ਸਮਕਾਲ ਵਿੱਚ ਰਚੀ ਜਾ ਰਹੀ ਪੰਜਾਬੀ ਕਵਿਤਾ ਦਾ ਮੁਹਾਂਦਰਾ ਬਹੁ-ਦਿਸ਼ਾਵੀ ਅਤੇ ਬਹੁ-ਪਸਾਰੀ ਹੈ। ਇਸ ਵੇਲੇ ਕਵਿਤਾ ਦੇ ਵਿਸ਼ਾਲ ਕੈਨਵਸ ਉਤੇ ਕਿਸੇ ਇੱਕ ਵਾਦ ਦੀ ਪ੍ਰਤੀਨਿਧਤਾ ਨਹੀਂ ਕੀਤੀ ਜਾ ਸਕਦੀ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਕਿ ਇਸ ਦੌਰ ਦੀ ਕਵਿਤਾ ਦੇ ਵਿੱਚ ਹਰ ਇੱਕ ਵਾਦ ਹੀ ਆਪਣੇ ਆਂਸ਼ਿਕ ਰੂਪ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੌਜੂਦ ਹੈ। ਨੌਜਵਾਨ ਸ਼ਾਇਰ ਜਸਵੰਤ ਗਿੱਲ ਦੀ ਨਵੀਂ ਆਈ ਪੁਸਤਕ “ਜ਼ਿੰਦਗੀ ਦੇ ਪਰਛਾਵੇਂ” ਇਸ ਪ੍ਰਸੰਗ ਵਿੱਚ ਇੱਕ ਵੱਖਰੇ ਨਜ਼ਰੀਏ ਤੋਂ ਦੇਖੀ ਜਾ ਸਕਦੀ ਹੈ। ਇਸ ਕਵਿਤਾ ਦਾ ਮੁਹਾਂਦਰਾ ਜੁਝਾਰਵਾਦੀ ਕਵਿਤਾ ਦੇ ਨਾਲ ਮੇਲ ਖਾਂਦਾ ਹੈ ਅਤੇ ਇਹ ਕਵਿਤਾ ਆਧੁਨਿਕ ਮਸਲਿਆਂ, ਸੰਕਟਾਂ ਦੇ ਨਾਲ ਮਾਰਕਸਵਾਦੀ ਨਜ਼ਰੀਏ ਤੋਂ ਦਸਤਪੰਜਾ ਲੈਂਦੀ ਨਜ਼ਰ ਆਉਂਦੀ ਹੈ। ਆਪਣੀ ਪਹਿਲੀ ਹੀ ਕਵਿਤਾ ਦੇ ਵਿੱਚ ਜਸਵੰਤ ਗਿੱਲ ਆਪਣੀ ਕਵਿਤਾ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਬਹੁਤ ਹੀ ਸਪਸ਼ਟ ਰੂਪ ਵਿੱਚ ਉਜਾਗਰ ਕਰ ਦਿੰਦਾ ਹੈ, ਜਦੋਂ ਉਹ ਆਖਦਾ ਹੈ ਕਿ
ਜੇ ਤੁਸੀਂ ਕਵਿਤਾ ਨੂੰ
ਸਿਰਫ਼ ਸਵਾਦ ਲਈ
ਪੜ੍ਹਦੇ ਹੋ
ਤਾਂ ਮੇਰੀ ਕਵਿਤਾ
ਤੁਹਾਡੇ ਸਵਾਦ ਨੂੰ
ਕਿਰਕਿਰਾ ਕਰ ਸਕਦੀ ਐ
ਤੁਸੀਂ ਇਸ ਤੋਂ ਦੂਰ ਹੀ ਰਹੋ
