ਪੰਜਾਬ ਵਿਚ ਚਾਰ ਵੱਡੇ ਡੇਰੇ ਹਨ ਜੋ ਪੰਜਾਬ ਦੀ ਸਿਆਸਤ ‘ਤੇ ਭਾਰੂ ਹਨ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣਾ ਡੇਰਾ ਹੈ, ਨਿਰੰਕਾਰੀ ਸੰਪ੍ਰਦਾ ਦਾ ਜਿਸ ਦੀ ਸ਼ੁਰੂਆਤ ਦਿਆਲ ਸਿੰਘ ਨੇ 1790 ਵਿਚ ਕੀਤੀ। ਦੂਸਰਾ ਡੇਰਾ ਹੈ, ਡੇਰਾ ਬਿਆਸ ,ਜਿਸ ਦੀ ਸ਼ੁਰੂਆਤ ਬ੍ਰਿਟਿਸ਼ ਭਾਰਤੀ ਫੌਜ ਵਿਚ ਰਹੇ, ਜੈਮਲ ਸਿੰਘ ਨੇ 1891 ਵਿਚ ਕੀਤੀ। ਇਨ੍ਹਾਂ ਦੋਵੇਂ ਵੱਡੇ ਡੇਰਿਆਂ ਨੂੰ ਸ਼ੁਰੂ ਕਰਨ ਵਾਲੇ ਦਿਆਲ ਸਿੰਘ ਅਤੇ ਜੈਮਲ ਸਿੰਘ, ਸਿੱਖ ਧਰਮ ਨੂੰ ਮੰਨਣ ਵਾਲੇ ਸਨ। ਤੀਸਰਾ ਵੱਡਾ ਡੇਰਾ ਹੈ, ਡੇਰਾ ਸਿਰਸਾ,ਜਿਸ ਦੀ ਸ਼ੁਰੂਆਤ ਮਸਤਾਨਾ ਬਿਲੋਚਸਤਾਨੀ ਨੇ 29 ਅਪ੍ਰੈਲ 1948 ਨੂੰ ਕੀਤੀ ਜੋ ਕਿ ਸਾਵਨ ਸਿੰਘ ਡੇਰਾ ਬਿਆਸ ਵਾਲੇ ਦਾ ਚੇਲਾ ਸੀ । ਚੌਥਾ ਡੇਰਾ ਹੈ ਨੂਰਮਹਿਲੀਏ ਆਸ਼ੂਤੋਸ਼ ਦਾ ਜੋ ਮਰਨ ਉਪਰੰਤ ਵੀ ਸਮਾਧੀ ਵਿਚ ਹੈ। ਲੋਕਾਂ ਦੀ ਸਮਝ ਦੀ ਹੱਦ ਦੇਖੋ, ਉਨ੍ਹਾਂ ਨੂੰ ਅੱਜ ਵੀ ਲੱਗ ਰਿਹਾ ਹੈ ਕਿ ਸਾਡਾ ਬਾਬਾ ਸਮਾਧੀ ਵਿਚ ਹੈ। ਇਕ ਦਿਨ ਉਹ ਜ਼ਰੂਰ ਉੱਠੇਗਾ। ਬਿਹਾਰ ਦੇ ਰਹਿਣ ਵਾਲੇ ਆਸ਼ੂਤੋਸ਼ ਨੇ 1987 ਵਿਚ ਇਸ ਡੇਰੇ ਦੀ ਸ਼ੁਰੂਆਤ ਕੀਤੀ। ਇਨ੍ਹਾਂ ਤੋਂ ਇਲਾਵਾ ਨਿੱਕੇ ਨਿੱਕੇ ਅਨੇਕਾਂ ਹੀ ਡੇਰੇ ਪੰਜਾਬ ਵਿਚ ਹਨ। ਫ਼ਿਕਰ ਵਾਲੀ ਗੱਲ ਇਹ ਵੀ ਹੈ ਕਿ ਇੱਕਾ ਦੁੱਕਾ ਸੰਸਥਾਵਾਂ ਜੋ ਆਪਣੇ ਆਪ ਨੂੰ ਸਿੱਖ ਵੀ ਕਹਿੰਦੀਆਂ ਹਨ ਪਰ ਡੇਰੇ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਇਹ ਡੇਰੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਪ੍ਰਦੇਸ਼ਾਂ ਦੀ ਰਾਜਨੀਤੀ ਉੱਤੇ ਵੱਡਾ ਦਬਦਬਾ ਬਣਾਈ ਬੈਠੇ ਹਨ।
ਪੰਜਾਬ ਦੇ ਲੋਕ ਬਹੁਤ ਹੀ ਭੋਲੇ ਅਤੇ ਸੇਵਾ ਭਾਵ ਵਾਲੇ ਹਨ। ਪੰਜਾਬ ਦੀ ਧਰਤੀ ‘ਤੇ ਅਨੇਕਾਂ ਹੀ ਗੁਰੂਆਂ ਪੀਰਾਂ ਫ਼ਕੀਰਾਂ ਨੇ ਜਨਮ ਲਿਆ ਅਤੇ ਅਧਿਆਤਮਿਕ ਮਾਰਗ ‘ਤੇ ਚਲਦਿਆਂ ਸੱਚ ਦੀ ਖੋਜ ਕੀਤੀ। ਪੰਜਾਬ ਦੇ ਲੋਕ ਮਨਾਂ ਅੰਦਰ ਆਤਮਾ ਅਤੇ ਪ੍ਰਮਾਤਮਾ ਦੇ ਮੇਲ ਦੀ ਗੱਲ ਵਸੀ ਹੋਈ ਹੈ। ਗੁਰੂ ਦੀ ਮਹਿਮਾ ਹਰ ਧਰਮ ਵਿਚ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਵਾਰ ਵਾਰ ਗੁਰੂ ਦੀ ਮਹਿਮਾ ਦਾ ਜ਼ਿਕਰ ਹੈ।
ਘਰ ਮਹਿ ਘਰੁ ਦੇਖਾਇ ਦੇਇ, ਸੋ ਸਤਿਗੁਰੁ ਪੁਰਖੁ ਸੁਜਾਣੁ।।
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ।।
(ਸਲੋਕ ਮ : ੧ ।।)
ਲੋਕ ਜਗਿਆਸੂ ਬਿਰਤੀ ਦੇ ਹੋਣ ਕਾਰਨ, ਗੁਰੂ ਦੀ ਸ਼ਰਨ ਵਿਚ ਸਮਰਪਿਤ ਹੋ ਕੇ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰਨਾ ਚਾਹੁੰਦੇ ਹਨ। ਅਨਹਦ ਨਾਦ ਦਾ ਆਤਮਿਕ ਅਨੰਦ ਹਾਸਿਲ ਕਰਨਾ ਚਾਹੁੰਦੇ ਹਨ,ਜਿਸ ਦਾ ਫ਼ਾਇਦਾ ਡੇਰੇਦਾਰਾਂ ਵੱਲੋਂ ਉਠਾਇਆ ਜਾਂਦਾ ਹੈ। ਇਸੇ ਕਰਕੇ ਹੀ ਸਾਡੇ ਪਰਿਵਾਰਾਂ ਵਿਚੋਂ ਕੋਈ ਨਾ ਕੋਈ ਭਰਮ ਦਾ ਸ਼ਿਕਾਰ ਹੋ ਹੀ ਜਾਂਦਾ ਹੈ।
