ਯੂਰਪ ਵਿੱਚ ਹਰ ਸਾਲ ਮਾਰਚ ਦੇ ਆਖ਼ਰੀ ਸ਼ਨੀਵਾਰ ਦੀ ਰਾਤ ਭਾਵ ਐਤਵਾਰ ਦੇ ਤਕੜੇ ਨੂੰ ਘੜੀਆਂ ਦੀਆਂ ਸੂਈਆਂ ਇੱਕ ਵਜੇ ਤੋਂ ਬਾਅਦ ਸਿੱਧੀਆਂ ਦੋ ਦੀ ਥਾਂ ਤਿੰਨ ਵਜਾ ਦਿੰਦੀਆਂ ਹਨ। ਇਸ ਪ੍ਰਕਿਰਿਆ ਨੂੰ “ਗਰਮੀ ਦਾ ਸਮਾਂ”( Daylight Saving Time (DST) ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਕਨੇਡਾ, ਇੰਗਲੈਂਡ ਅਤੇ ਯੂਰਪ ਦੇ 31 ਮੁਲਕਾਂ ਵਿੱਚ ਵੱਖ-ਵੱਖ ਮਿਤੀ ਨੂੰ ਲਾਗੂ ਕੀਤੀ ਜਾਂਦੀ ਹੈ ਪਰ ਹੁੰਦੀ ਹਮੇਸ਼ਾ ਸ਼ਨੀਵਾਰ ਦੀ ਰਾਤ ਨੂੰ ਹੀ ਹੈ ਤਾਂ ਕਿ ਆਮ ਲੋਕਾਂ ਨੂੰ ਸਮਾਂ ਬਦਲਣ ਨਾਲ ਕੋਈ ਪਰੇਸ਼ਾਨੀ ਨਾ ਆਵੇ। ਐਤਵਾਰ ਨੂੰ ਲਗਭਗ 85% ਲੋਕਾਂ ਨੂੰ ਕੰਮ ਤੋਂ ਛੁੱਟੀ ਹੁੰਦੀ ਹੈ, ਸਕੂਲ, ਕਾਲਜ ਵੀ ਬੰਦ ਹੁੰਦੇ ਹਨ। ਜਦੋਂ ਨੈੱਟ ਨਹੀਂ ਸੀ ਹੁੰਦਾ ਜਾਂ ਕਹਿ ਲਓ ਮੋਬਾਇਲ ਨਹੀਂ ਸੀ ਹੁੰਦੇ ਤਾਂ ਲੋਕਾਂ ਨੂੰ ਟੈਲੀਵੀਜ਼ਨ ਜਾਂ ਰੇਡੀਓ ਤੇ ਸਮਾਂ ਦੇਖ ਕੇ ਘੜੀ ਦੀਆਂ ਸੂਈਆਂ ਆਪ ਅੱਗੇ ਕਰਨੀਆਂ ਪੈਂਦੀਆਂ ਸਨ। ਇਸ ਦੇ ਨਾਲ ਹੀ ਨਵੇਂ ਸਾਲ ਦੇ ਕੈਲੰਡਰ ਉੱਤੇ ਵੀ ਘੜੀ ਬਦਲਣ ਦੀ ਤਰੀਕ ਲਿਖੀ ਹੁੰਦੀ ਸੀ। ਬਹੁਤੇ ਲੋਕ ਕੈਲੰਡਰ ਤੇ ਦੇਖ ਕੇ ਵੀ ਮਾਰਚ ਮਹੀਨੇ ਘੜੀ ਦੀਆਂ ਸੂਈਆਂ ਇੱਕ ਘੰਟੇ ਅੱਗੇ ਕਰਦੇ ਸਨ ਤੇ ਠੀਕ ਅਕਤੂਬਰ ਦੇ ਆਖ਼ਰੀ ਸ਼ਨੀਵਾਰ ਨੂੰ ਮੁੜ ਇੱਕ ਘੰਟਾ ਪਿੱਛੇ ਕਰ ਲੈੰਦੇ ਸਨ। ਪਰ ਅੱਜ ਨੈੱਟ ਦਾ ਜ਼ਮਾਨਾ ਹੈ ਹਰ ਇੱਕ ਘੜੀ, ਮੋਬਾਇਲ ਤੇ ਸਮਾਂ ਆਪਣੇ ਆਪ ਇੱਕ ਘੰਟਾ ਅੱਗੇ ਹੋ ਜਾਂਦਾ ਹੈ ਤੇ ਮੁੜ ਅਕਤੂਬਰ ਵਿੱਚ ਇੱਕ ਘੰਟਾ ਪਿੱਛੇ। ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਘੜੀ ਦੀ ਸੂਈ ਇੱਕ ਘੰਟਾ ਅੱਗੇ ਚਲੀ ਗਈ ਹੈ। ਹਾਂ ਜੋ ਲੋਕ ਸਮੇਂ ਦੇ ਪਾਬੰਦ ਹਨ ਉਹ ਨੀਂਦ ਦਾ ਇੱਕ ਘੰਟਾ ਘੱਟ ਹੋ ਜਾਣ ਕਰਕੇ ਆਪਣੀ ਤੰਦਰੁਸਤੀ ਲਈ ਸਮੇਂ ਦੇ ਬਦਲਾਅ ਨੂੰ ਬਹੁਤ ਘਟੀਆ ਮਹਿਸੂਸ ਕਰਦੇ ਹਨ ਤੇ ਸ਼ਾਇਦ ਛੇ ਮਹੀਨੇ ਬਾਅਦ ਇੱਕ ਘੰਟਾ ਨੀਂਦ ਪੂਰੀ ਕਰਨ ਤੱਕ ਦਾ ਇੰਤਜ਼ਾਰ ਕਰਦੇ ਹਨ।
ਘੜੀਆਂ ਇੱਕ ਘੰਟਾ ਅੱਗੇ-ਪਿੱਛੇ ਕਰਨ ਦੀ ਕਾਢ ਜਾਂ ਕਹਿ ਲਓ ਸੁਝਾਅ ਸਭ ਤੋਂ ਪਹਿਲਾਂ 1784 ਨੂੰ ਅਮਰੀਕਾ ਦੇ ਸੰਸਥਾਪਕ ਮਹਾਨ ਖੋਜੀ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ। ਬੈਂਜਾਮਿਨ ਫਰੈਂਕਲਿਨ ਇੱਕੋ ਸਮੇਂ ਮਹਾਨ ਵਿਗਿਆਨੀ, ਸਾਹਿਤਕ ਲੇਖਕ, ਦੇਸ਼ ਦਾ ਬਹੁਤ ਵਧੀਆ ਰਾਜਨੀਤਿਕ ਨੇਤਾ, ਆਵਿਸ਼ਕਾਰਕ ਅਤੇ ਮਹਾਨ ਦਾਰਸ਼ਨਿਕ ਸੀ। ਬੈਂਜਾਮਿਨ ਫਰੈਂਕਲਿਨ ਨੇ ਇੱਕ ਸੁਝਾਅ ਦਿੱਤਾ ਸੀ ਕਿਉਂਕਿ ਉਹ ਮਹਾਨ ਖੋਜੀ ਚਾਹੁੰਦੇ ਸਨ ਕਿ ਲੋਕ ਸਵੇਰੇ ਜਲਦੀ ਉੱਠਣ ਤਾਂ ਮੋਮਬੱਤੀਆਂ ਦੀ ਬਚਤ ਹੋ ਸਕਦੀ ਹੈ। ਉਹਨਾਂ ਦੇ ਇਸ ਵਿਚਾਰ ਨੂੰ ਬਹੁਤ ਸਾਲਾਂ ਬਾਅਦ ਪਹਿਲੇ ਵਿਸ਼ਵ ਯੁੱਧ ਦੌਰਾਨ ਅਮਲ ਵਿੱਚ ਲਿਆਂਦਾ ਗਿਆ ਜੋ ਸ਼ਾਇਦ ਕਿਸੇ ਮਹਾਨ ਖੋਜੀ ਦੀ ਨਵੀਂ ਖੋਜ ਤੱਕ ਚੱਲਦਾ ਵੀ ਰਹੇਗਾ। ਜਰਮਨੀ ਨੇ 30 ਅਪ੍ਰੈਲ 1916 ਨੂੰ ਵਿਸ਼ਵ ਯੁੱਧ ਦੌਰਾਨ ਆਪਣੇ ਮੁਲਕ ਵਿੱਚ ਕੋਲਾ ਅਤੇ ਬਿਜਲੀ ਬਚਾਉਣ ਲਈ ਗਰਮੀ ਦੇ ਸਮੇਂ (Daylight Saving Time, DST) ਦੀ ਸ਼ੁਰੂਆਤ ਕੀਤੀ ਸੀ।
