ਕੋਟਕਪੂਰਾ, 15 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡੋਗਰ ਬਸਤੀ ਫਰੀਦਕੋਟ ਦੇ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਏਐਸਆਈ ਵੱਲੋਂ ਆਪਣੀ 5 ਸਾਲਾਂ ਦੀ ਪੋਤਰੀ ਨਾਲ ਕਠੋਰਤਾ ਦੀ ਹੱਦ ਪਾਰ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਬੱਚੀ ਦੇ ਹੱਥ-ਪੈਰ ਬੰਨ ਕੇ ਉਸ ਨੂੰ ਘਰ ਦੇ ਬਾਹਰ ਗੇਟ ਨਾਲ ਕਈ ਘੰਟਿਆਂ ਲਈ ਧੁੱਪ ਵਿੱਚ ਬੰਨ ਕੇ ਰੱਖਿਆ। ਇਹ ਮਹਿਲਾ ਏਐਸਆਈ ਥਾਣਾ ਸਦਰ ਵਿਖੇ ਮਹਿਲਾ ਮਿੱਤਰ ਵਜੋਂ ਤਾਇਨਾਤ ਹੈ। ਇਸ ਘਟਨਾ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਤੁਰਤ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਨੇ ਗੰਭੀਰ ਨੋਟਿਸ ਲੈਂਦੇ ਹੋਏ ਉਕਤ ਮਹਿਲਾ ਏਐਸਆਈ ਨੂੰ ਤੁਰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਜਦੋਂ ਗੁਆਂਢੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਘਰ ਦਾ ਦਰਵਾਜਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿ੍ਹਆ। ਇਸ ਤੋਂ ਬਾਅਦ ਮੁਹੱਲੇ ਵਾਸੀਆਂ ਨੇ ਖੁਦ ਬੱਚੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਬਾਹਰ ਆ ਕੇ ਬੱਚੀ ਨੂੰ ਚੁੱਕ ਕੇ ਅੰਦਰ ਲੈ ਗਈ। ਇਸ ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਸਰਕਾਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਬਾਲ ਭਲਾਈ ਕਮੇਟੀ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਰਲੋਚਨ ਸਿੰਘ ਡੀਐਸਪੀ ਫਰੀਦਕੋਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਹਿਲਾ ਏਐਸਆਈ ਨੂੰ ਤੁਰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਬੱਚੀ ਦੇ ਮਾਤਾ-ਪਿਤਾ ਪੁਰਤਗਾਲ ਗਏ ਹੋਏ ਹਨ ਅਤੇ ਉਕਤ ਮਹਿਲਾ ਏਐਸਆਈ ਵਲੋਂ ਉਸਦੀ ਦੇਖਭਾਲ ਕੀਤੀ ਜਾਂਦੀ ਹੈ। ਬੱਚੀ ਨਾਲ ਹੋਈ ਇਸ ਤਰ੍ਹਾਂ ਦੀ ਘਟਨਾ ਬਿਲਕੁਲ ਅਸਵੀਕਾਰਯੋਗ ਹੈ ਅਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਬਾਲ ਭਲਾਈ ਕਮੇਟੀ ਨੂੰ ਲਿਖ ਦਿੱਤਾ ਗਿਆ ਹੈ।