ਦੂਸਰਾ ਵੱਡਾ ਕਾਰਨ ਸਾਡੇ ਧਾਰਮਿਕ ਇਤਿਹਾਸਕ ਪਿਛੋਕੜ ਵਿਚ ਮੁਕਤੀ ਦਾ ਸੰਕਲਪ ਉਭਾਰਿਆ ਗਿਆ ਹੈ ਜਿਸ ਕਾਰਨ ਲੋਕ ਜਨਮਾਂ ਦੇ ਗੇੜ ਨੂੰ ਮੁਕਾ ਕੇ ਮੁਕਤ ਹੋਣਾ ਲੋਚਦੇ ਹਨ । ਵਿਗਿਆਨਕ ਸੰਦਰਭ ਭਾਵੇਂ ਸਾਰੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ ਪਰ ਸਾਡੇ ਮਾਂ ਬਾਪ ਤੇ ਵਡੇਰੇ, ਬੱਚੇ ਦੇ ਮੰਨ ਉੱਪਰ ਉਕਰੇ ਗਏ, ਵਿਗਿਆਨਕ ਪ੍ਰਸੰਗ ਨੂੰ ਫੱਟੀ ਵਾਂਗ ਪੋਚ ਦਿੰਦੇ ਹਨ। ਬੱਚਾ ਸਾਰੀ ਉਮਰ ਵਿਗਿਆਨਕ ਸੋਚ ਦਾ ਧਾਰਨੀ ਨਹੀਂ ਹੋ ਪਾਉਂਦਾ। ਜਿਸ ਦਾ ਸਭ ਤੋਂ ਵੱਧ ਲਾਭ ਡੇਰੇਦਾਰ ਉਠਾਉਂਦੇ ਹਨ। ਲੋਕ ਇਸ ਸੰਸਾਰ ਨੂੰ ਫ਼ਾਨੀ ਤੇ ਝੂਠਾ ਸੰਸਾਰ ਮੰਨਦੇ ਹਨ ਤੇ ਮੁਕਤੀ ਲਈ ਕਿਸੇ ਡੇਰੇਦਾਰ ਨੂੰ ਗੁਰੂ ਧਾਰਨ ਕਰਦੇ ਹਨ ਪਰ ਦੁਨੀਆਂ ਵਿਚ ਬਹੁਤ ਕੰਮ ਹਨ ਜੋ ਸਾਡੇ ਕਰਨ ਵਾਲੇ ਹਨ ਤੇ ਸਾਨੂੰ ਇਮਾਨਦਾਰੀ ਨਾਲ ਕਰਨੇ ਵੀ ਚਾਹੀਦੇ ਹਨ।
ਬਾਗ਼ ਏ ਬਹਿਸ਼ਤ ਸੇ ਮੁਝੇ ਹੁਕਮ ਏ ਸਫ਼ਰ ਦੀਆ ਥਾਂ ਕਿਉਂ
ਕਾਰ ਏ ਜਹਾਂ ਦਰਾਜ਼ ਹੈ ਅਬ ਮੇਰਾ ਇੰਤਜ਼ਾਰ ਕਰ
(ਇਕਬਾਲ)
ਡੇਰਾਵਾਦ ਦੇ ਭਰਮ ਜਾਲ ਵਿਚ ਫ਼ਸਣ ਦਾ ਤੀਸਰਾ ਵੱਡਾ ਕਾਰਨ ਲੋਕਾਂ ਦੀ ਗਰੀਬੀ ਅਤੇ ਬਿਮਾਰੀਆਂ ਹਨ।
