ਸਿਵਲ ਹਸਪਤਾਲ ਦੇ ਇੱਕ ਡਾਕਟਰ ਦੀ ਵੀਡੀਓ ਸੋਸ਼ਲ ਮੀਡਿਆ ਤੇ ਹੋਈ ਵਾਇਰਲ
ਸਰਕਾਰ ਦੀ ਕਾਰਵਾਈ ਸਿਰਫ਼ ਬਿਆਨਾਂ ਤੱਕ ਸੀਮਤ
ਬਠਿੰਡਾ, 22 ਮਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵਿਰੋਧੀਆਂ ਵੱਲੋਂ ਦਿੱਤਾ ਗਿਆ ” ਕਮੇਡੀ ਸਰਕਾਰ ‘ ਨਾਮ ਕਈ ਥਾਵਾਂ ਤੇ ਢੁਕਵਾਂ ਵੀ ਲਗਦਾ ਹੈ ਕਿਉਂ ਕਿ ਸਰਕਾਰ ਦੇ ਮੰਤਰੀਆਂ ਜਾਂ ਖੁਦ ਮੁੱਖ ਮੰਤਰੀ ਸਾਹਬ ਆਪਣੀ ਪੁਰਾਣੀ ਸਟੇਜੀ ਆਦਤ ਮੁਤਾਬਕ ਲੋਕਾਂ ਨੂੰ ਲੁਭਾਉਣ ਲਈ ਕਈ ਵਾਰ ਇਹੋ ਜਿਹੇ ਐਲਾਨ ਕਰ ਦਿੰਦੇ ਹਨ ਜਿਹੜੇ ਅਮਲੀ ਤੌਰ ਤੇ ਲਾਗੂ ਹੋਣਾ ਤਾਂ ਦੂਰ ਇਸਦੇ ਨੇੜੇ ਤੇੜੇ ਵੀ ਨਹੀਂ ਹੁੰਦੇ। ਜਿਵੇਂ ਕਿ ਕੁੱਝ ਮਹੀਨੇ ਪਹਿਲਾਂ ਪੰਜ਼ਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਹਰੇਕ ਸਰਕਾਰੀ ਹਸਪਤਾਲ ਅੰਦਰ ਮਰੀਜਾਂ ਨੂੰ ਹਰ ਦਵਾਈ ਮੁਫ਼ਤ ਮਿਲਿਆ ਕਰੇਗੀ, ਜੇਕਰ ਕਦੇ ਮਜ਼ਬੂਰੀ ਵੱਸ ਡਾਕਟਰ ਬਾਹਰ ਤੋਂ ਦਵਾਈ ਮੰਗਵਾਉਂਦਾ ਹੈ ਤਾਂ ਉਹ (ਡਾਕਟਰ) ਦਵਾਈ ਖੁਦ ਲਿਆ ਕੇ ਮਰੀਜ਼ ਨੂੰ ਦੇਵੇਗਾ। ਸਿਰਫ਼ ਇਹੀ ਨਹੀਂ ਮਰੀਜ਼ ਦੀ ਬਿਮਾਰੀ ਨਾਲ ਸਬੰਧਤ ਸਾਰੇ ਟੈਸਟ ਵੀ ਮੁਫਤ ਜਾਂ ਬਹੁਤ ਹੀ ਘੱਟ ਰੇਟ ਤੇ ਅੰਦਰੋਂ ਹੀ ਹੋਇਆ ਕਰਨਗੇ। ਸਰਕਾਰ ਦੇ ਅੰਦਰੋਂ ਮਿਲਣ ਵਾਲੀਆਂ ਮੁਫਤ ਦਵਾਈਆਂ ਬਾਰੇ ਪੋਲ ਤਾਂ ਕਾਫੀ ਸਮਾਂ ਪਹਿਲਾਂ ਹੀ ਖੁੱਲ ਗਈ ਸੀ,ਕਿਉਂਕਿ ਮਰੀਜ਼ਾਂ ਨੂੰ ਲਿਖੀਆਂ ਗਈਆਂ ਦਵਾਈਆਂ ਵਿੱਚੋਂ ਕਰੀਬ 80% ਦਵਾਈਆਂ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਮੁੱਲ ਤੇ ਖਰੀਦਣੀ ਪੈਂਦੀਆਂ ਹਨ। ਪਰ ਹੁਣ ਇਥੋਂ ਦੇ ਸਰਕਾਰੀ ਹਸਪਤਾਲ ਦੇ ਕਈ ਡਾਕਟਰਾਂ ਵੱਲੋਂ ਬਾਹਰਲੀਆਂ ਪ੍ਰਾਈਵੇਟ ਲੈਬਾਂ ਅਤੇ ਟੈਸਟ ਸੈਂਟਰਾਂ ਨਾਲ ਮਿਲ ਕੇ ਮਰੀਜ਼ਾਂ ਦੀ ਖੁੱਲੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹਨੀਂ ਦਿਨੀ ਸੋ਼ਸਲ ਮੀਡੀਆ ਤੇ ਸਿਵਲ ਹਸਪਤਾਲ ਬਠਿੰਡਾ ਦੇ ਇੱਕ ਡਾਕਟਰ ਰਾਜਬਿੰਦਰ ਸਿੰਘ ਦੀ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸਤੋਂ ਇਹ ਸਾਬਿਤ ਹੁੰਦਾ ਹੈ ਕਿ ਕਿਵੇਂ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰ ਲੋੜਵੰਦ ਗਰੀਬ ਮਰੀਜਾ ਦੀ ਬਾਹਰਲੇ ਪ੍ਰਾਈਵੇਟ ਸਕੈਨ ਹਸਪਤਾਲਾ ਨਾਲ ਮਿਲਕੇ ਰੱਜਵੀਂ ਲੁੱਟ ਕਰਦੇ ਹਨ। ਇਸ ਗੰਭੀਰ ਮਸਲੇ ਨੂੰ ਉਠਾਇਆ ਹੈ ਸ਼ਹਿਰ ਦੇ ਇੱਕ ਪ੍ਰਮੁੱਖ ਸਮਾਜਸੇਵੀ ਸੋਨੂੰ ਮਹੇਸ਼ਵਰੀ ਨੇ। ਜਿਸ ਨਾਲ ਮੌਜੂਦਾ ਪੰਜਾਬ ਸਰਕਾਰ ਦੇ ਉਹ ਵਾਅਦੇ ਤੇ ਦਾਅਵੇ ਝੂਠੇ ਸਾਬਤ ਹੁੰਦੇ ਹਨ, ਜਿਨ੍ਹਾਂ ਰਾਹੀਂ ਪੰਜਾਬ ਵਿੱਚ ਮਰੀਜਾ਼ ਦਾ ਇਲਾਜ ਬਿਲਕੁਲ ਮੁਫ਼ਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਹਸਪਤਾਲ ਵਿੱਚ ਇਲਾਜ ਕਰਾਉਣ ਆਏ ਮਰੀਜ ਦੇ ਲਿਖਤੀ ਤਸਦੀਕਸੁਦਾ ਬਿਆਨ ਦੇ ਅਧਾਰ ਤੇ ਸਮਾਜਸੇਵੀ ਸੋਨੂੰ ਮਹੇਸ਼ਵਰੀ ਨੇ ਸਾਡੇ ਬਠਿੰਡਾ ਸਥਿਤ ਪੱਤਰਕਾਰ ਨੂੰ ਦੱਸਿਆ ਕਿ ਬੀਤੇ ਦਿਨੀਂ ਇੱਕ ਔਰਤ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਦੇ ਐਮ. ਬੀ. ਬੀ. ਐਸ. ( ਐਮਡੀ ) ਡਾਕਟਰ ਰਾਜਬਿੰਦਰ ਸਿੰਘ ਕੋਲ ਆਈ। ਜਿਸਤੇ ਡਾਕਟਰ ਨੇ ਉਸ ਔਰਤ ਦੇ ਪੇਟ ‘ਚ ਪਿੱਤੇ ਵਿੱਚ ਪੱਥਰੀ ਹੋਣ ਦੀ ਗੱਲ ਕਹੀ। ਇਹ ਵਾਇਰਲ ਹੋਈ ਵੀਡੀਓ ਤੋਂ ਹੀ ਅਸਲ ਕਹਾਣੀ ਦਾ ਮੁੱਢ ਸੁ਼ਰੂ ਹੁੰਦਾ ਹੈ। ਸਰਕਾਰੀ ਡਾਕਟਰ ਰਾਜਬਿੰਦਰ ਸਿੰਘ ਨੇ ਉਕਤ ਮਰੀਜ਼ ਔਰਤ ਨੂੰ ਬਾਹਰੋ ਭੱਟੀ ਰੋਡ ਤੋਂ ਸਿਟੀ ਸਕੈਨ ਕਰਵਾਕੇ ਲਿਆਉਣ ਦੀ ਸਿਫਾਰਿਸ਼ ਕੀਤੀ ਪਰ ਮਰੀਜ਼ ਔਰਤ ਗਲਤੀ ਨਾਲ ਭੱਟੀ ਰੋਡ ਤੋਂ ਡਾਕਟਰ ਵੱਲੋਂ ਦੱਸੇ ਸਕੈਨ ਸੈਂਟਰ ਦੀ ਬਜਾਏ ਕਿਸੇ ਹੋਰ ਸੈਂਟਰ ਤੋਂ ਕਰਵਾਕੇ ਜਦ ਡਾਕਟਰ ਨੂੰ ਜਾਕੇ ਦਿਖਾਇਆ ਤਾਂ ਉਸ ਸਕੈਨ ਨੂੰ ਡਾਕਟਰ ਨੇ ਗਲਤ ਦੱਸਦਿਆ ਦੇਵ ਸਕੈਨ ਸੈਂਟਰ ਭੱਟੀ ਰੋਡ ਤੋਂ ਕਰਵਾਕੇ ਲਿਆਉਣ ਦੀ ਹੀ ਹਦਾਇਤ ਕੀਤੀ ਜਦਕਿ ਇਹ ਟੈਸਟ ਸਰਕਾਰੀ ਹਸਪਤਾਲ ਵਿੱਚੋਂ ਹੁੰਦੇ ਹਨ। ਸਮਾਜਸੇਵੀ ਸੋਨੂੰ ਮਹੇਸ਼ਵਰੀ ਵਲੋਂ ਜਦ ਦੇਵ ਸਕੈਨ ਸੈਂਟਰ ਦੀ ਜਾਣਕਾਰੀ ਲਈ ਗਈ ਤਾਂ ਇਹ ਸੈਂਟਰ ਡਾਕਟਰ ਰਾਜਬਿੰਦਰ ਸਿੰਘ ਦੀ ਪਤਨੀ ਦਾ ਨਿਕਲਿਆ, ਜੋ ਆਪਦੇ ਕੁੱਝ ਮੁਨਾਫੇ਼ ਲਈ ਗਰੀਬ ਮਰੀਜਾ ਦੀ ਖੱਜਲ – ਖੁਆਰੀ ਦੇ ਨਾਲ – ਨਾਲ ਉਨ੍ਹਾਂ ਦੀ ਲੁੱਟ ਕਰਦੇ ਹਨ। ਇਸ ਸਬੰਧੀ ਜਦ ਡਾਕਟਰ ਰਾਜਬਿੰਦਰ ਸਿੰਘ ਨਾਲ ਸਿਵਲ ਹਸਪਤਾਲ ਵਿਖੇ ਉਸਦਾ ਪੱਖ ਲੈਣ ਲਈ ਗਏ ਤਾਂ ਇਸ ਸਭ ਕੁੱਝ ਤੋਂ ਆਪਣਾ ਪੱਲਾ ਝਾੜਦਿਆ ਸੀਮਤ ਸ਼ਬਦਾ ਚ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ, ਏਥੋਂ ਤੱਕ ਕਿ ਮਰੀਜ਼ ਦੀ ਪਰਚੀ ਤੇ ਆਪਦੇ ਹੱਥੀ ਲਿਖੀ ਲਿਖਤ ਨੂੰ ਵੀ ਪਛਾਨਣੋ ਕੋਰਾ ਜਵਾਬ ਦੇ ਦਿਤਾ। ਇਸ ਘਪਲੇ ਦੀ ਸਮਾਜਸੇਵੀ ਸੋਨੂੰ ਤੇ ਮਰੀਜ ਔਰਤ ਦੇ ਵਾਰਿਸਾ ਨੇ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਉੱਚ ਅਧਿਕਾਰੀਆ ਪਾਸੋ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੈਂਟਰ ‘ਚ ਸਿਵਲ ਹਸਪਤਾਲ ਬਠਿੰਡਾ ਤੋਂ ਰੈਫਰ ਕੀਤੇ ਮਰੀਜਾ ਦੀ ਹੁਣ ਤੱਕ ਦੀ ਕੁੱਲ ਗਿਣਤੀ ਦੀ ਛਾਣਬੀਣ ਕਰਕੇ ਇਸ ਸੈਂਟਰ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਅਤੇ ਨਾਲ ਹੀ ਇਸ ਡਾਕਟਰ ਦੇ ਨਾਲ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਰੂਪ ਚ ਬੈਠੇ ਲੁਟੇਰਿਆਂ ਖ਼ਿਲਾਫ਼ ਮਿਸਾਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਤਾਂ ਜੋ ਗਰੀਬ ਜਰੂਰਤਮੰਦ ਮਰੀਜਾ਼ ਦੀ ਹੁੰਦੀ ਲੁੱਟ ਨੂੰ ਠੱਲ ਪੈ ਸਕੇ। ਨੀ

