— ਅਹੁਦਾ ਸੰਭਾਲਣ ’ਤੇ ਦਿੱਤੀ ਵਧਾਈ —
ਫ਼ਰੀਦਕੋਟ 12 ਮਈ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਅਤੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਦੀ ਸਾਂਝੀ ਪ੍ਰਧਾਨਗੀ ਹੇਠ ਨਵ ਨਿਯੁਕਤ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਆਈ.ਏ.ਐੱਸ. ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਵਫ਼ਦ ਵਿੱਚ ਟਰੱਸਟ ਦੀ ਚੀਫ ਪੈਟਰਨ ਮੈਡਮ ਹੀਰਾਵਤੀ, ਚੇਅਰਮੈਨ ਡਾ. ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਸ: ਰਮੇਸ਼ ਕੁਮਾਰ, ਜਨਰਲ ਸਕੱਤਰ ਪ੍ਰੋ. ਮਲਕੀਤ ਸਿੰਘ ਮੰਮਨ, ਜੁਆਇੰਟ ਸਕੱਤਰ ਸ਼ਿਵ ਨਾਥ ਦਰਦੀ, ਪ੍ਰੈਸ ਸਕੱਤਰ ਕੇ.ਪੀ.ਐੱਸ. ਸਰਾਂ, ਮੁੱਖ ਸਲਾਹਕਾਰ ਸ੍ਰੀ ਕ੍ਰਿਸ਼ਨ ਆਰ.ਏ., ਸੀਨੀਅਰ ਮੈਂਬਰ ਗੋਬਿੰਦ ਕੁਮਾਰ ਸੁਪਰਡੈਂਟ ਅਤੇ ਨਿਰਮਲ ਸਿੰਘ ਸੰਧੂ ਬੈਂਕ ਮੈਨੇਜਰ ਆਦਿ ਸ਼ਾਮਲ ਸਨ। ਡਿਪਟੀ ਕਮਿਸ਼ਨਰ ਨਾਲ ਇਸ ਪਹਿਲੀ ਮੁਲਾਕਾਤ ਦੌਰਾਨ ਟਰੱਸਟ ਵੱਲੋਂ ਸ੍ਰੀ ਚਾਬਾ ਨੂੰ ਜਿਲ੍ਹੇ ਦੇ ਡੀ.ਸੀ. ਵਜੋਂ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਢੋਸੀਵਾਲ ਨੇ ਜਿਲ੍ਹੇ ਦੀ ਨਵੀਂ ਚੁਣੀ ਗਈ ਟਰੱਸਟ ਦੀ ਕਾਰਜਕਾਰਣੀ ਦੇ ਮੈਂਬਰਾਂ ਦੀ ਵਿਸਥਾਰ ਪੂਰਵਕ ਡੀ.ਸੀ. ਨਾਲ ਜਾਣ-ਪਛਾਣ ਕਰਵਾਈ। ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਵੀ ਡੀ.ਸੀ. ਨੂੰ ਸਰਸਰੀ ਜਾਣਕਾਰੀ ਦਿੱਤੀ ਗਈ। ਨਿਰਪੱਖ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨਾਲ ਕਰੀਬ ਵੀਹ ਮਿੰਟ ਚੱਲੀ ਇਹ ਮੁਲਾਕਾਤ ਬੇਹੱਦ ਸੁਖਾਵੇਂ ਮਾਹੌਲ ਵਿੱਚ ਹੋਈ। ਢੋਸੀਵਾਲ ਨੇ ਡੀ.ਸੀ. ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਮਾਜ ਸੇਵਾ ਦੇ ਸਾਰੇ ਕਾਰਜ ਟਰੱਸਟ ਮੈਂਬਰਾਂ ਅਤੇ ਹੋਰਨਾਂ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਦੀ ਸੰਸਥਾ ਵੱਲੋਂ ਬੀਤੇ ਸਮੇਂ ਵਿੱਚ ਕਦੇ ਵੀ ਕੋਈ ਸਰਕਾਰੀ ਸਹਾਇਤਾ ਨਹੀਂ ਲਈ ਗਈ ਹੈ। ਸੰਸਥਾ ਦਾ ਮੁੱਖ ਉਦੇਸ਼ ਲੋਕ ਸੇਵਾ ਹੀ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਆਈ.ਏ.ਐੱਸ. ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਬੜੀ ਗੰਭੀਰਤਾ ਅਤੇ ਦਿਲਚਸਪੀ ਨਾਲ ਸੁਣਿਆ। ਉਨ੍ਹਾਂ ਨੇ ਕਿਹਾ ਕਿ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਵਿੱਚ ਮਹੱਤਵ ਪੂਰਨ ਕੜੀ ਦਾ ਕੰਮ ਕਰਦੀਆਂ ਹਨ। ਅਜਿਹੀਆਂ ਸੰਸਥਾਵਾਂ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਬੇਹੱਦ ਸਹਾਈ ਸਾਬਤ ਹੁੰਦੀਆਂ ਹਨ। ਮੁਲਾਕਾਤ ਦੌਰਾਨ ਸ੍ਰੀ ਚਾਬਾ ਨੇ ਕਿਹਾ ਕਿ ਉਹ ਮਾਨਵਤਾ ਦੇ ਅਲੰਬਦਾਰ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੂਹ ਪਵਿੱਤਰ ਧਰਤੀ ’ਤੇ ਅਹੁਦਾ ਸੰਭਾਲਣ ’ਤੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਸ੍ਰੀ ਚਾਬਾ ਨੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਮਨ ਚੈਨ ਅਤੇ ਸ਼ਾਂਤੀ ਬਣਾਏ ਰੱਖਣ ਵਿੱਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮਾਜਿਕ ਬੁਰਾਈਆਂ, ਗੈਰ ਸਮਾਜੀ ਘਟਨਾਵਾਂ, ਨਸ਼ਿਆਂ ਅਤੇ ਹੋਰਨਾਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀਆਂ ਸਹੀ ਅਤੇ ਜਾਇਜ਼ ਸ਼ਿਕਾਇਤਾਂ ਸੰਬੰਧੀ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਦਫਤਰੀ ਟਾਇਮ ’ਚ ਨਿਸ਼ਚਤ ਸਮੇਂ ਲਈ ਬੇਝਿਜਕ ਹੋ ਕੇ ਮਿਲ ਸਕਦਾ ਹੈ।

