ਕੋਟਕਪੂਰਾ, 27 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੀ ਹਾਈ-ਸਿਕਿਓਰਿਟੀ ਮਾਡਰਨ ਜੇਲ੍ਹ ਅਪਰਾਧੀਆਂ ਲਈ ਇੱਕ ‘ਵਰਚੁਅਲ ਕਾਲ ਸੈਂਟਰ’ ਵਿੱਚ ਤਬਦੀਲ ਹੁੰਦੀ ਜਾਪ ਰਹੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇੱਕ ਵੱਡੀ ਤਲਾਸ਼ੀ ਮੁਹਿੰਮ ਦੌਰਾਨ ਸ਼ਨੀਵਾਰ ਰਾਤ 14 ਅਤੇ ਸ਼ੁੱਕਰਵਾਰ ਨੂੰ 9 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਹ ਘਟਨਾ ਜੇਲ੍ਹ ਦੀ ਸੁਰੱਖਿਆ ਵਿੱਚ ਲਗਾਤਾਰ ਹੋ ਰਹੀਆਂ ਵੱਡੀਆਂ ਚੂਕਾਂ ਨੂੰ ਉਜਾਗਰ ਕਰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਇੱਕ ਸਾਲ ਵਿੱਚ ਇਸੇ ਜੇਲ੍ਹ ਵਿੱਚੋਂ 500 ਤੋਂ ਵੱਧ ਮੋਬਾਈਲ ਫ਼ੋਨ ਜ਼ਬਤ ਕੀਤੇ ਜਾ ਚੁੱਕੇ ਹਨ।
ਓਵਰਕ੍ਰਾਊਡਿੰਗ ਅਤੇ ਸਟਾਫ਼ ਦੀ ਘਾਟ :- ਜ਼ਿਲ੍ਹਾ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਇਸ ਜੇਲ੍ਹ ਦੀ ਸਮਰੱਥਾ 2,000 ਕੈਦੀਆਂ ਦੀ ਹੈ ਪਰ ਇਸ ਵੇਲੇ ਇੱਥੇ ਕਰੀਬ 2,700 ਕੈਦੀ ਬੰਦ ਹਨ, ਜੋ ਕਿ ਤੈਅ ਸਮਰੱਥਾ ਤੋਂ 35 ਫੀਸਦੀ ਵੱਧ ਹੈ। ਇਨ੍ਹਾਂ ਵਿੱਚ ਕਈ ਨਾਮੀ ਗੈਂਗਸਟਰ ਅਤੇ ਨਸ਼ਾ ਤਸਕਰ ਸ਼ਾਮਲ ਹਨ, ਜੋ ਕਥਿਤ ਤੌਰ ’ਤੇ ਜੇਲ੍ਹ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ। ਜੇਲ੍ਹ ਅਧਿਕਾਰੀਆਂ ਨੇ ਆਪਣੀ ਬੇਵੱਸੀ ਜ਼ਾਹਰ ਕਰਦਿਆਂ ਕਿਹਾ ਕਿ ਸਟਾਫ਼ ਦੀ ਭਾਰੀ ਘਾਟ ਕਾਰਨ ਐਨੀ ਵੱਡੀ ਗਿਣਤੀ ਵਿੱਚ ਕੈਦੀਆਂ ’ਤੇ ਨਜ਼ਰ ਰੱਖਣਾ ਅਸੰਭਵ ਹੋ ਰਿਹਾ ਹੈ।
ਕਿਵੇਂ ਪਹੁੰਚਦੇ ਹਨ ਮੋਬਾਈਲ? :- ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ ਫ਼ੋਨ ਜੇਲ੍ਹ ਅੰਦਰ ਪਹੁੰਚਾਉਣ ਲਈ ‘ਫੈਂਕਾ’ ਤਕਨੀਕ (ਬਾਹਰੋਂ ਕੰਧ ਦੇ ਉੱਪਰੋਂ ਪੈਕੇਟ ਸੁੱਟਣਾ) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲੀਸ ਨੇ ਮੋਬਾਈਲ ਫ਼ੋਨ ਸਾਈਬਰ ਸੈੱਲ ਨੂੰ ਸੌਂਪ ਦਿੱਤੇ ਹਨ ਤਾਂ ਜੋ ਕਾਲ ਡਿਟੇਲ ਰਾਹੀਂ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਦੀ ਵਰਤੋਂ ਕਿਹੜੇ ਅਪਰਾਧਿਕ ਕੰਮਾਂ ਲਈ ਕੀਤੀ ਜਾ ਰਹੀ ਸੀ।

Leave a Reply