ਇਹਨਾਂ ਸਤਰਾਂ ਦੇ ਨਾਲ ਜਾਂ ਇਸ ਕਵਿਤਾ ਦੇ ਨਾਲ ਸ਼ੁਰੂ ਹੋਈ ਜਸਵੰਤ ਦੀ ਕਵਿਤਾ ਇਸ ਪੁਸਤਕ ਦੇ ਅੰਤ ਤੱਕ ਆਪਣਾ ਇਹ ਅਹਿਦ ਨਿਭਾਉਂਦੀ ਹੈ। ਉਸ ਨੂੰ ਆਪਣੀ ਸ਼ਾਇਰੀ ਵਿੱਚ ਅਤੇ ਆਪਣੀ ਕਵਿਤਾ ਦੇ ਵਿੱਚ ਪੂਰਾ ਯਕੀਨ ਹੈ ਕਿ ਉਸਦੀ ਕਵਿਤਾ ਭਾਵੇਂ ਕਿਸੇ ਮਸਲੇ ਦਾ ਹੱਲ ਨਹੀਂ ਕਰ ਸਕਦੀ ਪਰ ਕਵਿਤਾ ਕਿਸੇ ਮਸਲੇ ਨੂੰ ਦੁਨੀਆਂ ਦਾ ਮਸਲਾ ਬਣਾਉਣ ਦੇ ਸਮਰੱਥ ਹੈ। ਕਵਿਤਾ ਉਸ ਲਈ ਜ਼ਿੰਦਗੀ ਦਾ ਬਦਲ ਬਣ ਜਾਂਦੀ ਹੈ। ਨਵੀਂ ਪੰਜਾਬੀ ਸ਼ਾਇਰੀ ਦੀ ਨੌਜਵਾਨ ਕਵਿਤਾ ਦੇ ਵਾਂਗ ਉਸ ਦੀ ਕਵਿਤਾ ਮੁਹੱਬਤ ਦੇ ਚੁਲਬੁਲੇ ਅਹਿਸਾਸਾਂ ਦੀ ਕਵਿਤਾ ਨਹੀਂ, ਨਾ ਹੀ ਇਹ ਕਿਸੇ ਰੋਮਾਂਸਵਾਦ ਜਾਂ ਕਿਸੇ ਕਾਲਪਨਿਕ ਜਗਤ ਵਿੱਚ ਸ਼ਬਦਾਂ ਨੂੰ ਬਚਾਉਣ ਵਾਲੀ ਕਵਿਤਾ ਹੈ। ਇਹ ਕਵਿਤਾ ਇੱਕ ਮਿਹਨਤਕਸ਼ ਬੰਦੇ ਦੇ ਦਰਦ ਦੀ ਬਾਤ ਪਾਉਂਦੀ ਹੈ
ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ
ਤੂੰ ਹੀ ਦੱਸ
ਮਿਹਨਤ ਦੇ ਲੁੱਟੇ
ਅਸਮਾਨ ਨੂੰ ਤੋਪੇ ਕਿੰਜ ਲਾਵਾਂ
ਨੀਲੇ ਬੱਦਲਾਂ ਨੂੰ
ਰੱਬ ਕਹਿ ਕਿੰਝ ਬੁਲਾਵਾਂ…
ਤੂੰ ਹੀ ਦੱਸ
ਮੁਹੱਬਤ ਦਾ ਗਰਭਪਾਤ ਕਰ ਕੇ
ਪੱਥਰ ਹੋ ਕਿੰਝ ਜੀਵਾਂ
ਮਹਿਬੂਬ ਦੇ ਸਾਹਾਂ ਚੋਂ
ਨਫ਼ਰਤ ਦਾ ਜ਼ਹਿਰ ਕਿੰਝ ਪੀਵਾਂ…
ਇਸ ਤਰ੍ਹਾਂ ਉਹ ਸਮਾਜ ਵਿਚਲੇ ਆਰਥਿਕ ਪਾੜੇ ਅਤੇ ਕਾਣੀ ਵੰਡ ਨੂੰ ਆਪਣੀ ਕਵਿਤਾ ਰਾਹੀਂ ਚਿੱਤਰਦਾ ਪ੍ਰਤੀਤ ਹੁੰਦਾ ਹੈ। ਅਜੋਕੇ ਦੌਰ ਦੇ ਵਿੱਚ ਧਰਮ ਦੇ ਨਾਂ ਤੇ ਪਖੰਡਵਾਦੀ ਰੁਚੀਆਂ ਨੂੰ ਦੇਖ ਕੇ ਉਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਵਾਪਸ ਮੁੜਨਾ ਲੋਚਦਾ ਹੈ ਤਾਂ ਕਿ ਹੁਣ ਉਹ ਜੋਗੀਆਂ ਦੇ ਟਿੱਲੇ ਤੋਂ ਮੱਕੇ ਤੋਂ ਸੱਜਣ ਠੱਗ ਦੇ ਡੇਰੇ ਤੋਂ ਵਾਪਸ ਮੁੜਨ ਅਤੇ ਵਾਪਸ ਮੁੜ ਕੇ ਕਾਜ਼ੀ ਮੁੱਲਾਂ ਨਾਥਾਂ ਜੋਗੀਆਂ ਨੂੰ ਸਿੱਧੇ ਰਾਹ ਪਾਉਣ ਦੀ ਬਜਾਏ ਆਪਣੇ ਹੀ ਪੰਥ ਦੇ ਭਾਈਆਂ ਪਾਠੀਆਂ ਪ੍ਰਚਾਰਕਾਂ ਅਤੇ ਕੀਰਤਨੀਆਂ ਨੂੰ ਅਸਲ ਸੱਚ ਦਾ ਮਾਰਗ ਦਿਖਾਉਣ। ਇਸੇ ਤਰ੍ਹਾਂ ਉਹ ਗੁਰੂ ਗੋਬਿੰਦ ਸਿੰਘ ਨੂੰ ਲੋਚਦਾ ਹੈ ਕਿ ਉਹ ਦੱਖਣ ਵੱਲੋਂ ਨੰਦੇੜ ਦੀ ਧਰਤੀ ਤੋਂ ਮੁੜ ਆਉਣ ਕਿਉਂਕਿ ਅਨੰਦਪੁਰ ਉਸ ਨੂੰ ਆਵਾਜ਼ਾਂ ਮਾਰਦਾ ਪ੍ਰਤੀਤ ਹੁੰਦਾ ਹੈ। ਜਾਤ ਪਾਤ ਦੀ ਚੱਕੀ ‘ਚ ਪਿਸਦੇ ਲੋਕ ਕੁਰਲਾ ਰਹੇ ਹਨ ਜਿਨ੍ਹਾਂ ਨੂੰ ਖਤਰਾ ਪਹਾੜੀ ਰਾਜਿਆਂ ਤੋਂ ਨਹੀਂ ਤੇ ਨਾ ਹੀ ਔਰੰਗਜ਼ੇਬ ਤੋਂ ਹੈ ਬਲਕਿ ਹੁਣ ਤਾਂ ਉਹਨਾਂ ਤੋਂ ਖਤਰਾ ਹੈ ਜਿਹੜੇ ਗੁਰੂ ਘਰਾਂ ਵਿੱਚ ਕਾਬਜ਼ ਨੇ। ਉਹ ਜੈਮਲ ਪੱਡਾ ਅਤੇ ਪਾਸ਼ ਨੂੰ ਆਪਣਾ ਆਦਰਸ਼ ਬਣਾਉਂਦਾ ਹੈ। ਆਪਣੀ ਕਵਿਤਾ ਡਰੇ ਹੋਏ ਵਿੱਚ ਉਹ ਲਿਖਦਾ ਹੈ
ਉਹ ਗ਼ੁੱਸੇ ਵਿੱਚ ਕਹਿੰਦੇ ਨੇ
ਸਾਡੇ ਹੁਕਮਰਾਨ
ਇਹੀ ਤਾਂ ਨਹੀਂ ਚਾਹੁੰਦੇ
ਕਿ ਤੂੰ ਉਹਨਾਂ ਦੇ ਉਲਟ ਲਿਖੇਂ,
ਲੋਕਾਂ ਨੂੰ ਜਾਗਰੂਕ ਕਰੇਂ
ਤੇਰੀ ਸਮਝੋਂ ਬਾਹਰ ਹੈ
ਧਰਮ ਦੇ ਨਾਂ ਹੇਠ
ਸਿਆਸਤ ਵੱਲੋਂ ਖੇਡਿਆ ਜਾਂਦਾ ਪੱਤਾ…
ਜਸਵੰਤ ਦੀ ਕਵਿਤਾ ਥਾਂ-ਥਾਂ ਤੇ ਵਿਦਰੋਹ ਸਿਰਜਦੀ ਹੈ ਉਹ ਸਮਾਜੀ ਸਥਿਤੀਆਂ ਦੇ ਨਾਲ ਕਿਸੇ ਸਮਝੌਤੇ ਵਿੱਚ ਨਹੀਂ ਪੈਂਦਾ ਸਗੋਂ ਉਹ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਚੈਲੇੰਜ ਕਰਦਾ ਹੈ
ਤੁਸੀਂ ਸੋਚਣਾ ਵੀ ਨਾ
ਕਿ ਮੈਂ ਤੁਹਾਡੀ
ਫ਼ਿਰਕੂ ਹਕੂਮਤ ਅੱਗੇ ਗੋਡੇ ਟੇਕਾਂਗਾ
