ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਦੇ ਬਾਨੀ, ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਕੈਨੇਡਾ ਵਾਸੀ ਡਾ. ਦਲਬੀਰ ਸਿੰਘ ਕਥੂਰੀਆ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਪ੍ਰੀਤਮ ਕੌਰ (ਸੁਪਤਨੀ ਸ. ਸੁਬੇਗ ਸਿੰਘ) ਕੱਲ੍ਹ ਸੰਖੇਪ ਬੀਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਹਨ।
ਆਪਣੇ ਜੀਵਨ ਸਾਥੀ ਸਮੇਤ ਜੱਦੀ ਘਰ ਜੰਡਿਆਲਾ ਗੁਰੂ(ਅੰਮ੍ਰਿਤਸਰ) ਸੱਤ ਮਹੀਨੇ ਰਹਿ ਕੇ ਜੂਨ ਦੇ ਪਹਿਲੇ ਹਫ਼ਤੇ ਹੀ ਆਪਣੇ ਸਪੁੱਤਰ ਡਾ. ਕਥੂਰੀਆ ਨਾਲ ਕੈਨੇਡਾ ਪਰਕੇ ਸਨ। ਵੀਰ
ਦਲਬੀਰ ਸਿੰਘ ਦੇ ਦੱਸਣ ਮੁਤਾਬਕ ਜਹਾਜ਼ ਵਿੱਚ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ ਜਿਸ ਕਾਰਨ ਸਿੱਧਾ ਹਸਪਤਾਲ ਦਾਖਲ ਹੋਣਾ ਪਿਆ। ਹਸਪਤਾਲ ਵਿੱਚੋਂ ਹੀ ਪਿੱਛੇ ਭਰਿਆ ਪਰਿਵਾਰ ਛੱਡ ਕੇ ਚਲੇ ਗਏ ਹਨ।
ਮਾਤਾ ਜੀ ਉਮਰ ਭਰ ਭਜਨ ਬੰਦਗੀ ਵਿੱਚ ਲੀਨ ਕਿਰਤ ਵਿਰਤ ਦੇ ਵਿਸ਼ਵਾਸੀ ਸਨ। ਆਪਣੇ ਪਰਿਵਾਰ ਨੂੰ ਸਦਾ ਈਮਾਨ ਦਾ ਪੱਲਾ ਫੜਨ ਦੀ ਪ੍ਰੇਰਨਾ ਦਿੰਦੇ ਸਨ।
ਮੈਂ ਕਦੇ ਲਿਖਿਆ ਸੀ ਕਿ
“ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।
ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਆਪਾ ਧਰ ਜਾਂਦੀ ਹੈ। “
ਮੈਂ ਆਪਣੇ ਪਰਿਵਾਰ ਵੱਲੋਂ ਬਾਪੂ ਜੀ ਸ. ਸੁਬੇਗ ਸਿੰਘ ਤੇ ਸਾਰੇ ਕਥੂਰੀਆ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਾਂ।
ਗੁਰਭਜਨ ਗਿੱਲ ਤੇ ਪਰਿਵਾਰ

