ ਗੁਲਾਬ ਦੀ ਸੁੰਦਰਤਾ ਦੀ ਤਾਰੀਫ਼ ਕਰਦਾ। ਗੁਲਾਬ ਨੂੰ ਆਪਣੀ ਇਸ ਜਲਦੀ ਮਿਲੀ ਸਫਲਤਾ ‘ਤੇ ਮਾਣ ਹੋ ਗਿਆ।
ਦੂਜੇ ਪਾਸੇ, ਬ੍ਰਹਮਕਮਲ ਦਾ ਪੌਦਾ ਅਜੇ ਸਿਰਫ਼ ਹਰਾ ਹੀ ਸੀ। ਉਸ ‘ਤੇ ਨਾ ਕੋਈ ਕਲੀ ਸੀ ਅਤੇ ਨਾ ਹੀ ਕੋਈ ਫੁੱਲ। ਇੱਕ ਦਿਨ ਗੁਲਾਬ ਨੇ ਬ੍ਰਹਮਕਮਲ ਨੂੰ ਕਿਹਾ ਕਿ ਉਹ ਬੇਕਾਰ ਹੈ ਕਿਉਂਕਿ ਉਹ ਦੁਨੀਆ ਨੂੰ ਕੁਝ ਦੇ ਨਹੀਂ ਰਿਹਾ। ਬ੍ਰਹਮਕਮਲ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਕੁਦਰਤ ਨੇ ਹਰ ਕਿਸੇ ਲਈ ਵੱਖਰਾ ਵਕਤ ਤੈਅ ਕੀਤਾ ਹੈ ਅਤੇ ਉਹ ਸਿਰਫ਼ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ।
ਕਈ ਮਹੀਨੇ ਬੀਤ ਗਏ। ਗੁਲਾਬ ਦੇ ਫੁੱਲ ਕਈ ਵਾਰ ਖਿੜੇ ਅਤੇ ਮੁਰਝਾ ਗਏ, ਪਰ ਬ੍ਰਹਮਕਮਲ ‘ਤੇ ਕੋਈ ਹਲਚਲ ਨਹੀਂ ਸੀ। ਪਰ ਬ੍ਰਹਮਕਮਲ ਨਿਰਾਸ਼ ਨਹੀਂ ਹੋਇਆ। ਉਸ ਨੇ ਇਸ ਸਮੇਂ ਦੌਰਾਨ ਆਪਣੀਆਂ ਜੜ੍ਹਾਂ ਨੂੰ ਜ਼ਮੀਨ ਵਿੱਚ ਹੋਰ ਡੂੰਘਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਭਵਿੱਖ ਵਿੱਚ ਇੱਕ ਵੱਡੇ ਬਦਲਾਅ ਲਈ ਤਿਆਰ ਹੋ ਸਕੇ।
ਅਖੀਰ ਇੱਕ ਸਾਲ ਬਾਅਦ, ਇੱਕ ਚਾਂਦਨੀ ਰਾਤ ਨੂੰ ਬ੍ਰਹਮਕਮਲ ਦੇ ਪੌਦੇ ਵਿੱਚ ਹਲਚਲ ਹੋਈ। ਇੱਕ ਬਹੁਤ ਹੀ ਮਨਮੋਹਕ ਖੁਸ਼ਬੂ ਪੂਰੇ ਬਗੀਚੇ ਵਿੱਚ ਫੈਲ ਗਈ। ਸਫੇਦ ਰੰਗ ਦੀਆਂ ਪੰਖੁੜੀਆਂ ਜਿਵੇਂ ਚੰਦ ਦੀ ਰੌਸ਼ਨੀ ਨੂੰ ਆਪਣੇ ਅੰਦਰ ਸਮੇਟ ਰਹੀਆਂ ਹੋਣ। ਜਦੋਂ ਉਹ ਪੂਰੀ ਤਰ੍ਹਾਂ ਖਿੜਿਆ, ਤਾਂ ਉਸ ਦੀ ਸ਼ਾਹੀ ਸੁੰਦਰਤਾ ਅੱਗੇ ਬਾਕੀ ਸਾਰੇ ਫੁੱਲ ਫਿੱਕੇ ਪੈ ਗਏ। ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਗੁਲਾਬ, ਜੋ ਕੱਲ੍ਹ ਤੱਕ ਹੰਕਾਰ ਵਿੱਚ ਸੀ, ਹੈਰਾਨ ਰਹਿ ਗਿਆ। ਉਸ ਨੂੰ ਅਹਿਸਾਸ ਹੋਇਆ ਕਿ ਜਿਸ ਚੀਜ਼ ਲਈ ਸਬਰ ਕੀਤਾ ਜਾਂਦਾ ਹੈ, ਉਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਹੁੰਦਾ ਹੈ।
ਇਹ ਕਹਾਣੀ ਸਾਡੇ ਅਸਲ ਜੀਵਨ ਦਾ ਸ਼ੀਸ਼ਾ ਹੈ। ਅਸੀਂ ਅਕਸਰ ਆਪਣੇ ਸਾਥੀਆਂ, ਦੋਸਤਾਂ ਜਾਂ ਰਿਸ਼ਤੇਦਾਰਾਂ ਦੀ ਤਰੱਕੀ ਦੇਖ ਕੇ ਦਬਾਅ ਮਹਿਸੂਸ ਕਰਨ ਲੱਗਦੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਪਿੱਛੇ ਰਹਿ ਗਏ ਹਾਂ। ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਵਿਅਕਤੀ ਦਾ ਜੀਵਨ ਚੱਕਰ ਵੱਖਰਾ ਹੈ। ਕੋਈ 22 ਸਾਲ ਦੀ ਉਮਰ ਵਿੱਚ ਗ੍ਰੈਜੂਏਟ ਹੋ ਕੇ 30 ਸਾਲ ਤੱਕ ਨੌਕਰੀ ਦੀ ਉਡੀਕ ਕਰਦਾ ਹੈ, ਅਤੇ ਕੋਈ 25 ਸਾਲ ਦੀ ਉਮਰ ਵਿੱਚ ਸਫਲ ਉਦਯੋਗਪਤੀ ਬਣ ਜਾਂਦਾ ਹੈ।
ਤੁਲਨਾ ਹਮੇਸ਼ਾ ਦੁੱਖ ਪੈਦਾ ਕਰਦੀ ਹੈ। ਜੇਕਰ ਗੁਲਾਬ ਜਲਦੀ ਖਿੜਦਾ ਹੈ, ਤਾਂ ਉਹ ਜਲਦੀ ਮੁਰਝਾ ਵੀ ਜਾਂਦਾ ਹੈ। ਜੇਕਰ ਬ੍ਰਹਮਕਮਲ ਦੇਰ ਨਾਲ ਖਿੜਦਾ ਹੈ, ਤਾਂ ਉਹ ਇੱਕ ਖਾਸ ਅਤੇ ਯਾਦਗਾਰ ਅੰਦਾਜ਼ ਵਿੱਚ ਸਾਹਮਣੇ ਆਉਂਦਾ ਹੈ। ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਏ ਆਪਣੀਆਂ ਜੜ੍ਹਾਂ (ਮਿਹਨਤ ਅਤੇ ਸੰਸਕਾਰਾਂ) ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਜਦੋਂ ਤੁਹਾਡਾ ਵਕਤ ਆਵੇਗਾ, ਤੁਹਾਡਾ ਨਤੀਜਾ ਵੀ ਉਨਾ ਹੀ ਖੂਬਸੂਰਤ ਹੋਵੇਗਾ।
ਰਵਨਜੋਤ ਕੌਰ ਸਿੱਧੂ ਰਾਵੀ
ਪਿੰਡ ਜੱਬੋਵਾਲ ਸ਼ਹੀਦ ਭਗਤ ਸਿੰਘ ਨਗਰ
8283066125
