ਲੁਧਿਆਣਾਃ 8 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉੱਘੇ ਪੰਜਾਬੀ ਬਾਲ ਸਾਹਿੱਤ ਲੇਖਕ ਤੇ ਵਿਦਵਾਨ ਡਾ. ਅਮਰ ਕੋਮਲ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਡਾ. ਅਮਰ ਕੋਮਲ ਨੇ ਸਾਰੀ ਉਮਰ ਨਿਰੰਤਰ ਸਾਹਿਤ ਸਿਰਜਣਾ ਕਰਦਿਆਂ ਰਿਸ਼ੀਆਂ ਵਾਲਾ ਜੀਵਨ ਬਤੀਤ ਕਰਕੇ ਉਮਰ ਗੁਜ਼ਾਰੀ। ਵਾਲ਼ਾ ਉਨ੍ਹਾਂ ਦੀ ਸਵੈ-ਜੀਵਨੀ ‘ਠਰੀ ਚਾਨਣੀ ਦਾ ਗੀਤ’ ਪਾਠਕਾਂ ਨੇ ਬਹੁਤ ਪਸੰਦ ਕੀਤੀ। ਡਾ. ਅਮਰ ਕੋਮਲ ਜੀ ਨੇ 15 ਕਾਵਿ- ਸੰਗ੍ਰਹਿ, 9 ਕਹਾਣੀ-ਸੰਗ੍ਰਹਿ, 14 ਬਾਲ-ਸਾਹਿੱਤ ਸੰਗ੍ਰਹਿ, 4 ਸ਼ਬਦ ਚਿੱਤਰ- ਸੰਗ੍ਰਹਿ, 21 ਵਾਰਤਕ ਸੰਗ੍ਰਹਿ ਲਿਖੇ। ਇਸ ਤੋਂ ਇਲਾਵਾ ਅਨੁਵਾਦ ਦੀਆਂ 15 ਪ੍ਰਮੁੱਖ ਰਚਨਾਵਾਂ ਹਨ। ਡਾ. ਅਮਰ ਕੋਮਲ ਦੀਆਂ ਸੰਪਾਦਨ ਦੀਆਂ 20, ਆਲੋਚਨਾ ਦੀਆਂ 14 ਅਤੇ ਜੀਵਨੀ ਦੀਆਂ 9 ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ।
ਡਾ. ਅਮਰ ਕੋਮਲ ਦੇ ਮੁੱਢਲੇ ਦੌਰ ਦੇ ਸਾਥੀ ਪ੍ਰੋ. ਰਵਿੰਦਰ ਭੱਠਲ ਨੇ ਦੱਸਿਆ ਕਿ ਉਹ ਬਰਨਾਲਾ ਦੇ ਬਹੁਤੇ ਲੇਖਕਾਂ ਲਈ ਪ੍ਰੇਰਨਾ ਸ੍ਰੋਤ ਸਨ।
ਡਾ. ਅਮਰ ਕੋਮਲ ਦਾ ਜਨਮ 29 ਨਵੰਬਰ, 1933 ਨੂੰ ਮਾਤਾ ਗਿਆਨ ਦੇਵੀ ਅਤੇ ਪਿਤਾ ਸਾਵਣ ਰਾਮ ਦੇ ਘਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿਖੇ ਹੋਇਆ। ਉਨ੍ਹਾਂ ਅੱਠਵੀਂ ਤੱਕ ਦੀ ਵਿਦਿਆ ਪਿੰਡ ਦੇ ਸਕੂਲ ਵਿਚੋਂ ਕਰਨ ਉਪਰੰਤ ਦਸਵੀਂ ਰਾਏਕੋਟ ਤੋਂ ਪਾਸ ਕੀਤੀ। ਉਦੋਂ ਹੀ ਉਸ ਦਾ ਲਗਾਉ ਪੰਜਾਬੀ ਸਾਹਿਤ ਵੱਲ ਹੋ ਗਿਆ। ਉਨ੍ਹਾ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਨੌਕਰੀ ਸ਼ੁਰੂ ਕਰਕੇ ਅੱਗੇ ਪੜ੍ਹਨਾ ਜਾਰੀ ਰੱਖਿਆ ਤੇ ਪੀ. ਐਚ. ਡੀ. ਤੱਕ ਕਰਕੇ ਸਰਕਾਰੀ ਕਾਲਜਾਂ ਦੇ ਲੈਕਚਰਾਰ ਬਣੇ।
ਉਨ੍ਹਾਂਦੱਸਿਆ ਕਿ ਡਾ. ਕੋਮਲ ਨੇ ਹੋਰ ਭਾਸ਼ਾਵਾਂ ਦੀਆਂ ਕਿੰਨੀਆਂ ਹੀ ਪ੍ਰਸਿੱਧ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ। 1955 ਵਿਚ ਉਨ੍ਹਾ ਨੇ ਪ੍ਰੋ. ਪ੍ਰੀਤਮ ਸਿੰਘ ਰਾਹੀ ਨਾਲ ਮਿਲ ਕੇ ਡਾ. ਰਵਿੰਦਰ ਨਾਥ ਟੈਗੋਰ ਦੀ ਨੋਬਲ ਇਨਾਮ ਜੇਤੂ ਪੁਸਤਕ ‘ਗੀਤਾਂਜਲੀ’ ਅਤੇ 2001 ਵਿਚ ਸ੍ਰੀਮਦ ਭਗਵਤ ਗੀਤਾ ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਚਾਣਕਯ ਨੀਤੀ ਨੂੰ ਪੰਜਾਬੀ ਵਿੱਚ ਪੇਸ਼ ਕਰਨ ਵਾਲੇ ਉਹ ਪਹਿਲੇ ਲੇਖਕ ਸਨ।
ਪਿਛਲੇ ਸਮੇਂ ਉਨ੍ਹਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਵੱਡ ਆਕਾਰੀ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ ਸੀ।

