ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੋਗਾ-ਕੋਟਕਪੂਰਾ ਰੋਡ ‘ਤੇ ਪਿੰਡ ਪੰਜਗਰਾਈ ਕਲਾਂ ਨੇੜੇ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਆਧੁਨਿਕ ਸਿੱਖਿਆ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਅਗੇਤਰ ਰਿਹਾ ਹੈ। ਇਸੇ ਕੜੀ ਤਹਿਤ ਸਕੂਲ ਵੱਲੋਂ “ਨੋ ਸਕੂਲ ਬੈਗ-ਨੋ ਹੋਮਵਰਕ” ਸੰਕਲਪ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਤਣਾਅ-ਮੁਕਤ, ਦਿਲਚਸਪ ਅਤੇ ਗਤੀਵਿਧੀ-ਆਧਾਰਿਤ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਚੇਅਰਪਰਸਨ ਰਕਸ਼ੰਦਾ ਸ਼ਰਮਾ ਨੇ ਦੱਸਿਆ ਕਿ ਇਸ ਨਵੀਂ ਪਹਲ ਤਹਿਤ ਵਿਦਿਆਰਥੀਆਂ ਨੂੰ ਭਾਰੀ ਸਕੂਲ ਬੈਗ ਅਤੇ ਰੋਜ਼ਾਨਾ ਦੇ ਹੋਮਵਰਕ ਦੇ ਦਬਾਅ ਤੋਂ ਰਾਹਤ ਦਿੱਤੀ ਜਾ ਰਹੀ ਹੈ। ਸਕੂਲ ਵਿੱਚ ਬੱਚਿਆਂ ਨੂੰ ਐਕਟੀਵਿਟੀ-ਬੇਸਡ ਲਰਨਿੰਗ, ਪ੍ਰੈਕਟੀਕਲ ਗਿਆਨ, ਗਰੁੱਪ ਗਤੀਵਿਧੀਆਂ, ਖੇਡਾਂ ਅਤੇ ਰਚਨਾਤਮਕ ਪ੍ਰੋਗਰਾਮਾਂ ਰਾਹੀਂ ਸਿੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਹ ਖੁਸ਼ੀ ਅਤੇ ਦਿਲਚਸਪੀ ਨਾਲ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ, ਸੋਚਣ-ਸਮਝਣ ਦੀ ਸਮਰੱਥਾ ਅਤੇ ਜੀਵਨ ਕੌਸ਼ਲਾਂ ਦਾ ਵਿਕਾਸ ਕਰਨਾ ਵੀ ਹੈ। “ਨੋ ਸਕੂਲ ਬੈਗ-ਨੋ ਹੋਮਵਰਕ” ਸੰਕਲਪ ਰਾਹੀਂ ਬੱਚਿਆਂ ਨੂੰ ਤਣਾਅ-ਰਹਿਤ ਮਾਹੌਲ ਵਿੱਚ ਸਿੱਖਣ ਅਤੇ ਆਪਣੇ ਬਚਪਨ ਦਾ ਪੂਰਾ ਆਨੰਦ ਮਾਣਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਆਪਣੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਇੱਕ ਖੁਸ਼ਗਵਾਰ, ਸੁਰੱਖਿਅਤ ਅਤੇ ਪ੍ਰੇਰਣਾਦਾਇਕ ਮਾਹੌਲ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਸ ਨਵੀਂ ਪਹਲ ਨੂੰ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

