ਲੁਧਿਆਣਾ 30 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਪੰਜਾਬ ਐਗਰੀ ਇਨਕੁਬੇਸ਼ਨ ਸੈਂਟਰ (ਪਾਬੀ) ਨਾਲ ਜੁੜ ਕੇ ਖੇਤੀ ਉੱਦਮ ਅਤੇ ਕਾਰੋਬਾਰ ਦੀ ਸਿਖਲਾਈ ਲੈਣ ਵਾਲੇ ਅਦਾਰੇ ਕਰਾਸਟੇ ਨੂੰ ਜੈਵਿਕ ਰਹਿੰਦ-ਖੂੰਹਦ ਦੀ ਸੰਭਾਲ ਲਈ ਅਮਰੀਕਾ ਦਾ ਪੇਟੈਂਟ ਹਾਸਲ ਹੋਇਆ ਹੈ| ਕਰਾਸਟੇ ਨਵਿਆਉਣਯੋਗ ਊਰਜਾ ਅਤੇ ਫਸਲੀ ਰਹਿੰਦ-ਖੂੰਹਦ ਨੂੰ ਉਦਯੋਗਿਕ ਸਮੱਗਰੀ ਵਜੋਂ ਇਸਤੇਮਾਲ ਕਰਨ ਲਈ ਕਾਰਜ ਕਰਦਾ ਰਿਹਾ ਹੈ| ਉਸਨੇ ਖੇਤੀ ਵਿੱਚੋਂ ਪੈਦਾ ਹੋਏ ਜੈਵਿਕ ਮਾਦੇ ਤੋਂ ਪਲਪਿੰਗ, ਬਾਇਓਰੀਫਾਈਨਰੀ, ਪੈਕਜਿੰਗ ਅਤੇ ਉਦਯੋਗਿਕ ਵਰਤੋਂ ਦੇ ਉਤਪਾਦ ਬਣਾਏ ਹਨ| ਇਸੇ ਅਦਾਰੇ ਦੀ ਇਕ ਅਹਿਮ ਖੋਜ ਦੇ ਤੌਰ ਤੇ ਉੁਹਨਾਂ ਨੇ ਰੀਸਾਇਕਲਿੰਗ ਤਰੀਕੇ ਨਾਲ ਸੀ-5 ਸ਼ੂਗਰਜ਼ ਅਤੇ ਪਲਪ ਦੇ ਉੱਚ ਪੱਧਰੀ ਲਿਗਨਿਗ ਦੀ ਖੋਜ ਕੀਤੀ ਹੈ| ਇਸ ਪ੍ਰਕਿਰਿਆ ਨਾਲ ਉਦਯੋਗਿਕ ਸਮੱਗਰੀ ਨੂੰ ਫਸਲੀ ਰਹਿੰਦ-ਖੂੰਹਦ ਤੋਂ ਵਧੇਰੇ ਯੋਗ ਅਤੇ ਭਰਪੂਰ ਮਾਦੇ ਵਿਚ ਬਦਲਣ ਦਾ ਵਿਕਲਪ ਸਾਹਮਣੇ ਆਇਆ ਹੈ| ਪੰਜਾਬ ਅਤੇ ਹੋਰ ਖੇਤੀ ਖੇਤਰਾਂ ਲਈ ਇਹ ਤਕਨੀਕ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੌਮਾਂਤਰੀ ਪੇਟੈਂਟ ਹਾਸਲ ਗਰਨ ਲਈ ਕਰਾਸਟੇ ਨੂੰ ਵਧਾਈ ਦਿੱਤੀ ਨਾਲ ਹੀ ਉਹਨਾਂ ਨੇ ਪਾਬੀ ਦੇ ਕਾਮਿਆਂ ਵੱਲੋਂ ਕੀਤੇ ਜਾਂਦੇ ਅਣਥੱਕ ਕਾਰਜ ਦੀ ਸ਼ਲਾਘਾ ਵੀ ਕੀਤੀ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਰਾਸਟੇ ਵੱਲੋਂ ਖੋਜੀ ਗਈ ਇਹ ਵਿਧੀ ਪੰਜਾਬ ਦੀ ਫਸਲੀ ਰਹਿੰਦ-ਖੂੰਹਦ ਸੰਭਾਲ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡਾ ਉੱਦਮ ਸਾਬਤ ਹੋਵੇਗੀ| ਉਹਨਾਂ ਹੋਰ ਕਿਸਾਨਾਂ ਨੂੰ ਵੀ ਪੀ.ਏ.ਯੂ. ਨਾਲ ਜੁੜ ਕੇ ਖੇਤੀ ਕਾਰੋਬਾਰ ਦੀ ਸਿਖਲਾਈ ਹਾਸਲ ਕਰਨ ਲਈ ਪ੍ਰੇਰਿਤ ਕੀਤਾ|
ਪਾਬੀ ਦੇ ਮੁੱਖ ਨਿਗਰਾਨ ਅਤੇ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਪ੍ਰਾਪਤੀ ਨੂੰ ਪੀ.ਏ.ਯੂ. ਦੇ ਖੇਤੀ ਉੱਦਮ ਸਿਖਲਾਈ ਢਾਂਚੇ ਲਈ ਬੜੀ ਮਾਣ ਵਾਲੀ ਘਟਨਾ ਕਿਹਾ|
ਪਾਬੀ ਦੇ ਸਹਿ-ਨਿਗਰਾਨ ਡਾ. ਪੂਨਮ ਸਚਦੇਵ ਨੇ ਵੀ ਕਰਾਸਟੇ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

