
ਲੁਧਿਆਣਾ 2 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਚ ਭੋਜਨ ਅਤੇ ਖੇਤੀਬਾੜੀ ਵਿਭਾਗ ਦੇ ਭਾਰਤੀ ਸਟੈਂਡਰਡਜ਼ ਬਿਊਰੋ ਦੀ ਦੂਸਰੀ ਕਮੇਟੀ ਮੀਟਿੰਗ ਦੋ ਦਿਨਾਂ ਲਈ ਕਰਵਾਈ ਗਈ| ਇਸ ਮੀਟਿੰਗ ਦਾ ਮੁੱਖ ਮੰਤਵ ਪਰਾਲੀ ਦੀ ਸੰਭਾਲ ਦੇ ਨਾਲ-ਨਾਲ ਕਣਕ ਦੀ ਬਿਜਾਈ ਵਾਲੀ ਮਸ਼ੀਨਰੀ ਦੀ ਪਰਖ ਅਤੇ ਮਾਨਕਤਾ ਨਿਰਧਾਰਤ ਕਰਨਾ ਸੀ| ਇਸ ਵਿਚ ਬਿਊਰੋ ਦੇ ਮੈਂਬਰ ਸਕੱਤਰ ਇੰਜ: ਵਿਕਰਾਂਤ ਚੌਹਾਨ, ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਸ਼ਾਮਿਲ ਹੋਏ| ਵਾਈਸ ਚਾਂਸਲਰ ਡਾ. ਗੋਸਲ ਨੇ ਪੰਜਾਬ ਅਤੇ ਭਾਰਤ ਦੀ ਖੇਤੀ ਮਸ਼ੀਨਰੀ ਦੇ ਵਿਕਾਸ ਵਿਚ ਪੀ.ਏ.ਯੂ. ਦੇ ਯੋਗਦਾਨ ਬਾਰੇ ਗੱਲ ਕਰਦਿਆਂ ਪੰਜਾਬ ਦੇ ਅਨਾਜ ਉਤਪਾਦਨ ਅਤੇ ਸਮੇਂ ਸਿਰ ਫਸਲ ਸੰਭਾਲ ਦੇ ਖੇਤਰ ਵਿਚ ਇਸ ਮਸ਼ੀਨਰੀ ਦੇ ਮਹੱਤਵ ਨੂੰ ਨਿਰਧਾਰਤ ਕੀਤਾ| ਉਹਨਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਉਪਲੱਬਧ ਵਿਕਸਿਤ ਖੇਤੀ ਮਸ਼ੀਨਰੀ ਵਿੱਚੋਂ ਅੱਧਿਓ ਬਹੁਤੀ ਯੂਨੀਵਰਸਿਟੀ ਦੇ ਖੇਤੀ ਇੰਜਨੀਅਰਿੰਗ ਕਾਲਜ ਵੱਲੋਂ ਵਿਕਸਿਤ ਕੀਤੀ ਗਈ ਹੈ|
ਇਸ ਕਮੇਟੀ ਮੀਟਿੰਗ ਦਾ ਸੰਚਾਲਨ ਖੇਤੀ ਮਸ਼ੀਨਰੀ ਨਿਰਮਾਤਾ ਐਸੋਸੀਏਸ਼ਨ ਦੇ ਤਕਨੀਕੀ ਸਲਾਹਕਾਰ ਡਾ. ਸੁਰਿੰਦਰ ਸਿੰਘ ਨੇ ਕੀਤਾ| ਇਸ ਵਿਚ ਸ਼੍ਰੀ ਵਿਕਰਾਂਤ ਚੌਹਾਨ, ਡਾ. ਮਹੇਸ਼ ਕੁਮਾਰ ਨਾਰੰਗ, ਡਾ. ਅਨੂਪ ਕੁਮਾਰ ਦੀਕਸ਼ਤ, ਡਾ. ਮਨਪ੍ਰੀਤ ਸਿੰਘ, ਡਾ. ਰਾਜੇਸ਼ ਗੋਇਲ, ਡਾ. ਅਪੂਰਵ ਪ੍ਰਕਾਸ਼ ਅਤੇ ਇੰਜ: ਅਰਸ਼ਦੀਪ ਸਿੰਘ ਦੇ ਨਾਲ ਡਾ. ਅਜੇ ਸ਼ਰਮਾ ਨੇ ਭਾਗ ਲਿਆ| ਇਸ ਮੌਕੇ ਉੱਘੇ ਮਸ਼ੀਨਰੀ ਨਿਰਮਾਤਾ ਜਿਵੇਂ ਕੰਬੋਜ ਮਕੈਨੀਕਲ ਵਰਕਸ, ਰਮਦਾਸ ਅਤੇ ਮੈਸ. ਦਸ਼ਮੇਸ਼ ਮਕੈਨੀਕਲ ਵਰਕਸ ਪ੍ਰਾਈਵੇਟ ਲਿਮਿਟਡ ਅਮਰਗੜ੍ਹ ਨੇ ਵੀ ਭਾਗ ਲਿਆ| ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਬਦਲਦੀਆਂ ਖੇਤੀ ਲੋੜਾਂ ਵਿਚ ਬਦਲ ਰਹੀ ਮਸ਼ੀਨਰੀ ਅਤੇ ਇਸਦੇ ਸਰੂਪ ਬਾਰੇ ਕਾਲਜ ਵੱਲੋਂ ਕੀਤੀ ਜਾ ਰਹੀ ਖੋਜ ਉੱਪਰ ਚਾਨਣਾ ਪਾਇਆ|
ਕਮੇਟੀ ਮੀਟਿੰਗ ਦੇ ਦੂਜੇ ਦਿਨ ਪੰਜਾਬ ਰਾਜ ਦੇ ਉੱਘੇ ਖੇਤੀ ਮਸ਼ੀਨਰੀ ਨਿਰਮਾਤਾ ਮੀਟਿੰਗ ਵਿਚ ਸ਼ਾਮਿਲ ਹੋਏ| ਇਹਨਾਂ ਵਿਚ ਸ਼੍ਰੀ ਬਲਦੇਵ ਸਿੰਘ ਹੂੰਝਣ ਅਤੇ ਸ਼੍ਰੀ ਬਲਦੇਵ ਸਿੰਘ ਅਮਰ ਪ੍ਰਮੁੱਖ ਹਨ| ਪੰਜਾਬ ਰਾਜ ਖੇਤੀ ਔਜ਼ਾਰ ਨਿਰਮਾਤਾ ਐਸੋਸੀਏਸ਼ਨ ਵੱਲੋਂ ਮਸ਼ੀਨਰੀ ਨਾਲ ਸੰਬੰਧਿਤ ਮਸਲਿਆਂ ਬਾਰੇ ਖੁੱਭ ਕੇ ਵਿਚਾਰ-ਚਰਚਾ ਕੀਤੀ ਗਈ| ਡਾ. ਸੁਰਿੰਦਰ ਸਿੰਘ ਨੇ ਇਸ ਮੀਟਿੰਗ ਲਈ ਮੰਚ ਮੁਹੱਈਆ ਕਰਨ ਵਾਸਤੇ ਪੀ.ਏ.ਯੂ. ਦਾ ਧੰਨਵਾਦ ਕੀਤਾ|

