
ਲੁਧਿਆਣਾ 1 ਮਈ (ਵਰਲਡ ਪੰਜਾਬੀ ਟਾਈਮਜ਼)
ਬੀਤੀ ਸ਼ਾਮ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਰਾਈਡ ਵਿਦ ਪ੍ਰਾਈਡ ਸਿਰਲੇਖ ਹੇਠ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ| ਸਿਹਤਮੰਦ ਜੀਵਨ ਬਾਰੇ ਸੁਨੇਹਾ ਦੇਣ ਦੇ ਮੰਤਵ ਨਾਲ ਆਯੋਜਿਤ ਕੀਤੀ ਗਈ ਇਸ ਰੈਲੀ ਵਿਚ 100 ਦੇ ਕਰੀਬ ਭਾਗੀਦਾਰ ਸ਼ਾਮਿਲ ਹੋਏ|
ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਨੇ ਹਰੀ ਝੰਡੀ ਦੇ ਕੇ ਇਸ ਰੈਲੀ ਨੂੰ ਰਵਾਨਾ ਕੀਤਾ| ਡਾ. ਗੋਸਲ ਨੇ ਕਿਹਾ ਕਿ ਭਾਵੇਂ ਬਦਲਦੇ ਯੁੱਗ ਅਨੁਸਾਰ ਸਾਈਕਲ ਸਾਡੇ ਕਾਰ-ਵਿਹਾਰੀ ਜੀਵਨ ਦਾ ਹਿੱਸਾ ਨਹੀਂ ਰਿਹਾ ਪਰ ਸਿਹਤ ਸੰਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਦੀ ਭੂਮਿਕਾ ਅਹਿਮ ਹੈ| ਉਹਨਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਕੋਵਿਡ ਯੁੱਗ ਤੋਂ ਬਾਅਦ ਸਾਈਕਲ ਸੰਬੰਧੀ ਲੋਕਾਂ ਦਾ ਰੁਝਾਨ ਮੁੜ ਪਰਤਿਆ ਹੈ ਪਰ ਇਸ ਬਾਰੇ ਸਾਰੇ ਸੰਕੋਚਾਂ ਨੂੰ ਲਾਹ ਕੇ ਛੋਟੇ ਅਤੇ ਨੇੜੇ ਦੇ ਕਾਰਜਾਂ ਲਈ ਸਾਈਕਲ ਦੀ ਵਰਤੋਂ ਉੱਪਰ ਜ਼ੋਰ ਦੇਣ ਦੀ ਲੋੜ ਹੈ| ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਕੈਂਪਸ ਵਿਚ ਸਿਹਤਮੰਦ ਰੁਝਾਨ ਵਧਾਉਣ ਲਈ ਹਮੇਸ਼ਾਂ ਯਤਨ ਕੀਤੇ ਹਨ| ਇਹ ਸਾਈਕਲ ਰੈਲੀ ਸਰੀਰਕ ਮੁਸ਼ੱਕਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਇਕ ਵਸੀਲਾ ਬਣੇਗੀ| ਰਾਸ਼ਟਰ ਪੱਧਰੀ ਸਾਈਕਲ ਚਾਲਕ ਸ਼੍ਰੀ ਦਵਿੰਦਰ ਸਿੰਘ ਬਾਂਸਲ ਦੇ ਪਰਿਵਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਦਾ ਜ਼ਿਕਰ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਾਈਕਲਿੰਗ ਸਹੂਲਤਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਇਸ ਇਮਦਾਦ ਦੀ ਵਰਤੋਂ ਕੀਤੀ ਜਾ ਰਹੀ ਹੈ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਰੈਲੀ ਵਿਚ ਭਾਗ ਲੈਣ ਵਾਲੇ ਸਾਈਕਲ ਚਾਲਕਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਇਹ ਰੈਲੀ ਪੀ.ਏ.ਯੂ. ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਨਾਉਣ ਦਾ ਸੁਨੇਹਾ ਪ੍ਰਸਾਰਿਤ ਕਰਨ ਦਾ ਸਬੱਬ ਬਣੇਗੀ|
ਇਸ ਮੌਕੇ ਪੀ.ਏ.ਯੂ. ਪੈਡਲ ਕਲੱਬ ਨਾਂ ਦਾ ਸ਼ੋਸ਼ਲ ਮੀਡੀਆ ਪੇਜ ਵੀ ਜਾਰੀ ਕੀਤਾ ਗਿਆ| ਰੈਲੀ ਦਾ ਸੰਚਾਲਨ ਡਾ. ਪਰਮਵੀਰ ਸਿੰਘ ਗਰੇਵਾਲ ਨੇ ਕੀਤਾ| ਅੰਤ ਵਿਚ ਡਾ. ਰੁਪਿੰਦਰ ਕੌਰ ਤੂਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ| ਸਮਾਰੋਹ ਦਾ ਸੰਚਾਲਨ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ| ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਮੌਜੂਦ ਸਨ|

Leave a Reply