ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਹਤਮੰਦ ਜੀਵਨ ਸ਼ੈਲੀ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 20 ਜੂਨ 2026 ਨੂੰ ਸਵੇਰੇ 7:00 ਵਜੇ ਤੋਂ 8:00 ਵਜੇ ਤੱਕ ਇੱਕ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਚੇਅਰਪਰਸਨ ਰੱਖਸ਼ੰਦਾ ਸ਼ਰਮਾ ਨੇ ਦੱਸਿਆ ਕਿ ਇਸ ਯੋਗ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਮਾਪਿਆਂ ਅਤੇ ਸਮਾਜ ਦੇ ਲੋਕਾਂ ਨੂੰ ਯੋਗ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਸ ਦੌਰਾਨ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜੋ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਨੂੰ ਵੀ ਵਧਾਉਂਦੀਆਂ ਹਨ। ਇਹ ਯੋਗ ਸੈਸ਼ਨ ਡਾ. ਚੰਦਰ ਸ਼ੇਖਰ (ਪ੍ਰਧਾਨ, ਪੰਜਾਬ ਆਰੋਗਿਆ ਭਾਰਤੀ), ਸ਼੍ਰੀ ਵਾਸੂ ਸ਼ਰਮਾ (ਸਟੇਟ ਮੈਂਬਰ, ਆਰੋਗਿਆ ਭਾਰਤੀ) ਅਤੇ ਸ਼੍ਰੀਮਤੀ ਸੀਮਾ ਸ਼ਰਮਾ (ਪ੍ਰਧਾਨ, ਆਰੋਗਿਆ ਭਾਰਤੀ ਮਹਿਲਾ ਵਿੰਗ, ਜ਼ਿਲ੍ਹਾ ਫਰੀਦਕੋਟ) ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਯੋਗ ਦੇ ਮਹੱਤਵ ਅਤੇ ਸਿਹਤ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਚੇਅਰਪਰਸਨ ਰੱਖਸ਼ੰਦਾ ਸ਼ਰਮਾ ਨੇ ਕਿਹਾ ਕਿ ਯੋਗ ਸਿਰਫ਼ ਇੱਕ ਕਸਰਤ ਨਹੀਂ, ਸਗੋਂ ਸਿਹਤਮੰਦ ਅਤੇ ਸੰਤੁਲਿਤ ਜੀਵਨ ਜੀਊਣ ਦੀ ਕਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਯੋਗ ਸੈਸ਼ਨ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਅੰਤ ਵਿੱਚ ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਇਹ ਯੋਗ ਸੈਸ਼ਨ ਸਾਰਿਆਂ ਲਈ ਨਵੀਂ ਊਰਜਾ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਾਲਾ ਅਨੁਭਵ ਸਾਬਤ ਹੋਵੇਗਾ।

