“ਸਿੱਦਕੀ ਤੇ ਸੰਘਰਸ਼ੀ” ਕਿਤਾਬ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਸਮਾਗਮ ਮੌਕੇ ਹੋਈ ਰਿਲੀਜ਼

“ਸਿੱਦਕੀ ਤੇ ਸੰਘਰਸ਼ੀ” ਕਿਤਾਬ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਸਮਾਗਮ ਮੌਕੇ ਹੋਈ ਰਿਲੀਜ਼

ਇਹ ਕਿਤਾਬ ਹਰੇਕ ਜ਼ਿਲ੍ਹੇ ਵਿੱਚ ਲੋਕ ਅਰਪਿਤ ਕਰਾਂਗੀ: ਬੀਬੀ ਰਸ਼ਪਿੰਦਰ ਕੌਰ ਗਿੱਲ

ਅੰਮ੍ਰਿਤਸਰ: 7 ਮਈ (ਵਰਲਡ ਪੰਜਾਬੀ ਟਾਈਮਜ਼)

ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਾਲਾਨਾ ਸ਼ਹਾਦਤ ਦਿਹਾੜੇ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਨਵੀਂ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਸ਼ਹੀਦ ਪਰਿਵਾਰਾਂ ਵੱਲੋਂ ਰਿਲੀਜ਼ ਕੀਤੀ ਗਈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਇਹ ਕਿਤਾਬ ਸਿੱਖ ਸੰਘਰਸ਼ ਦੇ ਸ਼ਹੀਦਾਂ ਅਤੇ ਜਲਾਵਤਨੀ ਯੋਧਿਆਂ ਦੀਆਂ ਦਾਸਤਾਨਾਂ ‘ਤੇ ਅਧਾਰਿਤ ਇੱਕ ਅਹਿਮ ਇਤਿਹਾਸਕ ਦਸਤਾਵੇਜ਼ ਹੈ।

ਇਸ ਮੌਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾ ਸ. ਬਲਦੇਵ ਸਿੰਘ, ਉਹਨਾਂ ਦੇ ਭੈਣ ਜੀ, ਬਾਬਾ ਹਰਦੀਪ ਸਿੰਘ ਮਹਿਰਾਜ, ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਦੇ ਭੈਣ ਬੀਬੀ ਚਰਨਜੀਤ ਕੌਰ, ਬਾਬਾ ਬਖਸ਼ੀਸ਼ ਸਿੰਘ, ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਕਿਤਾਬ ਸੰਗਤਾਂ ਨੂੰ ਅਰਪਣ ਕੀਤੀ।

ਕਿਤਾਬ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਇਹ ਸ਼ਾਇਦ ਪਹਿਲੀ ਅਜਿਹੀ ਕਿਤਾਬ ਹੈ ਜੋ ਸ਼ਹੀਦ ਸਿੰਘਾਂ ਦੇ ਨਾਲ-ਨਾਲ ਉਹਨਾਂ ਦੀਆਂ ਸਿੰਘਣੀਆਂ (ਪਤਨੀਆਂ) ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ, ਜਿਨ੍ਹਾਂ ਨੇ ਸ਼ਹਾਦਤਾਂ ਤੋਂ ਬਾਅਦ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਪਰਿਵਾਰ ਅਤੇ ਬੱਚਿਆਂ ਦੀ ਪਰਵਰਿਸ਼ ਕੀਤੀ। ਇਸ ਦੇ ਨਾਲ ਹੀ ਕਿਤਾਬ ਵਿੱਚ ਖਾਲਿਸਤਾਨ ਦੇ ਨਿਸ਼ਾਨੇ ਲਈ ਗੁੰਮਨਾਮੀ ਦੀ ਜ਼ਿੰਦਗੀ ਜਿਊਣ ਵਾਲੇ ਜਲਾਵਤਨੀ ਯੋਧਿਆਂ ਦਾ ਵੀ ਵਿਸ਼ੇਸ਼ ਜ਼ਿਕਰ ਹੈ।

ਬੀਬੀ ਰਸ਼ਪਿੰਦਰ ਕੌਰ ਗਿੱਲ ਨੇ ਐਲਾਨ ਕੀਤਾ ਕਿ ਇਹ ਕਿਤਾਬ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਰਿਲੀਜ਼ ਕੀਤੀ ਜਾਵੇਗੀ ਅਤੇ ਸ਼ਹੀਦ ਪਰਿਵਾਰਾਂ ਤੇ ਜੁਝਾਰੂ ਸਿੰਘਾਂ ਨੂੰ ਬਿਲਕੁਲ ਮੁਫ਼ਤ ਭੇਂਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਇਸ ਤੋਂ ਪਹਿਲਾਂ “ਸੰਘਰਸ਼ ਦਾ ਦੌਰ” (2024) ਕਿਤਾਬ ਵੀ ਕਾਫੀ ਚਰਚਿਤ ਰਹੀ ਹੈ, ਜਿਸ ਦਾ ਦੂਜਾ ਐਡੀਸ਼ਨ 2025 ਵਿੱਚ ਆਇਆ ਸੀ।

ਸਮਾਗਮ ਦੌਰਾਨ ਭਾਈ ਪੰਜਵੜ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਭਾਈ ਪੰਜਵੜ ਤੋਂ ਇਲਾਵਾ ਉਹਨਾਂ ਦੇ ਭਰਾ ਭਾਈ ਰਾਜਵਿੰਦਰ ਸਿੰਘ ਅਤੇ ਮਾਤਾ ਮਹਿੰਦਰ ਕੌਰ ਨੂੰ ਵੀ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਮੌਜੂਦਾ ਹਾਲਤ ਵਿੱਚ ਸ. ਬਲਦੇਵ ਸਿੰਘ ਵੱਲੋਂ ਹੰਢਾਇਆ ਪੁਲਿਸ ਤਸ਼ੱਦਦ ਅੱਜ ਵੀ ਉਸ ਦੌਰ ਦੀਆਂ ਵਧੀਕੀਆਂ ਦੀ ਗਵਾਹੀ ਭਰਦਾ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.