ਰਾਮਪੁਰ 12 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਲਈ ਬੜਾ ਸੁਭਾਗਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਪੰਜਾਬੀ ਦੇ ਸਿਰਮੌਰ ਗੀਤਕਾਰ ਸਵ. ਸੁਰਜੀਤ ਰਾਮਪੁਰੀ ਜੀ ਦੀ ਜਨਮ ਸ਼ਤਾਬਦੀ ਦਾ ਦਿਨ ਹੈ। ਉਨ੍ਹਾਂ ਦਾ ਜਨਮ 12 ਜੂਨ, 1926 ਨੂੰ ਹੋਇਆ ਸੀ। ਸੁਰਜੀਤ ਰਾਮਪੁਰੀ ’ਤੇ ਰਾਮਪੁਰ ਪਿੰਡ ਵਾਲ਼ਿਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਜਗਤ ਨੂੰ ਫ਼ਖ਼ਰ ਹੈ। ਸੁਰਜੀਤ ਰਾਮਪੁਰੀ ਜੀ ਨੇ ਕਵਿਤਾਵਾਂ ਵੀ ਲਿਖੀਆਂ, ਗ਼ਜ਼ਲਾਂ ਵੀ, ਗੀਤ ਵੀ ਪਰ ਵਿਸ਼ੇਸ਼ ਰੂਪ ਵਿਚ ਗੀਤਕਾਰ ਵਜੋਂ ਆਪ ਨੂੰ ਵੱਡੀ ਪ੍ਰਸਿੱਧੀ ਹਾਸਲ ਹੋਇਆ। ਉਨ੍ਹਾਂ ਦੇ ਬਹੁਤ ਸਾਰੇ ਗੀਤ ਲੋਕਾਂ ਦੀ ਜ਼ੁਬਾਨ ’ਤੇ ਹਨ। ‘ਠਰੀ ਚਾਨਣੀ’ ਗੀਤ ਨੇ ਸਾਹਿਤਕ ਹਲਕਿਆਂ ਵਿਚ ਵੱਡਾ ਤਹਿਲਕਾ ਮਚਾ ਦਿੱਤਾ ਸੀ। 1958 ਵਿਚ ਜਦੋਂ ਸੁਰਜੀਤ ਰਾਮਪੁਰੀ ਜੀ ਨੇ ਜਲੰਧਰ ਵਿਖੇ ਪੰਜਾਬੀ ਕਾਨਫ਼ਰੰਸ ਵਿਚ ਇਹ ਗੀਤ ਪੜ੍ਹਿਆ ਸੀ ਤਾਂ ਹਾਜ਼ਰ ਸਾਹਿਤਕਾਰ ਅਸ਼-ਅਸ਼ ਕਰ ਉੱਠੇ ਸਨ। ਪੰਜਾਬੀ ਦੇ ਵੱਡੇ ਨਾਵਲਕਾਰ ਸ਼੍ਰੀ ਰਾਮ ਸਰੂਪ ਅਣਖੀ ਜੀ ਨੇ ਇਕ ਪੈਂਫ਼ਲਿਟ ਵਿਚ ਇਹ ਬਕਾਇਦਾ ਲਿਖਿਆ ਸੀ ਕਿ ‘ਠਰੀ ਚਾਨਣੀ’ ਵਰਗਾ ਕਲਾਸੀਕਲ ਗੀਤ ਇਸ ਤੋਂ ਪਹਿਲਾਂ ਪੰਜਾਬੀ ਸਾਹਿਤ ਵਿਚ ਆਇਆ ਨਾ ਸੀ। ਸੁਰਜੀਤ ਰਾਮਪੁਰੀ ਜੀ ਇਕ ਲਹਿਰ ਦਾ ਨਾਂ ਸੀ। ਸੁਰਜੀਤ ਰਾਮਪੁਰੀ ਜੀ ਨੂੰ ਅਦਬੀ ਲੋਕ ਹਮੇਸ਼ਾ ਯਾਦ ਕਰਦੇ ਹਨ ਅਤੇ ਕਰਦੇ ਰਹਿਣਗੇ। ਸੁਰਜੀਤ ਰਾਮਪੁਰੀ ਜੀ ਦੀ ਇਕ ਵਿਸ਼ੇਸ਼ ਦੇਣ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਸਥਾਪਨਾ ਕਰਨੀ ਹੈ। ਰਾਮਪੁਰ ਦੇ ਅਤੇ ਇਲਾਕੇ ਦੇ ਸਾਹਿਤਕਾਰ 1953 ਤੋਂ ਪਹਿਲਾਂ ਲੁਧਿਆਣਾ ਸ਼ਹਿਰ ਵਿਚ ਸਾਹਿਤ ਮੀਟਿੰਗ ਵਿਚ ਜਾ ਕੇ ਆਪਣੀਆਂ ਰਚਨਾਵਾਂ ਪੜ੍ਹਦੇ ਸਨ। ਸੁਰਜੀਤ ਰਾਮਪੁਰੀ ਜੀ ਦੇ ਮਨ ਵਿਚ ਫੁਰਨਾ ਫੁਰਿਆ ਕਿਉਂ ਨਾ ਇਕ ਲਿਖਾਰੀ ਸਭਾ ਰਾਮਪੁਰ ਵਿਚ ਹੀ ਸਥਾਪਿਤ ਕੀਤੀ ਜਾਵੇ। ਸੋ ਸੁਰਜੀਤ ਰਾਮਪੁਰੀ ਜੀ ਨੇ ਆਪਣੇ ਸਾਹਿਤਕਾਰ ਸਾਥੀਆਂ ਨਾਲ ਸਭਾ ਬਣਾਉਣ ਦਾ ਮਸ਼ਵਰਾ ਪੇਸ਼ ਕੀਤਾ। ਸਭ ਨੇ ਸਭਾ ਬਣਾਉਣ ਦੀ ਹਾਮੀ ਭਰੀ। ਇਸੇ ਤਹਿਤ 7ਅਗਸਤ 1953 ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਸਥਾਪਿਤ ਹੋਈ। ਪੰਜਾਬੀ ਲਿਖਾਰੀ ਸਭਾ ਰਾਮਪੁਰ ਪੰਜਾਬ ਦੀ ਪਹਿਲੀ ਪੇਂਡੂ ਸਾਹਿਤ ਸਭਾ ਹੈ। ਅੱਜ ਇਸ ਸਭਾ ਦਾ ਦੇਸ਼ਾਂ ਵਿਦੇਸ਼ਾਂ ਵਿਚ ਨਾਂ ਹੈ। ਇਸ ਸਭਾ ਨੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਲਗਾਤਾਰ ਆਪਣਾ ਯੋਗਦਾਨ ਪਾ ਰਹੀ ਹੈ। ਇਸ ਸਭਾ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਰਾਮਪੁਰ ਸਭਾ ਦੀ ਲਾਇਬ੍ਰੇਰੀ ਵਿਚ ਹੁੰਦੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੌਜੂਦਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਸੁਰਜੀਤ ਰਾਮਪੁਰੀ ਦੀ ਜਨਮ ਸ਼ਤਾਬਦੀ ਪ੍ਰੋਗਰਾਮ ਪਿੰਡ ਰਾਮਪੁਰ ਵਿਚ ਬੜੇ ਵਿਸ਼ਾਲ ਰੂਪ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਸਾਂਝੇ ਰੂਪ ਵਿਚ ਕਰਿਆ ਜਾਵੇਗਾ। ਇਸ ਪ੍ਰੋਗਰਾਮ ਦੀ ਤਰੀਕ ਅਤੇ ਰੂਪ-ਰੇਖਾ ਐਲਾਨ ਜਲਦ ਹੀ ਸਾਂਝਾ ਕਰਿਆ ਜਾਵੇਗਾ। ਅੱਜ ਜਨਮ ਸ਼ਤਾਬਦੀ ਦੇ ਮੌਕੇ ਉੱਤੇ ਸ੍ਰੀ ਸੁਰਜੀਤ ਰਾਮਪੁਰੀ ਜੀ ਦਾ ਪੋਸਟਰ ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਕੇ. ਸਾਧੂ ਸਿੰਘ ਅਤੇ ਅਮਰਿੰਦਰ ਸੋਹਲ ਆਦਿ ਨੇ ਰੀਲੀਜ਼ ਕਰਿਆ।

