ਬੜੇ ਬਣਾ ਲਏ ਧਰਤੀ ਉੱਤੇ ਗਿਰਜੇ,ਗੁਰ-ਘਰ ਮਸਜਿਦ ਮੰਦਰ ।
ਮਰਿਆ ਨਾ ਪਰ ਸਾਡੇ ਕੋਲੋਂ ,ਦਿਲ ਵਿਚਲਾ ਸ਼ੈਤਾਨੀ ਬੰਦਰ ।
ਗਾਜਰ ਮੂਲੀ ਵਾਂਗ ਕੁਤਰੀਏ ਸੂਹੇ ਸੁਪਨਿਆਂ ਵਰਗੇ ਬੰਦੇ,
ਦਰਦ ਪਰੁੱਚਾ ਰੱਤਾ ਦਰਿਆ ਵਹਿੰਦਾ ਜਾਵੇ ਤਰਫ਼ ਸਮੁੰਦਰ।
ਮੂੜ੍ਹ ਮਨਾ ਕਿਉਂ ਧੱਕੇ ਖਾਵੇਂ,ਭਟਕਣ ਨੂੰ ਸਿਰ ਉੱਪਰ ਧਰ ਕੇ,
ਸ਼ਬਦ-ਗੁਰੂ ਸਮਝਾਇਐ ਤੈਨੂੰ, ਕਿੰਨਾ ਕੁਝ ਹੈ ਤੇਰੇ ਅੰਦਰ ।
ਰੋਜ਼ ਉਡੀਕੇਂ ਹੋਰ ਕੋਈ ਕਿਉਂ,ਆ ਕੇ ਤੇਰਾ ਰਾਹ ਰੁਸ਼ਨਾਵੇ,
ਆਪ ਨਾ ਪੈਰੋਂ ਜੂੜ ਉਤਾਰੇਂ, ਲਾਹਵੇਂ ਨਾ ਅਗਿਆਨ ਦੇ ਜੰਦਰ।
ਤੂੰ ਮੈਨੂੰ ਦੱਸ ਕਿੱਥੋਂ ਲੱਭਨੈਂ, ਇਹ ਗੱਲ ਕਿਉਂ ਤੂੰ ਮਨੋਂ ਵਿਸਾਰੀ,
ਬਾਜ਼ ਹਮੇਸ਼ਾਂ ਓਥੇ ਰਹਿੰਦਾ,ਜਿੱਥੇ ਹੋਵੇ ਰੁੱਖ ਦੀ ਕੰਦਰ।
ਗੌਡਸਿਆਂ ਦੀ ਅਮਰਵੇਲ ਹੁਣ ਫ਼ੈਲ ਰਹੀ ਹੈ ਚਾਰ ਚੁਫ਼ੇਰੇ,
ਅੱਖਾਂ,ਕੰਨ ਕਿਉਂ ਮੂੰਹ ਬੰਦ ਰੱਖਦੇ, ਗਾਂਧੀ ਤੇਰੇ ਸਾਰੇ ਬੰਦਰ।
ਸਾਵਧਾਨ ਹੋ ਰਹਿਣਾ ਸਾਰੇ,ਸੋਚ-ਵਿਚਾਰ ਬਚਾਅ ਕੇ ਰੱਖਣਾ,
ਨਿਸ਼ਚੇ ਤੋਂ ਭਟਕਾਉਣਾ ਚਾਹੁੰਦਾ, ਚਾਤਰ ਸ਼ਾਤਰ ਅਜਬ ਕਲੰਦਰ।
ਗੁਰਭਜਨ ਗਿੱਲ