ਅੱਜ ਦੁਨੀਆਂ ਭਰ ਦੇ ਬਹੁਤੇ ਸਾਰੇ ਮੁਲਕ ਇਸ ਵਿਧੀ ਨੂੰ ਅਪਣਾ ਰਹੇ ਹਨ। ਜਿਵੇਂ ਯੂਰਪ, ਅਮਰੀਕਾ, ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ। ਪਰ ਭਾਰਤ, ਚੀਨ, ਰੂਸ, ਜਪਾਨ, ਅਫ਼ਰੀਕਾ ਆਦਿ ਘੜੀਆਂ ਇੱਕ ਘੰਟਾ ਅੱਗੇ ਪਿੱਛੇ ਨਹੀਂ ਕਰਦੇ ਸਗੋਂ ਕੰਮ ਦੇ ਸਮੇਂ ਦੀ ਸ਼ੁਰੂਆਤ ਗਰਮੀਆਂ ਵਿੱਚ ਇੱਕ ਘੰਟਾ ਪਹਿਲਾਂ ਤੇ ਸਰਦੀਆਂ ਵਿੱਚ ਦੇਰੀ ਨਾਲ ਕਰ ਦਿੰਦੇ ਹਨ।
ਮਿਥੇ ਸਮੇਂ ਅਨੁਸਾਰ ਭਾਵੇਂ ਘੜੀਆਂ ਦੀਆਂ ਸੂਈਆਂ ਆਪਣੇ ਆਪ ਅੱਗੇ ਪਿੱਛੇ ਹੋ ਜਾਂਦੀਆਂ ਹਨ ਪਰ ਫੇਰ ਵੀ ਬਹੁਤੇ ਦੇਸ਼ ਇਸ ਪ੍ਰਕਿਰਿਆ ਨੂੰ ਛੱਡਣ ਦੇ ਹੱਕ ਵਿੱਚ ਗਵਾਹੀ ਭਰ ਰਹੇ ਹਨ ਕਿਉਂਕਿ ਇਸ ਦਾ ਅੱਜ ਦੇ ਅੱਤ ਆਧੁਨਿਕ ਯੁੱਗ ਵਿੱਚ ਬਹੁਤਾ ਲਾਭ ਨਹੀਂ ਰਿਹਾ। ਨਵੇਂ ਯੁੱਗ ਦੀ ਦੌੜ ਨੇ ਲੋਕਾਂ ਲਈ ਦਿਨ-ਰਾਤ ਇੱਕ ਕਰ ਦਿੱਤਾ ਹੈ। ਕੋਈ ਦਿਨ ਚ ਨੀਂਦ ਪੁਰੀ ਕਰਦਾ ਤੇ ਸਾਰੀ ਰਾਤ ਕੰਮ ਤੇ ਲੰਘਾਉਂਦਾ, ਕੋਈ ਦਿਨ ਭਰ ਕੰਮ ਕਰਕੇ ਰਾਤ ਨੂੰ ਵੀ ਅਰਾਮ ਨਹੀਂ ਕਰਦਾ। ਬਹੁਤੇ ਲੋਕ ਨੀਂਦ ਦੀ ਸਮੱਸਿਆ ਕਾਰਨ ਸਮਾਂ ਇੱਕ ਘੰਟਾ ਅੱਗੇ ਪਿੱਛੇ ਕਰਨ ਦੇ ਖਿਲਾਫ਼ ਗਵਾਹੀ ਭਰਦੇ ਹਨ। ਕਿਸੇ ਨਵੀਂ ਸ਼ੁਰੂਆਤ ਦੋ ਇੰਤਜ਼ਾਰ ਤੱਕ ਸੂਈਆਂ ਅੱਗੇ ਪਿੱਛੇ ਹੁੰਦੀਆਂ ਰਹਿਣਗੀਆਂ ਤੇ ਅਸੀਂ ਜਰਮਨੀ ਵਾਸੀ ਵੀ 29/03/26 ਦੀ ਸਵੇਰ ਨੂੰ ਇੱਕ ਘੰਟਾ ਭਾਰਤੀ ਸਮੇਂ ਦੇ ਨੇੜੇ ਆ ਜਾਵਾਂਗੇ।
ਸਰਬਜੀਤ ਸਿੰਘ ਜਰਮਨੀ
Tirthsingh3@yahoo.com
