ਕੋਟਕਪੂਰਾ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿੱਚ ਨਿੱਜੀ ਸਕੂਲਾਂ ਵੱਲੋਂ ਹਰ ਸਾਲ ਫੀਸਾਂ ਵਿੱਚ ਹੋ ਰਿਹਾ ਬੇਤਹਾਸ਼ਾ ਵਾਧਾ ਹੁਣ ਇੱਕ ਗੰਭੀਰ ਜਨਤਕ ਮਸਲਾ ਬਣ ਚੁੱਕਾ ਹੈ, ਜਿਸ ਨੇ ਹਜ਼ਾਰਾਂ ਪਰਿਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਇਸ ਸਬੰਧੀ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਵਿਸਥਾਰ ਨਾਲ ਪੱਤਰ ਲਿਖ ਕੇ ਤੁਰਤ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਅੱਜ ਹਰ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਸਮਰੱਥਾ ਤੋਂ ਵੱਧ ਮਿਹਨਤ ਕਰਦਾ ਹੈ ਪਰ ਸਕੂਲਾਂ ਵੱਲੋਂ ਬਿਨਾਂ ਕਿਸੇ ਪਾਰਦਰਸ਼ਤਾ ਅਤੇ ਬਿਨਾਂ ਵਾਜਬ ਕਾਰਨ ਦੇ ਫੀਸਾਂ ਵਿੱਚ ਵਾਧਾ ਕਰਕੇ ਉਨ੍ਹਾਂ ’ਤੇ ਅਣਜਾਇਜ਼ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਮਾਪੇ ਹੋਣ ਦੇ ਨਾਤੇ ਇਹ ਹਾਲਾਤ ਦੇਖ ਕੇ ਚੁੱਪ ਰਹਿਣਾ ਸੰਭਵ ਨਹੀਂ, ਕਿਉਂਕਿ ਇਹ ਸਿਰਫ ਫੀਸਾਂ ਦਾ ਮਸਲਾ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਅਤੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਹੈ। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿੱਚ ਫੀਸ ਵਾਧੇ ਲਈ ਨਾ ਕੋਈ ਸਪੱਸ਼ਟ ਮਨਜ਼ੂਰੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ। ਮਾਪਿਆਂ ਦੀਆਂ ਸ਼ਿਕਾਇਤਾਂ ਵੀ ਅਕਸਰ ਬਿਨਾਂ ਸੁਣੇ ਹੀ ਰਹਿ ਜਾਂਦੀਆਂ ਹਨ। ਅਰਸ਼ ਸੱਚਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਨਿੱਜੀ ਸਕੂਲਾਂ ਦੀ ਫੀਸ ਸਟਰਕਚਰ ਜਨਤਕ ਕੀਤੀ ਜਾਵੇ, ਬਿਨਾਂ ਮਨਜ਼ੂਰੀ ਫੀਸ ਵਾਧੇ ’ਤੇ ਤੁਰਤ ਰੋਕ ਲੱਗੇ, ਮਾਪਿਆਂ ਲਈ ਸਮੇਂ-ਬੱਧ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਈ ਜਾਵੇ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਮਾਪਿਆਂ ਨੂੰ ਇਕੱਠਾ ਕਰਕੇ ਇੱਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਮਾਪਿਆਂ ਦੀ ਆਵਾਜ਼ ਮਜ਼ਬੂਤੀ ਨਾਲ ਉੱਠ ਸਕੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ‘ਸਿੱਖਿਆ ਇੱਕ ਅਧਿਕਾਰ ਹੈ, ਇਸ ਨੂੰ ਵਪਾਰ ਨਹੀਂ ਬਣਾਇਆ ਜਾ ਸਕਦਾ। ਜਿੱਥੇ ਮਾਪੇ ਆਪਣੇ ਬੱਚਿਆਂ ਲਈ ਹਰ ਕੁਰਬਾਨੀ ਦੇ ਰਹੇ ਹਨ, ਉੱਥੇ ਪ੍ਰਣਾਲੀ ਦਾ ਫਰਜ਼ ਹੈ ਕਿ ਉਹਨਾਂ ’ਤੇ ਬੋਝ ਨਾ ਪਾਇਆ ਜਾਵੇ।’ ਅੰਤ ਵਿੱਚ ਉਨ੍ਹਾਂ ਮੁੱਖ ਮੰਤਰੀ ਤੋਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਤੁਰਤ ਦਖਲਅੰਦਾਜ਼ੀ ਕਰਕੇ ਮਾਪਿਆਂ ਨੂੰ ਰਾਹਤ ਦਿੱਤੀ ਜਾਵੇ ਅਤੇ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਯਕੀਨੀ ਬਣਾਇਆ ਜਾਵੇ।