ਮੱਧ ਅਤੇ ਨਿਮਨ ਵਰਗ ਵਿਚ ਵਧੇਰੇ ਘਰਾਂ ਵਿਚ ਇਹ ਦੋਵੇਂ ਸਮੱਸਿਆਵਾਂ ਹੁੰਦੀਆਂ ਹੀ ਹਨ। ਲੋਕ ਸਿਹਤ ਬੀਮਾ ਲੈਣ ਦੀ ਬਜਾਏ, ਕਿਸੇ ਡੇਰੇ ਦੇ ਸਾਧ ਕੋਲ ਪਹੁੰਚ ਕੇ, ਬਿਮਾਰੀ ਠੀਕ ਕਰਨ ਲਈ,ਅਰਦਾਸ ਕਰਨ ਵਿਚ ਵਧੇਰੇ ਵਿਸ਼ਵਾਸ ਕਰਦੇ ਹਨ। ਇਸੇ ਕਾਰਨ ਕਰਕੇ ਲੋਕ ਕਿਸੇ ਨਾ ਕਿਸੇ ਡੇਰੇ ਦੇ ਗ਼ੁਲਾਮ ਹੋ ਜਾਂਦੇ ਹਨ। (ਗ਼ੁਲਾਮ ਸ਼ਬਦ ਇਸ ਲਈ ਵਰਤ ਰਿਹਾ ਹਾਂ ਕਿ ਜਦ ਤੁਸੀਂ ਸੋਚਣਾ ਬੰਦ ਕਰਕੇ ਅੰਨ੍ਹਾ ਵਿਸ਼ਵਾਸ ਕਰ ਲਵੋਗੇ ਤਾਂ ਸ਼ਬਦ ਗ਼ੁਲਾਮ ਹੀ ਵਰਤਿਆ ਜਾਵੇਗਾ)। ਬਿਮਾਰੀ ਭਾਵੇਂ ਸਰੀਰਕ ਹੋਵੇ ਭਾਵੇਂ ਮਾਨਸਿਕ, ਮਨੁੱਖੀ ਸੁਭਾਅ ਹੈ ਕਿ ਉਸ ਨੂੰ ਸਹਾਰੇ ਨਾਲ ਰਾਹਤ ਮਹਿਸੂਸ ਹੁੰਦੀ ਹੈ। ਲੋਕਾਂ ਦਾ ਸੁਭਾਓ ਵੇਲ ਵਰਗਾ ਹੋ ਗਿਆ ਹੈ। ਉਹ ਖ਼ੁਦ ਖੜ੍ਹੇ ਨਹੀਂ ਹੋ ਸਕਦੇ, ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ। ਸਹਾਰਾ ਬਣਦੇ ਹਨ ਡੇਰੇ।
ਮੈਂ ਮਿੱਟੀ ਦਾ ਵੀ ਦੇ ਸਕਿਆ ਨਾ ਬੱਚੇ ਨੂੰ ਖਿਲੌਣਾ,
ਬੜਾ ਸਸਤਾ ਸੀ ਪਰ ਮੇਰੇ ਲਈ ਸਸਤਾ ਨਹੀਂ ਸੀ।
(ਡਾ. ਜਗਤਾਰ )
ਉਸਦਾ ਦੂਸਰਾ ਸਵਾਲ ਸੀ ,”ਬਾਬੇ ਦੀ ਟੌਹਰ ਕਮਾਲ ਦੀ ਹੁੰਦੀ ਹੈ,ਮੁੱਛ ਪੂਰੀ ਖੜ੍ਹੀ”। ਮੈਂ ਕਿਹਾ,”ਆਪਣਾ ਮੁੱਖ ਮੰਤਰੀ ਝੰਡੇ ਅਮਲੀ ਦਾ ਰੂਪ ਧਾਰ ਕੇ ਕਮੇਡੀ ਕਰਦਾ ਹੋਇਆ ਕਹਿੰਦਾ ਹੁੰਦਾ ਸੀ,”ਨਿਆਈਂ ਵਾਲੀ ਜ਼ਮੀਨ ਮੇਰੇ ਨਾਮ ‘ਤੇ ਕਰਦੇ। ਫਿਰ ਮੇਰੀ ਮੁੱਛ ‘ਤੇ ਨਿੰਬੂ ਦੀ ਥਾਂ ਭਾਵੇਂ ਤਰਬੂਜ਼ ਰੱਖ ਲਵੀਂ”।
