— ਲੋਕ ਮੁਸ਼ਕਲਾਂ ਬਾਰੇ ਮੰਗ ਪੱਤਰ ਦਿੱਤਾ —
ਫ਼ਰੀਦਕੋਟ 7 ਮਈ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਐੱਸ.ਡੀ.ਐੱਮ. ਪੁਨੀਤ ਸ਼ਰਮਾ ਪੀ.ਸੀ.ਐੱਸ. ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਵਫ਼ਦ ਵਿੱਚ ਮੈਡਮ ਹੀਰਾਵਤੀ ਸਮੇਤ ਡੀ.ਪੀ.ਐੱਸ. ਭੋਲਾ, ਪ੍ਰੋ. ਮਲਕੀਤ ਸਿੰਘ ਮੰਮਨ, ਸ੍ਰੀ ਕ੍ਰਿਸ਼ਨ ਆਰ.ਏ., ਇੰਸ. ਰਮੇਸ਼ ਕੁਮਾਰ, ਨਿਰਮਲ ਸਿੰਘ, ਸ਼ਿਵ ਨਾਥ ਦਰਦੀ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਵਫ਼ਦ ਵੱਲੋਂ ਸ਼ਹਿਰੀ ਮੁਸ਼ਕਲਾਂ ਬਾਰੇ ਐੱਸ.ਡੀ.ਐੱਮ. ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ ਤੇ ਇਨ੍ਹਾਂ ਦੇ ਹੱਲ ਲਈ ਮੰਗ ਪੱਤਰ ਵੀ ਦਿੱਤਾ। ਟਰੱਸਟ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਕਾਰਪੋਰਲ ਪੁਨਿਸ਼ਮੈਂਟ (ਸਰੀਰਕ ਸਜ਼ਾ) ਨਾ ਦਿਤੇ ਜਾਣ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ, ਵਿਦਿਆਰਥੀਆਂ ਲਈ ਵਰਤੇ ਜਾਣ ਵਾਲੇ ਵਹੀਕਲਾਂ ਦੇ ਮਾਲਕਾਂ/ਚਾਲਕਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ ਬਾਰੇ ਵੀ ਅਪੀਲ ਕੀਤੀ ਗਈ। ਜਿਲ੍ਹੇ ਅੰਦਰ ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਮਾਲਕ/ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਹਿਰ ਦੇ ਸਾਦਿਕ ਚੌਂਕ ਤੋਂ ਯੂਨੀਵਰਸਿਟੀ ਤੱਕ ਜਾਣ ਵਾਲੀ ਖਸਤਾ ਹਾਲ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਵੀ ਕੀਤੀ ਗਈ। ਆਮ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਬਚਾਉਣ ਲਈ ਡੌਗ ਸ਼ੈਲਟਰ ਹੋਮ ਬਣਾਏ ਜਾਣ ਦੀ ਮੰਗ ਵੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਮੰਗ ਪੱਤਰ ਅਨੁਸਾਰ ਪਾਲਤੂ ਕੁੱਤੇ ਰੱਖਣ ਵਾਲਿਆਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਲਈ ਪਾਬੰਦ ਕੀਤਾ ਜਾਵੇ। ਇਸ ਤੋਂ ਇਲਾਵਾ ਜਿਲ੍ਹੇ ਅੰਦਰ ਪੁਲਿਸ ਪੈਟਰੋਲਿੰਗ ਤੇਜ਼ ਕੀਤੀ ਜਾਵੇ ਅਤੇ ਪੀ.ਸੀ.ਆਰ. ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਅੱਗੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਣਾਏ ਜਾਣ ਲਈ ਮੁੱਖ ਮੰਤਰੀ ਦੇ ਨਾਮ ਇੱਕ ਧੰਨਵਾਦ ਪੱਤਰ ਵੀ ਐੱਸ.ਡੀ.ਐੱਮ. ਨੂੰ ਦਿੱਤਾ ਗਿਆ। ਕਰੀਬ ਅੱਧਾ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਢੋਸੀਵਾਲ ਵੱਲੋਂ ਵਧੀਆ ਢੰਗ ਨਾਲ ਟਰੱਸਟ ਦੇ ਮੌਜੂਦ ਆਗੂਆਂ ਸਬੰਧੀ ਜਾਣਕਾਰੀ ਅਤੇ ਜਾਣ-ਪਛਾਣ ਪੁਨੀਤ ਸ਼ਰਮਾ ਪੀ.ਸੀ.ਐੱਸ. ਨਾਲ ਕਰਵਾਈ ਗਈ। ਐੱਸ.ਡੀ.ਐੱਮ. ਨੇ ਵਫ਼ਦ ਵੱਲੋਂ ਦਿਤੇ ਮੰਗ ਪੱਤਰ ਅਨੁਸਾਰ ਦਰਸਾਈਆਂ ਸਾਰੀਆਂ ਲੋਕ ਮੁਸ਼ਕਲਾਂ ਨੂੰ ਬੜੀ ਹਮਦਰਦੀ ਤੇ ਧਿਆਨ ਨਾਲ ਸੁਣਿਆ ਅਤੇ ਸਬੰਧਤ ਵਿਭਾਗਾਂ ਕੋਲ ਭੇਜਣ ਦਾ ਵਿਸ਼ਵਾਸ਼ ਦਿਵਾਇਆ। ਟਰੱਸਟ ਆਗੂਆਂ ਨੇ ਇਹ ਮੁਸ਼ਕਲਾਂ ਜਲਦੀ ਹੱਲ ਹੋ ਜਾਣ ਦੀ ਉਮੀਦ ਜਤਾਈ ਹੈ। ਸ੍ਰੀ ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਲਾਰਡ ਬੁੱਧਾ ਟਰੱਸਟ ਦੀ ਜਿਲ੍ਹਾ ਇਕਾਈ ਦੀ ਨਵੀਂ ਕਾਰਜਕਾਰਣੀ ਗਠਿਤ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਆਉਂਦੀ 08 ਮਈ ਸ਼ੁੱਕਰਵਾਰ ਨੂੰ ਸ਼ਾਮ ਦੇ 5:00 ਵਜੇ ਸਥਾਨਕ ਜੈਸਮੀਨ ਹੋਟਲ ਵਿਖੇ ਹੋਵੇਗੀ। ਢੋਸੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਿਰਫ਼ ਉਕਤ ਚੋਣ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਵਿੱਚੋਂ ਹੀ ਨਵੀਂ ਕਾਰਜਕਾਰਣੀ ਦਾ ਗਠਨ ਕੀਤਾ ਜਾਵੇਗਾ।