ਅਤੇ ਰਾਜਧਾਨੀ ‘ਚ ਪਈ
ਖ਼ੂਨੀ ਕੁਰਸੀ ਅੱਗੇ ਸੀਸ ਝੁਕਾਵਾਂਗਾ
ਵੋਟਾਂ ਤੋਂ ਜਾਏ ਬਾਦਸ਼ਾਹਾਂ ਦੀ
ਜੀ ਹਜੂਰੀ ਕਰਾਂਗਾ…
ਜੁਝਾਰਵਾਦੀ ਕਵਿਤਾ ਵਾਂਗ ਇਸ ਕਵਿਤਾ ਦੀ ਭਾਸ਼ਾ ਵੀ ਰੈਟ੍ਰਿਕ ਦੀ ਭਾਸ਼ਾ ਹੈ। ਇਹ ਭਾਸ਼ਾ ਬਹੁਤ ਕੋਮਲ ਜਾਂ ਮਲੰਮੇਦਾਰ ਭਾਸ਼ਾ ਨਹੀਂ ਸਗੋਂ ਇਹ ਅੱਖੜ ਅਤੇ ਇੱਕ ਵਿਦਰੋਹੀ ਬੰਦੇ ਦੇ ਰੋਹ ਦੀ ਕਵਿਤਾ ਵਿੱਚ ਤਬਦੀਲ ਹੋ ਕੇ ਤਿੱਖੀ ਧੁਨੀ ਸਿਰਜਦੀ ਹੈ
ਮੈਂ ਥੁੱਕਦਾ ਹਾਂ
ਤੁਹਾਡੇ ਤਾਜ ਦੇ ਉੱਤੇ
ਜਿਸ ਦੇ ਹੰਕਾਰ ‘ਚ
ਤੁਸੀਂ ਅੰਨ੍ਹੇ ਬੋਲ਼ੇ ਹੋ ਗਏ…
ਹੁਣ ਤੁਸੀਂ ਭਾਵੇਂ ਨਾ ਸੁਣੋ
ਸੱਤਾ ਹੇਠ ਦੱਬੀ ਜਨਤਾ ਦੀਆਂ ਚੀਕਾਂ
ਜਦੋਂ ਰਾਜਧਾਨੀ ‘ਚੋਂ ਬਾਹਰ ਨਿਕਲੋਗੇ
ਤਾਂ ਹਵਾ ਦਾ ਰ਼ੁਖ
ਬਦਲਿਆ ਹੋਇਆ ਪਾਓਗੇ।
ਉਹ ਮਹਿਸੂਸ ਕਰਦਾ ਹੈ ਕਿ ਹੌਲੀ-ਹੌਲੀ ਵਕਤ ਬਦਲੇਗਾ ਤੇ ਇੱਕ ਨਵੇਂ ਯੁੱਗ ਦਾ ਆਗਾਜ਼ ਹੋਵੇਗਾ ਜਿੱਥੇ ਅਨਿਆਂ ਅਤੇ ਨਾਬਰਾਬਰੀ ਦਾ ਕੋਈ ਸਥਾਨ ਨਹੀਂ ਹੋਵੇਗਾ।
ਜਸਵੰਤ ਗਿੱਲ ਦੀ ਇਸ ਕਾਵਿ-ਪੁਸਤਕ ਦੀ ਸਮੁੱਚੀ ਕਵਿਤਾ ਕਿਸੇ ਨਾ ਕਿਸੇ ਮੁੱਦੇ, ਮਸਲੇ ਜਾਂ ਸੰਕਟ ਦੀ ਗੱਲ ਕਰਦੀ ਹੈ। ਉਹ ਕਿਤੇ ਵੀ ਸ਼ਬਦਾਂ ਦੀ ਚੋਂਚਲੇਬਾਜ਼ੀ ਵਿੱਚ ਨਹੀਂ ਪੈਂਦਾ ਸਗੋਂ ਬਹੁਤ ਹੀ ਸਿੱਧੇ ਢੰਗ ਨਾਲ ਆਪਣੀ ਗੱਲ ਆਖਦਾ ਹੈ ਤੇ ਵਿਸ਼ੇਸ਼ ਗੱਲ ਇਹ ਕਿ ਅਜਿਹੀ ਕਵਿਤਾ ਸਿਰਜਦਾ ਵੀ ਉਹ ਕਵਿਤਾ ਵਿਚਲੀ ਕਾਵਿਕਤਾ ਨੂੰ ਖੰਡਿਤ ਨਹੀਂ ਹੋਣ ਦਿੰਦਾ। ਉਸਦੇ ਬਿੰਬ ਅਲੰਕਾਰ ਵੀ ਸਾਡੇ ਆਲੇ ਦੁਆਲੇ ਦੇ ਵਿੱਚੋਂ ਲਏ ਗਏ ਹਨ। ਉਹ ਕੰਮ ਕਰਨ ਵਾਲੇ ਮਜ਼ਦੂਰ ਨੂੰ ਰਾਮ ਭਗਵਾਨ ਅਤੇ ਈਸ਼ਵਰ ਦਾ ਦਰਜਾ ਦਿੰਦਾ ਹੈ ਅਤੇ ਇਹ ਦੱਸਦਾ ਹੈ ਕਿ ਅਜੇ ਵੀ ਸਾਡੇ ਸਮਾਜ ਵਿੱਚ ਰਾਮ ਭਗਵਾਨ ਤੇ ਈਸ਼ਵਰ ਨੂੰ ਜਾਤਾਂ ਪਾਤਾਂ ਅਤੇ ਨਸਲਾਂ ਵਿੱਚ ਵੰਡ ਕੇ ਹੀ ਵੇਖਿਆ ਜਾਂਦਾ ਹੈ। ਉਸ ਨੂੰ ਮਨੁੱਖ ਹੋਣ ਦਾ ਗੌਰਵ ਪ੍ਰਾਪਤ ਨਹੀਂ। ਹੇਠਲੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ
ਮੇਰੇ ਪਿੰਡ ਦੇ
ਰਾਮ, ਭਗਵਾਨ ਤੇ ਈਸ਼ਵਰ
ਜਦ ਵੀ ਕਿਸੇ ਦੇ ਘਰ
ਦਿਹਾੜੀ ਜਾਂਦੇ
ਤਾਂ ਮਾਲਕ ਉਹਨਾਂ ਨੂੰ
ਮਜ਼ਦੂਰ ਸਮਝ ਰੱਤੀ ਭਰ ਵੀ
ਇੱਜ਼ਤ ਨਾ ਦਿੰਦੇ
ਉਹ ਗ਼ੁੱਸਾ ਨਾ ਕਰਦੇ
ਬਸ ਆਪਣਾ ਕੰਮ ਕਰਦੇ
ਲਗਨ ਨਾਲ਼
ਮਿਹਨਤ ਨਾਲ਼
ਇਸ ਤਰ੍ਹਾਂ ਉਹ ਕਿਰਤੀ ਮਜ਼ਦੂਰ ਦੇ ਗੌਰਵ ਨੂੰ ਇੱਕ ਵਾਰੀ ਫੇਰ ਆਪਣੀ ਕਵਿਤਾ ਦੇ ਵਿੱਚ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਐਲਾਨ ਕਵਿਤਾ ਦੇ ਵਿੱਚ ਉਹ ਮਣੀਪੁਰ ਦੀ ਧਰਤੀ ਤੇ ਵਾਪਰੇ ਦੁਖਾਂਤ ਨੂੰ ਦੇਸ਼ ਦੇ ਮੂੰਹ ਦੇ ਉੱਤੇ ਇੱਕ ਕਲੰਕ ਆਖਦਾ ਹੈ ਤੇ ਐਲਾਨ ਕਰਦਾ ਹੈ ਕਿ ਅੱਜ ਤੋਂ ਬਾਅਦ ਮੈਂ ਭਾਰਤ ਨੂੰ ਭਾਰਤ ਮਾਤਾ ਨਹੀਂ ਆਖਾਂਗਾ। ਉਸ ਦੇ ਸੁਪਨਿਆਂ ਵਿੱਚ ਕਾਮਰੇਡ ਕੁੜੀ ਆਉਂਦੀ ਹੈ ਜਿਹੜੀ ਹੱਥ ‘ਚ ਝੰਡਾ ਤੇ ਹੋਠਾਂ ਤੇ ਇਨਕਲਾਬ ਦਾ ਨਾਅਰਾ ਲਾ ਕੇ ਅਜੇ ਵੀ ਇਕ ਚੰਗੇਰੇ ਸਮਾਜ ਲਈ ਸੰਘਰਸ਼ੀਲ ਹੈ। ਮਹਿਬੂਬ ਕੁੜੀ ਦੇ ਵਾਲਾਂ ਵਿੱਚੋਂ ਕਵੀ ਨੂੰ ਭਾਵੇਂ ਮਹਿਕ ਜਾਂ ਇਤਰ ਦੀ ਖੁਸ਼ਬੂ ਆਉਂਦੀ ਹੈ ਪਰ ਫਿਰ ਵੀ ਕਵੀ ਆਖਦਾ ਹੈ ਕਿ ਮੈਨੂੰ ਇਸ ਮਹਿਕ ਨਾਲੋਂ ਉਹ ਮਹਿਕ ਪਸੰਦ ਹੈ ਜਿਹੜੀ ਮਜ਼ਦੂਰ ਦੇ ਮੁੜ੍ਹਕੇ ਦੇ ਵਿੱਚੋਂ ਆਉਂਦੀ ਹੈ।