ਫ਼ਰੇਬ ਹੈ ਹਰ ਹੁਸੀਨ ਮੰਜ਼ਰ, ਫ਼ਰੇਬ ਹੈ ਕਾਇਨਾਤ ਸਾਰੀ।
ਅਜੇ ਕੀ ਕਹੀਏ ਕਜ਼ਾ ਦੇ ਬਾਰੇ, ਫ਼ਰੇਬ ਨਿਕਲੀ ਹਿਯਾਤ ਸਾਰੀ।
(ਡਾ. ਜਗਤਾਰ)
ਚੌਥਾ ਕਾਰਨ ਹੈ ਵੱਡੇ ਲੋਕਾਂ ਦਾ ਕਬਜ਼ਾ। ਰਵਾਇਤੀ ਧਰਮਾਂ ਉੱਤੇ ਵੱਡੇ ਜਾਂ ਅਮੀਰ ਲੋਕਾਂ ਦਾ ਕਬਜ਼ਾ ਹੈ। ਗ਼ਰੀਬ ਜਾਂ ਦਲਿਤ ਨੂੰ ਰਵਾਇਤੀ ਧਰਮਾਂ ਦੇ ਸਥਾਨਾਂ ‘ਤੇ ਪੂਰਾ ਮਾਣ ਸਨਮਾਣ ਨਹੀਂ ਮਿਲਦਾ, ਜੇ ਸਾਰੇ ਧਰਮ ਨੂੰ ਪੜ੍ਹਿਆ ਜਾਵੇ ਤਾਂ ਉਨ੍ਹਾਂ ਵਿਚ ਹਰ ਵਰਗ ਲਈ ਬਰਾਬਰੀ ਦੀ ਗੱਲ ਕੀਤੀ ਗਈ ਹੈ। ਮਨੁੱਖ ਦੀ ਫ਼ਿਤਰਤ ਹੈ ਕਿ ਅਮੀਰ ਆਦਮੀ ਹਰ ਸਥਾਨ ‘ਤੇ ਕਬਜ਼ਾ ਕਰਨਾ ਲੋਚਦਾ ਹੈ। ਆਪਣੇ ਸ਼ਹਿਰਾਂ ਪਿੰਡਾਂ ਦੇ ਧਾਰਮਿਕ ਸਥਾਨਾਂ ‘ਤੇ ਨਜ਼ਰ ਮਾਰ ਕੇ ਦੇਖੋ, ਤੁਹਾਡੇ ਪਿੰਡ ਜਾਂ ਸ਼ਹਿਰ ਵਿਚ ਵੀ ਵਧੇਰੇ ਧਾਰਮਿਕ ਸਥਾਨਾਂ ‘ਤੇ ਅਮੀਰ ਅਤੇ ਉੱਚੀ ਕੁਲ ਦੇ ਲੋਕਾਂ ਦਾ ਹੀ ਕਬਜ਼ਾ ਹੋਵੇਗਾ। ਨਿਮਨ ਵਰਗ ਵਿਚੋਂ ਜੇ ਕੋਈ ਮੂਹਰੇ ਆਵੇਗਾ ਤਾਂ ਉਹ ਵੀ ਸਰਦਾ-ਪੁਜਦਾ ਹੀ ਹੋਵੇਗਾ। ਡੇਰੇਦਾਰਾਂ ਨੇ ਇਸ ਗੱਲ ਨੂੰ ਜਾਣ ਕੇ ਆਪਣਾ ਸੁਭਾਉ ਪਹਿਲਾਂ ਤੋਂ ਹੀ ਬਦਲ ਲਿਆ ਸੀ। ਉਹ ਗ਼ਰੀਬ ਤੇ ਦਲਿਤ ਦਾ ਵੀ ਅਮੀਰ ਤੇ ਉੱਚੀ ਕੁਲ ਦੇ ਬਰਾਬਰ ਹੀ ਸਨਮਾਨ ਕਰਦੇ ਹਨ, ਭਾਵੇਂ ਡੇਰੇਦਾਰ ਖ਼ੁਦ ਅਮੀਰ ਵਰਗ ਵਿਚੋਂ ਹੀ ਹੁੰਦੇ ਹਨ। ਗ਼ਰੀਬ ਵਰਗ ਦੇ ਲੋਕ ਇਸ ਗੱਲ ਨਾਲ ਵੀ ਭ੍ਰਮਿਤ ਹੋ ਜਾਂਦੇ ਹਨ।
