ਯਾਰ ਪੁਰਾਣੇ ਛੱਡ ਗਏ ਜਿਹੜੇ, ਕਦੇ ਨਹੀਂ ਉਹ ਭੁੱਲੇ।
ਅੰਦਰ ਵੱਲ ਨੂੰ ਵਹਿੰਦੇ ਅੱਥਰੂ, ਬਾਹਰ ਕਦੇ ਨਹੀਂ ਡੁੱਲੇ।
ਰਮਜ਼ਾਂ ਵਿੱਚ ਬਾਪੂ ਜੀ ਦੱਸਦੇ,ਜਦ ਹੈ ਗੁੰਝਲ ਪੈਂਦੀ,
ਕਦੇ ਪੁਰਾਣੇ ਜੰਦਰੇ ਨਵੀਆਂ ਕੁੰਜੀਆਂ ਨਾਲ ਨਹੀਂ ਖੁੱਲ੍ਹੇ।
ਬਹੁਤ ਪੁਰਾਣੇ ਰੁੱਖ ਦੇ ਕੋਲੋਂ ਸਿੱਖਿਆ ਹੀ ਕੰਮ ਆਇਆ,
ਤੇਜ਼ ਤੂਫ਼ਾਨ, ਹਨ੍ਹੇਰੀ, ਸਿਰ ਤੇ ਜਦ ਵੀ ਝੱਖੜ ਝੁੱਲੇ।
ਬਹੁਤ ਇਕੱਲਾਂ,ਦਮ ਘੁਟਦਾ ਏ ਹੁੰਮਸ ਵਰਗਾ ਆਲਮ,
ਯਾਰ ਪਿਆਰਿਉ ਆਉ, ਬਣ ਕੇ ਸੀਤ ਹਵਾ ਦੇ ਬੁੱਲੇ।
ਖ਼ੁਦਗਰਜ਼ਾਂ ਦੀ ਮੰਡੀ ਅੰਦਰ,ਅਣ -ਵਿਕਿਆਂ ਜਹੇ ਮੋਤੀ,
ਕੋਸ਼ਿਸ਼ ਕਰਕੇ ਲੱਭ ਜਾਂਦੇ ਨੇ ਇਹ ਸੌਦੇ ਅਣ-ਮੁੱਲੇ।
ਭੱਠੀ ਤੋਂ ਭੁੰਨਵਾ ਕੇ ਮੱਕੀ,ਰੱਜ ਰੱਜ ਫੱਕੇ ਮਾਰੇ,
ਘਰ ਪਹੁੰਚਣ ਤੱਕ,ਰੋੜ ਬਚੇ ਬੱਸ, ਮੁੱਕ ਮੁਕਾ ਗਏ ਫੁੱਲੇ।
ਡੱਬੀਆਂ ਅੰਦਰ ਪਾਇਆ ਸਾਨੂੰ,ਪੱਕੇ ਘਰ ਦੇ ਸੁਖ ਨੇ,
ਅੰਬਰ ਵੱਲ ਨੂੰ ਉਡਣ ਸਿਖਾਉਂਦੇ ਕੱਚੇ ਘਰ ਤੇ ਕੁੱਲੇ।
◼️
ਗੁਰਭਜਨ ਗਿੱਲ