ਸੰਤ ਰਾਮ ਉਦਾਸੀ ਤੋਂ ਬਹੁਤ ਲੰਬੇ ਸਮੇਂ ਬਾਅਦ ਪੰਜਾਬੀ ਕਵਿਤਾ ਦੇ ਵਿੱਚ ਕਿਰਤੀ ਮਜ਼ਦੂਰ ਦੇ ਇਸ ਗੌਰਵ ਨੂੰ ਬਹੁਤ ਹੀ ਸ਼ਿੱਦਤ ਨਾਲ ਰੇਖਾਂਕਿਤ ਕੀਤਾ ਗਿਆ ਹੈ।
ਸਮੁੱਚੇ ਰੂਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਜਸਵੰਤ ਗਿੱਲ ਪੰਜਾਬੀ ਸ਼ਾਇਰੀ ਦੇ ਵਿੱਚ ਇੱਕ ਅਜਿਹੀ ਨਿਵੇਕਲੀ ਸੁਰ ਲੈ ਕੇ ਹਾਜ਼ਰ ਹੁੰਦਾ ਹੈ ਜਿਸ ਦੀ ਧੁਨੀ ਬੜੇ ਚਿਰ ਤੋਂ ਪੰਜਾਬੀ ਕਵਿਤਾ ਵਿੱਚੋਂ ਅਲੋਪ ਹੋ ਰਹੀ ਸੀ। ਉਹ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਬਹੁਤ ਹੀ ਸਿੱਧੀ ਸਾਧੀ ਅਤੇ ਬਹੁਤ ਹੀ ਚੈਲੇੰਜ ਭਰਪੂਰ ਭਾਸ਼ਾ ਰਾਹੀਂ ਆਪਣੀ ਕਵਿਤਾ ਦੇ ਵਿੱਚ ਬਿਆਨ ਕਰਦਾ ਹੈ। ਰਾਜਨੀਤਿਕ ਪੱਧਰ ਤੇ ਹੁੰਦਾ ਭ੍ਰਿਸ਼ਟਾਚਾਰ, ਸਮਾਜ ਵਿਚਲਾ ਅਨਿਆਂ, ਲੁੱਟ-ਖਸੁੱਟ, ਮਜ਼ਦੂਰ ਅਤੇ ਕਿਰਤੀ ਦੀ ਹੁੰਦੀ ਬੇਹੁਰਮਤੀ ਉਸ ਦੀਆਂ ਇਹਨਾਂ ਕਵਿਤਾਵਾਂ ਦੇ ਮੂਲ ਵਸਤੂ ਵਜੋਂ ਪੇਸ਼ ਹੁੰਦੀ ਹੈ। ਨਵੀਂ ਪੰਜਾਬੀ ਸ਼ਾਇਰੀ ਵਿੱਚ ਇਸ ਵਿਲੱਖਣ ਭਾਂਤ ਦੀ ਕਵਿਤਾ ਦਾ ਸਵਾਗਤ ਕਰਨਾ ਬਣਦਾ ਹੈ। ਮੈਨੂੰ ਉਮੀਦ ਹੈ ਕਿ ਕਦੇ ਨਾ ਕਦੇ ਅਜਿਹੀ ਕਵਿਤਾ ਦੇ ਸੁਪਨੇ ਵਰਗਾ ਸਮਾਜ ਜ਼ਰੂਰ ਸਿਰਜਿਆ ਜਾਵੇਗਾ ਜਿੱਥੇ ਨਾਬਰਾਬਰੀ, ਲੁੱਟ-ਖਸੁੱਟ ਅਤੇ ਅਨਿਆਂ ਦੀ ਕੋਈ ਵੀ ਥਾਂ ਨਹੀਂ ਹੋਵੇਗੀ।
-ਡਾ. ਅਮਰਜੀਤ ਕੌਂਕੇ,
ਸੰਪਾਦਕ
‘ਪ੍ਰਤਿਮਾਨ”
+91 98142 31698