ਡੇਰੇਦਾਰਾਂ ਦੇ ਨਾਲ ਸੰਧੀ ਹੈ ਨੇਤਾਵਾਂ ਦੀ। ਨੇਤਾ ਦਾ ਸਿੱਧਾ ਸਬੰਧ ਹੈ, ਵੋਟਾਂ ਨਾਲ, ਇਕ ਮੋਰੀ ਨਿਕਲਣ ਵਾਲਾ ਵੱਡਾ ਵੋਟ ਬੈਂਕ ਹੈ, ਡੇਰੇਦਾਰਾਂ ਕੋਲ। ਡੇਰੇਦਾਰਾਂ ਨੇ ਸਰਕਾਰਾਂ ਤੋਂ ਛੱਤੀ ਕੰਮ ਲੈਣੇ ਹੁੰਦੇ ਨੇ। ਸਰਕਾਰਾਂ ਉਨ੍ਹਾਂ ਦੇ ਕੰਮ ਬਗ਼ੈਰ ਕਿਸੇ ਦੇਰੀ ਤੋਂ ਕਰਦੀਆਂ ਵੀ ਹਨ। ਤੁਹਾਨੂੰ ਲੱਗੇਗਾ ਕਿ ਡੇਰੇ ਨੂੰ ਕੀ ਕੰਮ ਹੁੰਦੇ ਨੇ। ਮੋਟੇ ਮੋਟੇ ਕੰਮ ਦੇਖ ਲਵੋ।
ਹਥਿਆਰਾਂ ਦੇ ਲਾਇਸੰਸ ਜੋ ਕਿ ਡੇਰੇ ਵਾਲਿਆਂ ਨੇ ਰਾਸ਼ਟਰੀ ਪੱਧਰ ਦੇ ਬਣਾਉਣੇ ਹੁੰਦੇ ਨੇ। ਜ਼ਮੀਨ ਜਾਇਦਾਦ ਨਾਲ ਸਬੰਧਤ ਕੰਮ, ਕਿਉਂਕਿ ਡੇਰੇ ਵਾਲਿਆਂ ਨੇ ਨਾਲ ਲੱਗਦੀ ਜ਼ਮੀਨ ‘ਤੇ ਹਰ ਹਾਲਤ, ਹਰ ਤਰੀਕੇ ਨਾਲ ਕਬਜ਼ਾ ਕਰਨਾ ਹੁੰਦਾ ਹੈ। ਦੋ ਨੰਬਰ ਦੇ ਪੈਸੇ ਦਾ ਏਧਰ ਉੱਧਰ,ਹਰ ਡੇਰੇ ਨੂੰ ਖਰਬਾਂ ਰੁਪਏ ਦੀ ਕਮਾਈ ਹੁੰਦੀ ਹੈ, ਚੜ੍ਹਾਵੇ ਦੇ ਰੂਪ ਵਿਚ। ਕੌਣ ਭਰਦਾ ਹੈ ਇਨਕਮ ਟੈਕਸ। ਚੇਲਿਆਂ ਦੀਆਂ ਬਦਲੀਆਂ/ਪ੍ਰਮੋਸ਼ਨਾਂ ਆਦਿ। ਇਸ ਤੋਂ ਬਗ਼ੈਰ ਡੇਰਿਆਂ ਅੰਦਰ ਹੋਰ ਬਥੇਰੇ ਕਾਂਡ ਹੁੰਦੇ ਰਹਿੰਦੇ ਨੇ। ਡੇਰਾ ਆਵਦੇ ਆਪ ਵਿਚ ਇਕ ਵੱਡਾ ਸ਼ਹਿਰ ਹੁੰਦਾ ਹੈ। ਉਥੋਂ ਦਾ ਕਨੂੰਨ, ਪੁਲਸ,ਜੱਜ ਜਾਂ ਰੱਬ, ਉਸ ਡੇਰੇ ਦਾ ਬਾਬਾ ਹੀ ਹੁੰਦਾ ਹੈ।
