
ਫ਼ਰੀਦਕੋਟ 8 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਸ਼ਾਇਰੀ, ਸੰਗੀਤ ਅਤੇ ਸਿੱਖਿਆ ਜਗਤ ਦੀ ਨਾਮਵਰ ਸ਼ਖਸੀਅਤ ਡਾ. ਰਾਜੇਸ਼ ਮੋਹਨ ਦੇ ਬਤੌਰ ਪ੍ਰਿੰਸੀਪਲ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸਫ਼ਲਤਾਪੂਰਵਕ ਇੱਕ ਸਾਲ ਪੂਰਾ ਕਰਨ ਦੀ ਖੁਸ਼ੀ ਵਿੱਚ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ‘ਜਸ਼ਨ-ਏ-ਮੁਬਾਰਕ’ ਦਾ ਆਯੋਜਨ ਕਾਲਜ ਦੇ ਬਾਬਾ ਫ਼ਰੀਦ ਜੀ ਬਹੁਮੰਤਵੀਂ ਹਾਲ ਵਿੱਚ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸੰਗੀਤ ਤੇ ਸਾਹਿਤ ਨੂੰ ਸਮਰਪਿਤ ਸੰਸਥਾ ਸੁਰ-ਆਂਗਨ ਦੇ ਕਲਾਕਾਰਾਂ ਨੇ ਸਾਹਿਤ ਅਤੇ ਸੰਗੀਤ ਨਾਲ ਸਬੰਧਤ ਵੱਖ-ਵੱਖ ਵੰਨਗੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਕਾਲਜ ਦੇ ਪ੍ਰੈੱਸ ਸਕੱਤਰ ਪ੍ਰੋ.ਬੀਰਇੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਜਿੱਥੇ ਕਾਲਜ ਵਿਖੇ ਵੱਖ-ਵੱਖ ਵਿਕਾਸ ਕਾਰਜ ਕਰਵਾਉਂਦੇ ਹੋਏ ਸਫ਼ਲਤਾਪੂਰਵਕ ਇੱਕ ਸਾਲ ਪੂਰਾ ਕੀਤਾ ਹੈ, ਉੱਥੇ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਅਤੇ ਸਰਕਾਰੀ ਕਾਲਜ ਫ਼ਾਰ ਗਰਲਜ਼ ਜਲਾਲਾਬਾਦ ਦੀਆਂ ਜ਼ਿੰਮੇਵਾਰੀਆਂ ਵੀ ਬਾਖੂਬੀ ਸੰਭਾਲੀਆਂ ਅਤੇ ਇਹਨਾਂ ਕਾਲਜਾਂ ਵਿੱਚ ਵੀ ਬਹੁਤ ਸਾਰੇ ਮਹੱਤਵਪੂਰਨ ਵਿਕਾਸ ਕਾਰਜ ਕਰਵਾਏ। ਜਿਸ ਕਾਰਨ ਇਹਨਾਂ ਕਾਲਜਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸਾਬ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਭੇਜੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਸਖਸ਼ੀਅਤ ਦੇ ਵੱਖ-ਵੱਖ ਪਹਿਲੂਆਂ ਤੇ ਰੋਸ਼ਨੀ ਪਾਉਂਦਿਆਂ ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖਿਆ, ਸੰਗੀਤ ਅਤੇ ਕਲਾ ਜਗਤ ਦੀ ਇੱਕ ਨਾਮਵਰ ਸ਼ਖਸੀਅਤ ਸਾਡੇ ਕਾਲਜ ਦੇ ਪ੍ਰਿੰਸੀਪਲ ਵਜੋਂ ਮੌਜੂਦ ਹੈ ਜਿਸ ਨਾਲ ਕਾਲਜ ਦਾ ਵੀ ਮਾਣ ਸਨਮਾਨ ਵੀ ਵਧਿਆ ਹੈ। ਇਸ ਮੌਕੇ ਸੁਰ-ਆਂਗਨ ਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸੰਗੀਤ ਦੀਆਂ ਬਹੁਤ ਹੀ ਖੂਬਸੂਰਤ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਗਗਨਦੀਪ ਕੌਰ ਨੇ ਪ੍ਰਸਿੱਧ ਲੋਕ-ਗੀਤ ‘ਮੋਰਾ’ ਅਤੇ ਕਰਨਦੀਪ ਵੱਲੋਂ ਕੁਲਦੀਪ ਮਾਣਕ ਦਾ ਪ੍ਰਸਿੱਧ ਗੀਤ ‘ਮੈਂ ਚਾਦਰ ਕੱਢਦੀ’ ਦਾ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਮੁਸਕਾਨ ਤੇ ਉਸਦੇ ਸਾਥੀ ਕਲਾਕਾਰਾਂ ਵੱਲੋਂ ਪੰਜਾਬੀ ਗੀਤਾਂ ਤੇ ਲੋਕ-ਗੀਤਾਂ ਦਾ ਗੁਲਦਸਤਾ ਵੀ ਪੇਸ਼ ਕੀਤਾ ਗਿਆ। ਇਸ ਉਪਰੰਤ ਕਾਲਜ ਦੀ ਹੋਣਹਾਰ ਕਲਾਕਾਰ ਜਸਪਿੰਦਰ ਕੌਰ ਨੇ ਕਵਾਲੀ ‘ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ’ ਪੇਸ਼ ਕੀਤੀ। ਇਸ ਮੌਕੇ ਡਾ. ਰਾਜੇਸ਼ ਮੋਹਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪਿਛਲੇ ਇੱਕ ਸਾਲ ਦੌਰਾਨ ਉਹਨਾਂ ਨੂੰ ਭਰਪੂਰ ਸਹਿਯੋਗ ਦਿੱਤਾ ਹੈ, ਕਾਲਜ ਵਿੱਚ ਜੋ ਵੀ ਮਹੱਤਵਪੂਰਨ ਵਿਕਾਸ ਕਾਰਜ ਕੀਤੇ ਗਏ ਹਨ, ਉਹਨਾਂ ਦਾ ਸਿਹਰਾ ਕਾਲਜ ਦੇ ਮਿਹਨਤੀ ਤੇ ਸਮਰਪਿਤ ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਜਾਂਦਾ ਹੈ । ਉਹਨਾਂ ਦੀ ਹਮੇਸ਼ਾਂ ਇਹ ਕੋਸ਼ਿਸ਼ ਹੋਵੇਗੀ ਕਿ ਇਸ ਕਾਲਜ ਅਤੇ ਵਿਦਿਆਰਥੀਆਂ ਲਈ ਸਰਕਾਰ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਵੱਧ ਤੋਂ ਵੱਧ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਸਕਣ, ਤਾਂ ਜੋ ਇਹ ਕਾਲਜ ਤੇ ਇੱਥੋਂ ਦੇ ਵਿਦਿਆਰਥੀ ਸਮਾਜ ਅਤੇ ਸਿੱਖਿਆ ਜਗਤ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਸਕਣ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਮਨਵਿੰਦਰ ਕੌਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਅੰਤ ਵਿੱਚ ਪ੍ਰੋ. ਸੰਦੀਪ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰ ਸ਼ਖਸੀਅਤਾਂ ਤੋਂ ਇਲਾਵਾ ਕਾਲਜ ਸਟਾਫ਼ ਵਿੱਚੋਂ ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫ਼ੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਤਨ ਲਾਲ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਰਿਮੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