ਨੇਤਾਵਾਂ ਤੋਂ ਬਗ਼ੈਰ ਡੇਰੇ ਵਾਲਿਆਂ ਦਾ ਨਹੀਂ ਸਰਦਾ ਤੇ ਡੇਰੇ ਵਾਲੇ ਨੇਤਾਵਾਂ ਬਗ਼ੈਰ ਨਹੀਂ ਸਾਰ ਸਕਦੇ। ਹਰ ਨੇਤਾ ਹਰ ਪਾਰਟੀ ਫਿਰ ਵੀ ਕਹੀ ਜਾਣਗੇ ,”ਅਸੀਂ ਕਿਸੇ ਡੇਰੇ ਦੇ ਪੈਰੋਕਾਰ ਨਹੀਂ ਹਾਂ”। ਪੈਰੋਕਾਰ ਬਣ ਤੁਸਾਂ ਨੇ ਕੀ ਲੈਣਾ ਤੁਸੀਂ ਤਾਂ ਹਿੱਸੇਦਾਰ ਹੋ। ਡੇਰੇ ਪੰਜਾਬ ਦੀ ਰਾਜਨੀਤੀ ਨੂੰ ਹੱਦੋਂ ਵੱਧ ਪ੍ਰਭਾਵਿਤ ਕਰਦੇ ਹਨ। ਡੇਰੇ ਦੇ ਪੈਰੋਕਾਰ ਹਰ ਵਾਰ ਆਪਣੇ ਬਾਬੇ ਦੇ ਕਹਿਣ ‘ਤੇ ਵੋਟ ਪਾਉਣਗੇ ਤੇ ਕਹਿਣਗੇ,”ਸਾਨੂੰ ਬਾਬਾ ਜੀ ਨੇ ਕਿਹਾ ਹੈ, ਜਿਸਨੂੰ ਮਰਜ਼ੀ ਵੋਟ ਪਾਵੋ”।
ਵਿਦਿਆਰਥੀਆਂ ਨੂੰ ਹਰ ਵਾਰ ਵੋਟਰ ਪ੍ਰਣ ਕਰਾਇਆ ਜਾਵੇਗਾ,”ਮੈਂ ਪ੍ਰਣ ਕਰਦਾ ਹਾਂ ਕਿ ਮੈਂ ਬਗ਼ੈਰ ਕਿਸੇ ਧਰਮ,ਜਾਤੀ,ਵਰਗ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਵੋਟ ਦੇ ਹੱਕ ਦੀ ਵਰਤੋਂ ਕਰਾਂਗਾ/ ਕਰਾਂਗੀ”। ਪਤਾ ਸਭ ਨੂੰ ਹੈ ਕਿ ਵੋਟ ਦਾ ਇਸਤੇਮਾਲ ਧਰਮ ਜਾਤ ਜਾਂ ਕਿਸੇ ਡੇਰੇ ਦੇ ਪ੍ਰਭਾਵ ਅਧੀਨ ਹੀ ਹੋਣਾ ਹੈ। ਡੇਰੇ ਨੂੰ ਮੰਨਣ ਵਾਲੇ ਲੋਕ ਕਿਸੇ ਵੀ ਸੱਚੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ। ਅੱਗੋਂ ਕਹਿਣਗੇ,”ਸਾਡੀ ਜਿੱਥੇ ਲੱਗੀ ਹੈ,ਲੱਗੀ ਰਹਿਣ ਦੇ, ਲੋਕੀਂ ਕਹਿੰਦੇ ਠੱਗੀ ਏ ਤਾਂ ਠੱਗੀ ਰਹਿਣ ਦੇ”। ਉਹ ਬਹੁਤ ਬੇਹੂਦਾ ਤਰਕ ਦੇਣਗੇ ਕਿ ਸਾਡੇ ਸਾਹਮਣੇ ਤਾਂ ਕਦੇ ਕੁਝ ਗ਼ਲਤ ਨਹੀਂ ਵਾਪਰਿਆ। ਭਲੇ ਮਾਨਸੋ ਬਾਬਾ ਤੇ ਉਸ ਦੇ ਸਾਥੀ ਸਾਰਿਆਂ ਸਾਹਮਣੇ ਕੁਝ ਗ਼ਲਤ ਕਿਉਂ ਕਰਨਗੇ। ਇਹ ਤਾਂ ਪੜਦੇ ਦੀਆਂ ਗੱਲਾਂ ਨੇ, ਪੜਦੇ ਪਿੱਛੇ ਹੀ ਵਾਪਰਦੀਆਂ ਨੇ।
ਮੈਨੂੰ ਇਕ ਵਿਦਿਆਰਥੀ ਕਹਿੰਦਾ ਕਿਹੜਾ ਡੇਰਾ ਜ਼ਿਆਦਾ ਲੁੱਟ ਕਰਦਾ ਹੈ। ਮੈਂ ਕਿਹਾ,” ਸਾਰੇ ਇਕੋ ਜਿਹੇ ਹੀ ਹਨ, ਮੈਨੂੰ ਤਾਂ ਕੋਈ ਕਿਸੇ ਨਾਲੋਂ ਘੱਟ ਨਹੀਂ ਲੱਗਦਾ”।
ਅਸਲ ਵਿਚ ਇਕ ਵਾਰ ਕਿਸੇ ਨੇ ਇਕ ਤਸਵੀਰ ਬਣਾ ਕੇ ਸੋਸ਼ਲ ਮੀਡੀਆ ‘ਤੇ ਭੇਜੀ ਸੀ,ਜਿਸ ਵਿਚ ਉਸ ਨੇ ਕਿਸੇ ਡੇਰੇ ਜਾਂ ਧਾਰਮਿਕ ਅਸਥਾਨ ਅੰਦਰ ਜਾਣ ਵਾਲੇ ਲੋਕਾਂ ਦੀਆਂ,ਬਾਹਰ ਪਈਆਂ ਜੁੱਤੀਆਂ ਨੂੰ ਦਿਖਾਇਆ ਸੀ, ਜੁੱਤੀਆਂ ਦੇ ਨਾਲ ਹੀ ਉਨ੍ਹਾਂ ਲੋਕਾਂ ਦੇ ਦਿਮਾਗ ਪਏ ਹੋਏ ਸਨ। ਲੋਕ ਅੰਦਰ ਜਾਣ ਲੱਗੇ ਜੁੱਤੀਆਂ ਨਾਲ ਦਿਮਾਗ ਵੀ ਬਾਹਰ ਹੀ ਰੱਖ ਜਾਂਦੇ ਹਨ।
ਕਦੇ ਉਹ ਹੱਥ ਦੇ ਨਕਸ਼ੇ ‘ਚੋਂ ਕਿਸਮਤ ਦਾ ਨਗਰ ਭਾਲੇ,
ਕਦੇ ਉਹ ਪੱਥਰਾਂ ‘ਚੋਂ ਭਾਲਦਾ ਰਹਿੰਦਾ ਹੈ ਕਾਦਰ ਨੂੰ।
(ਡਾ.ਜਗਤਾਰ)
ਮੈਂ ਕਿਸੇ ਧਰਮ ਜਾਂ ਡੇਰੇ ਦੇ ਵਿਰੁੱਧ ਨਹੀਂ,ਪਰ ਤੁਹਾਨੂੰ ਜੁੱਤੀਆਂ ਨਾਲ ਦਿਮਾਗ ਬਾਹਰ ਨਹੀਂ ਰੱਖ ਕੇ ਜਾਣਾ ਚਾਹੀਦਾ। ਆਪਣੇ ਧਰਮ ਜਾਂ ਡੇਰੇ ਨੂੰ ਮੰਨੋ ਪਰ ਦਿਮਾਗ਼ ਤੇ ਅੱਖਾਂ ਖੁੱਲ੍ਹੀਆਂ ਰੱਖ ਕੇ ਮੰਨੋ। ਖ਼ੁਦਾ/ਗੁਰੂ ਤੋਂ ਬੇਖ਼ੌਫ਼ ਹੋ ਕੇ ਰਹੋ। ਬੇਖ਼ੌਫ਼ ਹੋ ਕੇ ਸਵਾਲ ਕਰਿਆ ਕਰੋ।
ਯੇ ਜੰਨਤ ਮੁਬਾਰਕ ਰਹੇ ਜ਼ਾਹਿਦੋਂ ਕੋ
ਕਿ ਮੈਂ ਆਪ ਕਾ ਸਾਮਨਾ ਚਾਹਤਾ ਹੂੰ
(ਇਕਬਾਲ)
ਨਰਿੰਦਰਜੀਤ ਸਿੰਘ ਬਰਾੜ
9815656601
